ਬਦਲੀਆਂ ਤੋਂ ਬਾਅਦ ਵੀ ਚਾਰਜ ਨਹੀਂ ਛੱਡ ਰਹੇ ਮਾਲ ਅਧਿਕਾਰੀ
ਪੰਜਾਬ ਸਰਕਾਰ ਨੇ ਲਿਆ ਨੋਟਿਸ;ਡਿਪਟੀ ਕਮਿਸ਼ਨਰਾਂ ਨੂੰ ਕਾਰਵਾਈ ਕਰਨ ਦੇ ਦਿੱਤੇ ਆਦੇਸ਼
ਚੰਡੀਗੜ੍ਹ,29 ਜੂਨ(ਵਿਸ਼ਵ ਵਾਰਤਾ)-ਪੰਜਾਬ ਦੇ ਮਾਲ ਵਿਭਾਗ ਵਿੱਚ ਕਈ ਅਧਿਕਾਰੀ ਤਬਾਦਲੇ ਤੋਂ ਬਾਅਦ ਵੀ ਕੁਰਸੀ ਛੱਡਣ ਨੂੰ ਤਿਆਰ ਨਹੀਂ ਹਨ। ਸਰਕਾਰ ਦੇ ਧਿਆਨ ਵਿੱਚ ਆਇਆ ਹੈ ਕਿ ਕਈ ਤਹਿਸੀਲਦਾਰ (ਸਬ ਰਜਿਸਟਰਾਰ) ਅਤੇ ਨਾਇਬ ਤਹਿਸੀਲਦਾਰ ਤਬਾਦਲੇ ਤੋਂ ਬਾਅਦ ਵੀ ਚਾਰਜ ਨਹੀਂ ਛੱਡ ਰਹੇ। ਜਿਸ ਕਾਰਨ ਲੋਕਾਂ ਨੂੰ ਰਜਿਸਟਰੀਆਂ ਕਰਵਾਉਣ ਅਤੇ ਹੋਰ ਕੰਮਾਂ ਵਿੱਚ ਕਈ ਤਰਾਂ ਦੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਪਤਾ ਲੱਗਦਿਆਂ ਹੀ ਸਰਕਾਰ ਹਰਕਤ ਵਿੱਚ ਆ ਗਈ ਹੈ ਅਤੇ ਸਰਕਾਰ ਨੇ ਸਾਰੇ ਡੀਸੀਆਂ ਨੂੰ ਇਸ ਸੰਬੰਧ ਵਿੱਚ ਕਾਰਵਾਈ ਕਰਨ ਲਈ ਕਿਹਾ ਹੈ। ਦੱਸ ਦਈਏ ਕਿ ਸਰਕਾਰ ਨੇ ਹਾਲ ਹੀ ਵਿੱਚ 206 ਤਹਿਸੀਲਦਾਰਾਂ ਅਤੇ ਨਾਇਬ ਤਹਿਸੀਲਦਾਰਾਂ ਦੇ ਤਬਾਦਲੇ ਕੀਤੇ ਸਨ। ਇਸ ਦੇ ਬਾਵਜੂਦ ਕਈ ਅਧਿਕਾਰੀਆਂ ਨੇ ਨਾ ਤਾਂ ਨਵੀਂ ਜਗ੍ਹਾ ਜੁਆਇਨ ਕੀਤੀ ਅਤੇ ਨਾ ਹੀ ਪੁਰਾਣੀ ਜਗ੍ਹਾ ਦਾ ਚਾਰਜ ਛੱਡਿਆ ਹੈ। ਜਿਸ ਦਾ ਨੋਟਿਸ ਲੈਂਦੇ ਹੋਏ ਸਰਕਾਰ ਨੇ ਡਿਪਟੀ ਕਮਿਸ਼ਨਰਾਂ ਨੂੰ ਕਿਹਾ ਹੈ ਕਿ ਉਹ ਅਜਿਹੇ ਅਧਿਕਾਰੀਆਂ ਨੂੰ ਚਾਰਜ ਛੱਡ ਕੇ ਨਵੀਂ ਥਾਂ ਜੁਆਇਨ ਕਰਨ ਲਈ ਕਹਿਣ। ਇਸ ਦੇ ਨਾਲ ਹੀ ਸਰਕਾਰ ਨੇ ਕਿਹਾ ਹੈ ਕਿ ਸਾਰੇ ਤਹਿਸੀਲਦਾਰਾਂ ਅਤੇ ਨਾਇਬ ਤਹਿਸੀਲਦਾਰਾਂ ਤੋਂ ਇਲਾਵਾ ਹਰ ਕਰਮਚਾਰੀ ਨੂੰ ਸਮੇਂ ਸਿਰ ਦਫ਼ਤਰ ਆਉਣਾ ਚਾਹੀਦਾ ਹੈ। ਜੇਕਰ ਕਿਸੇ ਕੰਮ ਲਈ ਬਾਹਰ ਜਾਣਾ ਹੋਵੇ ਤਾਂ ਮੂਵਮੈਂਟ ਰਜਿਸਟਰ ਵਿੱਚ ਦਰਜ ਕਰੋ, ਤਾਂ ਜੋ ਇਸ ਦੀ ਜਾਂਚ ਕੀਤੀ ਜਾ ਸਕੇ। ਇਸ ਤੋਂ ਇਲਾਵਾ ਉਨ੍ਹਾਂ ਨੂੰ ਬਿਨਾਂ ਇਜਾਜ਼ਤ ਲਏ ਸਟੇਸ਼ਨ ਯਾਨੀ ਤਾਇਨਾਤੀ ਵਾਲੇ ਜ਼ਿਲ੍ਹੇ ਤੋਂ ਬਾਹਰ ਨਾ ਜਾਣ ਲਈ ਕਿਹਾ ਗਿਆ ਹੈ।