ਬਰਨਾਲਾ ‘ਚ ਬੇਅਦਬੀ ਦੀ ਘਟਨਾ, ਨੌਜਵਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਜ਼ਮੀਨ ‘ਤੇ ਰੱਖ ਕੇ ਆਪ ਪੰਘੂੜੇ ‘ਚ ਸੌਂ ਗਿਆ
ਬਰਨਾਲਾ, 7 ਮਾਰਚ (ਤਰਸੇਮ ਗੋਇਲ)-ਬਰਨਾਲਾ ਜ਼ਿਲ੍ਹੇ ਦੇ ਪਿੰਡ ਖੁੱਡੀ ਖੁਰਦ ਦੇ ਗੁਰਦੁਆਰਾ ਸਾਹਿਬ ’ਚ ਅਣਪਛਾਤੇ ਨੌਜਵਾਨ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੇ ਜਾਣ ਦੀ ਦੁਖਦਾਈ ਘਟਨਾ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਉਕਤ ਵਿਅਕਤੀ ਗੁਰਦੁਆਰਾ ਸਾਹਿਬ ਦੇ ਸੱਚਖੰਡ ਸਾਹਿਬ ਦੇ ਪੰਘੂੜਾ ਸਾਹਿਬ ’ਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੇਠਾਂ ਜ਼ਮੀਨ ‘ਤੇ ਰੱਖ ਕੇ ਖ਼ੁਦ ਪੰਘੂੜੇ ’ਚ ਸੌਂ ਗਿਆ।ਗੁਰਦੁਆਰਾ ਸਾਹਿਬ ’ਚ ਗ੍ਰੰਥੀ ਸਮੇਤ ਕੋਈ ਪ੍ਰਬੰਧਕ ਮੌਜੂਦ ਨਹੀਂ ਸੀ। ਗ੍ਰੰਥੀ ਦਾ ਲੜਕਾ ਪਿੰਡ ਟਿਊਸ਼ਨ ਪੜ੍ਹਨ ਲਈ ਗਿਆ ਹੋਇਆ ਸੀ। ਘਟਨਾ ਤੋ ਬਾਅਦ ਸ਼ਰਾਰਤੀ ਨੌਜਵਾਨ ਆਪਣਾ ਸਾਈਕਲ ਛੱਡ ਕੇ ਫ਼ਰਾਰ ਹੋ ਗਿਆ। ਜਦਕਿ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ’ਚ ਕੈਦ ਹੋ ਗਈ।
ਇਸ ਤੋਂ ਬਾਅਦ ਪ੍ਰਬੰਧਕਾਂ ਨੇ ਕਿਹਾ ਕਿ ਉਕਤ ਨੌਜਵਾਨ ਨਸ਼ੇੜੀ ਜਾਂ ਦਿਮਾਗੀ ਤੌਰ ‘ਤੇ ਪਰੇਸ਼ਾਨ ਲੱਗਦਾ ਸੀ, ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਟੇਕ ਸਿੰਘ ਧਨੌਲਾ ਤੇ ਹਲਕਾ ਇੰਚਾਰਜ ਐਡਵੋਕੇਟ ਸਤਨਾਮ ਸਿੰਘ ਰਾਹੀ ਨੇ ਕਿਹਾ ਕਿ ਸ਼ਰਾਰਤੀ ਅਨਸਰ ਜਾਣਬੁੱਝ ਕੇ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਹਨ। ਡੀਐੱਸਪੀ ਤਪਾ ਬਲਜੀਤ ਸਿੰਘ ਬਰਾੜ ਦੀ ਅਗਵਾਈ ’ਚ ਪੁੱਜੀ ਪੁਲਿਸ ਟੀਮ ਨੇ ਸੀਸੀਟੀਵੀ ਕੈਮਰੇ ਦੀ ਫੁਟੇਜ ਆਪਣੇ ਕਬਜ਼ੇ ’ਚ ਲਈ। ਉਨ੍ਹਾਂ ਦੱਸਿਆ ਕਿ ਸ਼ਰਾਰਤੀ ਨੌਜਵਾਨ ਦੀ ਪਛਾਣ ਕੀਤੀ ਜਾ ਰਹੀ ਹੈ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਮੁੱਖ ਪ੍ਰਬੰਧਕ ਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਇਕ ਅਣਪਛਾਤਾ ਨੌਜਵਾਨ ਗੁਰਦੁਆਰਾ ਸਾਹਿਬ ’ਚ ਦਾਖ਼ਲ ਹੋ ਗਿਆ ਤੇ ਅੰਦਰ ਸੱਚਖੰਡ ਸਾਹਿਬ ’ਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਨੌਜਵਾਨ ਕਰੀਬ 22 ਮਿੰਟ ਗੁਰੂਘਰ ’ਚ ਰਿਹਾ। ਇੱਥੇ ਹੀ ਬਸ ਨਹੀਂ, ਇਸ ਅਣਪਛਾਤੇ ਨੌਜਵਾਨ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਤੋਂ ਇਲਾਵਾ ਉਸ ਨੇ ਕਿਸੇ ਇਕ ਹੋਰ ਧਰਮ ਦੀ ਫੋਟੋ ਵੀ ਰੱਖ ਦਿੱਤੀ, ਪਰ ਸੰਤ ਬਾਬਾ ਟੇਕ ਸਿੰਘ ਧਨੌਲਾ ਤੇ ਐਡਵੋਕੇਟ ਸਤਨਾਮ ਸਿੰਘ ਰਾਹੀ ਨੇ ਇਸ ਘਟਨਾ ਨੂੰ ਜਾਣਬੁੱਝ ਕੇ ਕੀਤੀ ਕੋਝੀ ਸ਼ਰਾਰਤ ਦੱਸਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਖੇਤੀ ਕਾਨੂੰਨਾਂ ਨੂੰ ਲੈ ਕੇ ਵੱਡੇ ਪੱਧਰ ’ਤੇ ਕਿਸਾਨ ਅੰਦੋਲਨ ਚਲਾਏ ਜਾ ਰਹੇ ਹਨ, ਜਿਸ ਨੂੰ ਲੈ ਕੇ ਕੁਝ ਏਜੰਸੀਆਂ ਸਿੱਖ ਧਰਮ ਨੂੰ ਬਦਨਾਮ ਕਰਨ ’ਤੇ ਤੁਲੀਆਂ ਹਨ। ਉਨ੍ਹਾਂ ਕਿਹਾ ਕਿ ਗੁਰੂ ਘਰਾਂ ’ਚ ਪਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਸੁਰੱਖਿਅਤ ਹਨ। ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰਦੇ ਕਿਹਾ ਕਿ ਜਲਦ ਸੀਸੀਟੀਵੀ ਕੈਮਰੇ ਦੀ ਫੁਟੇਜ ਦੇ ਅਧਾਰ ’ਤੇ ਅਣਪਛਾਤੇ ਵਿਅਕਤੀ ਦੀ ਪਛਾਣ ਕਰ ਕੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਜੋ ਕੋਈ ਵੀ ਸ਼ਰਾਰਤੀ ਅਨਸਰ ਗੁਰੂ ਘਰਾਂ ਦੀ ਬੇਅਦਬੀ ਕਰਨ ਬਾਰੇ ਨਾ ਸੋਚੇ।