ਚੰਡੀਗੜ੍ਹ, 15 ਜੂਨ (ਵਿਸ਼ਵ ਵਾਰਤਾ) : ਅਮਰੀਕਾ ਅਤੇ ਆਇਰਲੈਂਡ ਵਿਚਾਲੇ ਫਲੋਰੀਡਾ ਵਿਚ ਖੇਡਿਆ ਜਾਣ ਵਾਲਾ ਮੈਚ ਮੀਂਹ ਕਾਰਨ ਰੱਦ ਹੋ ਗਿਆ। ਇਸ ਮੈਚ ਵਿੱਚ ਟਾਸ ਵੀ ਨਹੀਂ ਹੋ ਸਕਿਆ ਅਤੇ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਮੈਚ ਰੱਦ ਕਰਨ ਦਾ ਫੈਸਲਾ ਕੀਤਾ ਗਿਆ। ਅਮਰੀਕਾ ਅਤੇ ਆਇਰਲੈਂਡ ਵਿਚਾਲੇ ਮੈਚ ਰੱਦ ਹੋਣ ਤੋਂ ਬਾਅਦ ਪਾਕਿਸਤਾਨ ਟੀ-20 ਵਿਸ਼ਵ ਕੱਪ ਤੋਂ ਬਾਹਰ ਹੋ ਗਿਆ ਹੈ। ਪਾਕਿਸਤਾਨ ਨੂੰ ਸੁਪਰ-8 ਵਿਚ ਪਹੁੰਚਣ ਲਈ ਜ਼ਰੂਰੀ ਸੀ ਕਿ ਆਇਰਲੈਂਡ ਇਸ ਮੈਚ ਵਿਚ ਅਮਰੀਕਾ ਨੂੰ ਹਰਾਉਂਦਾ, ਪਰ ਅਜਿਹਾ ਨਹੀਂ ਹੋਇਆ ਅਤੇ ਬਾਬਰ ਆਜ਼ਮ ਐਂਡ ਕੰਪਨੀ ਨੂੰ ਬਾਹਰ ਕਰ ਦਿੱਤਾ ਗਿਆ। ਇਸ ਮੈਚ ਦੇ ਰੱਦ ਹੋਣ ਤੋਂ ਬਾਅਦ ਪਹਿਲੀ ਵਾਰ ਟੀ-20 ਵਿਸ਼ਵ ਕੱਪ ‘ਚ ਖੇਡ ਰਹੇ ਅਮਰੀਕਾ ਨੇ ਸੁਪਰ-8 ‘ਚ ਜਗ੍ਹਾ ਬਣਾ ਲਈ ਹੈ।
ਅਮਰੀਕਾ ਨੂੰ ਮੈਚ ਰੱਦ ਹੋਣ ਦਾ ਫਾਇਦਾ ਹੋਇਆ ਅਤੇ ਉਹ ਭਾਰਤ ਤੋਂ ਬਾਅਦ ਗਰੁੱਪ ਏ ਤੋਂ ਸੁਪਰ ਅੱਠ ਵਿਚ ਜਗ੍ਹਾ ਬਣਾਉਣ ਵਾਲੀ ਦੂਜੀ ਟੀਮ ਬਣ ਗਈ। ਅਮਰੀਕੀ ਟੀਮ ਪਹਿਲੀ ਵਾਰ ਇਸ ਟੂਰਨਾਮੈਂਟ ਵਿੱਚ ਖੇਡਣ ਆਈ ਅਤੇ ਇਤਿਹਾਸ ਰਚਿਆ। ਇਸ ਦੇ ਨਾਲ ਹੀ ਇਸ ਦਾ ਸਭ ਤੋਂ ਜ਼ਿਆਦਾ ਅਸਰ 2009 ਦੀ ਚੈਂਪੀਅਨ ਟੀਮ ਪਾਕਿਸਤਾਨ ‘ਤੇ ਪਿਆ, ਜਿਸ ਦਾ ਸਫਰ ਗਰੁੱਪ ਪੜਾਅ ‘ਚ ਹੀ ਰੁਕ ਗਿਆ।
ਭਾਰਤ ਨੇ ਲੀਗ ਪੜਾਅ ਦੇ ਆਪਣੇ ਸਾਰੇ ਪਹਿਲੇ ਤਿੰਨ ਮੈਚ ਜਿੱਤੇ ਸਨ। ਭਾਰਤ ਨੇ ਟੀ-20 ਵਿਸ਼ਵ ਕੱਪ ਮੁਹਿੰਮ ਦੀ ਸ਼ੁਰੂਆਤ ਆਇਰਲੈਂਡ ਖ਼ਿਲਾਫ਼ ਮੈਚ ਨਾਲ ਕੀਤੀ। ਇਸ ਤੋਂ ਬਾਅਦ ਰੋਹਿਤ ਐਂਡ ਕੰਪਨੀ ਨੇ ਪਾਕਿਸਤਾਨ ਅਤੇ ਫਿਰ ਅਮਰੀਕਾ ਨੂੰ ਹਰਾਇਆ। ਅਮਰੀਕਾ ਖਿਲਾਫ ਜਿੱਤ ਤੋਂ ਬਾਅਦ ਭਾਰਤੀ ਟੀਮ ਗਰੁੱਪ ਏ ਤੋਂ 6 ਅੰਕਾਂ ਨਾਲ ਸੁਪਰ-8 ‘ਚ ਪਹੁੰਚ ਗਈ ਹੈ। ਹੁਣ ਅਮਰੀਕਾ ਨੇ ਗਰੁੱਪ ਏ ਤੋਂ ਸੁਪਰ-8 ‘ਚ ਐਂਟਰੀ ਲੈ ਲਈ ਹੈ। ਅਮਰੀਕਾ ਦੇ ਸੁਪਰ-8 ‘ਚ ਪਹੁੰਚਣ ਦੇ ਨਾਲ ਹੀ ਪਾਕਿਸਤਾਨ, ਕੈਨੇਡਾ ਅਤੇ ਆਇਰਲੈਂਡ ਵੀ ਟੀ-20 ਵਿਸ਼ਵ ਕੱਪ ਦੇ ਗਰੁੱਪ ਏ ‘ਚੋਂ ਬਾਹਰ ਹੋ ਗਏ ਹਨ।