ਬਲਬੀਰ ਸਿੱਧੂ ਵੱਲੋਂ ਅੰਤਰਰਾਸ਼ਟਰੀ ਯੋਗਾ ਦਿਵਸ ਮੌਕੇ 166 ਉਪ-ਵੈਦਾਂ ਨੂੰ ਨਿਯੁਕਤੀ ਪੱਤਰ ਜਾਰੀ
ਚੰਡੀਗੜ੍ਹ, 21 ਜੂਨ:ਪੰਜਾਬ ਸਰਕਾਰ ਵੱਲੋਂ ਅੱਜ ‘ਅੰਤਰਰਾਸ਼ਟਰੀ ਯੋਗਾ ਦਿਵਸ ਮੌਕੇ ਡਾਇਰੈਕਟੋਰੇਟ ਆਫ਼ ਆਯੁਰਵੈਦ ਵਿਚ ਰੈਗੂਲਰ ਆਧਾਰ ‘ਤੇ 166 ਉਪ-ਵੈਦ ਭਰਤੀ ਕੀਤੇ ਗਏ।
ਨਵ-ਨਿਯੁਕਤ ਉਪ-ਵੈਦਾਂ ਨੂੰ ਨਿਯੁਕਤੀ ਪੱਤਰ ਜਾਰੀ ਕਰਦਿਆਂ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਨਵ-ਨਿਯੁਕਤ ਸਟਾਫ ਨੂੰ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਆਪਣੇ ਫਰਜ਼ਾਂ ਨੂੰ ਨਿਭਾਉਣ ਅਤੇ ਲੋਕਾਂ ਨੂੰ ਆਯੁਰਵੈਦ ਸਬੰਧੀ ਬਿਹਤਰ ਸਿਹਤ ਸੇਵਾਵਾਂ ਪ੍ਰਦਾਨ ਕਰਨ ਦੇ ਨਾਲ ਨਾਲ ਉਨ੍ਹਾਂ ਨੂੰ ਆਯੁਰਵੈਦ ਦੇ ਇਲਾਜ਼ ਬਾਰੇ ਜਾਗਰੂਕ ਕਰਨ ਲਈ ਆਪਣਾ ਪੂਰਾ ਸਹਿਯੋਗ ਦੇਣ ਦੀ ਅਪੀਲ ਕੀਤੀ।
ਸ. ਸਿੱਧੂ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼ੁਰੂ ਕੀਤੀ ਗਈ ਘਰ-ਘਰ ਰੋਜ਼ਗਾਰ ਯੋਜਨਾ ਤਹਿਤ 4 ਸਾਲਾਂ ਦੌਰਾਨ ਸਿਹਤ ਵਿਭਾਗ ਵਿੱਚ 11,000 ਤੋਂ ਵੱਧ ਮੈਡੀਕਲ ਅਤੇ ਪੈਰਾ ਮੈਡੀਕਲ ਸਟਾਫ਼ ਦੀ ਭਰਤੀ ਕੀਤੀ ਹੈ।
ਸਿਹਤ ਮੰਤਰੀ ਨੇ ਅੱਗੇ ਕਿਹਾ ਕਿ ਉਪ-ਵੇਦਾਂ ਦੀ ਨਵੀਂ ਨਿਯੁਕਤੀ ਨਾਲ ਸੂਬੇ ਵਿਚ ਆਯੁਰਵੈਦਿਕ ਮੈਡੀਕਲ ਸੇਵਾਵਾਂ ਨੂੰ ਵੱਡਾ ਹੁਲਾਰਾ ਮਿਲੇਗਾ। ਇਸ ਮੌਕੇ ਸਿਹਤ ਮੰਤਰੀ ਦੇ ਓ.ਐਸ.ਡੀ. ਡਾ. ਬਲਵਿੰਦਰ ਸਿੰਘ, ਡਾਇਰੈਕਟਰ ਆਯੁਰਵੈਦ ਡਾ. ਪੂਨਮ ਵਸ਼ਿਸ਼ਟ, ਸਿਆਸੀ ਸਕੱਤਰ ਸ੍ਰੀ ਹਰਕੇਸ਼ ਚੰਦ ਸ਼ਰਮਾ ਅਤੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।