ਬਦਮਾਸ਼ਾਂ ਨੇ ਅੰਮ੍ਰਿਤਸਰ ਦੇ ਪੰਜਾਬ ਨੈਸ਼ਨਲ ਬੈਂਕ ‘ਚ ਦਿਨ ਦਿਹਾੜੇ ਲੁੱਟੇ 22 ਲੱਖ
ਚੰਡੀਗੜ੍ਹ 16 ਫਰਵਰੀ(ਵਿਸ਼ਵ ਵਾਰਤਾ ਬਿਓਰੋ)- ਅੰਮ੍ਰਿਤਸਰ ਦੇ ਪੌਸ਼ ਇਲਾਕੇ ਵਿੱਚ ਪੰਜਾਬ ਨੈਸ਼ਨਲ ਬੈਂਕ ਦੇ ਅੰਦਰ ਲੁਟੇਰਿਆਂ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਚਿੱਟੇ ਰੰਗ ਦੀ ਐਕਟਿਵਾ ‘ਤੇ ਆਏ ਲੁਟੇਰੇ ਕੁਝ ਹੀ ਮਿੰਟਾਂ ‘ਚ 22 ਲੱਖ ਰੁਪਏ ਲੁੱਟ ਕੇ ਫ਼ਰਾਰ ਹੋ ਗਏ | ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ। ਪੁਲਿਸ ਨੇ ਸੀਸੀਟੀਵੀ ਕਬਜੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਘਟਨਾ ਅੰਮ੍ਰਿਤਸਰ ਦੇ ਰਾਣੀ ਕਾ ਬਾਗ ਸਥਿਤ ਪੰਜਾਬ ਨੈਸ਼ਨਲ ਬੈਂਕ ਦੀ ਹੈ। ਦੁਪਹਿਰ 12.09 ਵਜੇ ਦੋ ਲੁਟੇਰੇ ਐਕਟਿਵਾ ‘ਤੇ ਬੈਂਕ ਦੇ ਬਾਹਰ ਪਹੁੰਚੇ। ਪੁਲੀਸ ਅਨੁਸਾਰ ਬਾਹਰ ਇੱਕ ਲੁਟੇਰਾ ਖੜ੍ਹਾ ਸੀ। ਜਦੋਂ ਕਿ ਪੀਲੀ ਟੀ-ਸ਼ਰਟ ਅਤੇ ਕੈਪ ਪਹਿਨੇ ਇੱਕ ਨਕਾਬਪੋਸ਼ ਵਿਅਕਤੀ ਬੈਂਕ ਦੇ ਅੰਦਰ ਆਇਆ। ਉਸ ਦੇ ਹੱਥ ਵਿੱਚ ਪਿਸਤੌਲ ਸੀ। ਲੁਟੇਰੇ ਨੇ ਕੈਸ਼ੀਅਰ ਦੀ ਖਿੜਕੀ ਵਿੱਚੋਂ ਪਿਸਤੌਲ ਤਾਣ ਕੇ ਕੈਸ਼ੀਅਰ ਨੂੰ ਨਕਦੀ ਉਸ ਵਿੱਚ ਰੱਖਣ ਲਈ ਕਿਹਾ। ਕਰੀਬ 22 ਲੱਖ ਰੁਪਏ ਦੀ ਨਕਦੀ ਖਿੜਕੀ ‘ਤੇ ਰੱਖੀ ਹੋਈ ਸੀ। ਜਿਸ ਨੂੰ ਕੈਸ਼ੀਅਰ ਨੇ ਲਿਫਾਫੇ ਵਿੱਚ ਪਾ ਦਿੱਤਾ। ਲੁਟੇਰਾ ਲਿਫਾਫਾ ਲੈ ਕੇ ਬੈਂਕ ਤੋਂ ਬਾਹਰ ਚਲਾ ਗਿਆ। ਜਦੋਂ ਤੱਕ ਲੁਟੇਰਾ ਬੈਂਕ ਵਿੱਚ ਰਿਹਾ, ਉਹ ਪਿਸਤੌਲ ਹਵਾ ਵਿੱਚ ਲੋਕਾਂ ਵੱਲ ਮੋੜਦਾ ਰਿਹਾ।
ਪੁਲਿਸ ਦਾ ਕਹਿਣਾ ਹੈ ਕਿ ਜਿਸ ਐਕਟਿਵਾ ‘ਤੇ ਲੁਟੇਰੇ ਪੁੱਜੇ ਸਨ, ਉਸ ਦਾ ਰੰਗ ਚਿੱਟਾ ਸੀ। ਇੰਨਾ ਹੀ ਨਹੀਂ ਐਕਟਿਵਾ ‘ਤੇ ਪਠਾਨਕੋਟ ਦੀ ਨੰਬਰ ਪਲੇਟ ਲੱਗੀ ਹੋਈ ਸੀ। ਡੀਸੀਪੀ ਇਨਵੈਸਟੀਗੇਸ਼ਨ ਮੁਖਵਿੰਦਰ ਸਿੰਘ ਨੇ ਦੱਸਿਆ ਕਿ ਐਕਟਿਵਾ ਅਤੇ ਲੁੱਟ ਦੀ ਵਾਰਦਾਤ ਸਬੰਧੀ ਪੂਰੇ ਜ਼ਿਲ੍ਹੇ ਅਤੇ ਸੂਬੇ ਦੀ ਪੁਲੀਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਜਲਦੀ ਹੀ ਲੁਟੇਰੇ ਫੜੇ ਜਾਣਗੇ।