ਬਦਮਾਸ਼ਾਂ ਨੇ ਦਿਨ-ਦਿਹਾੜੇ ਦਫਤਰ ਵਿੱਚ ਵੜ ਕੇ ਨੌਜਵਾਨ ਨੂੰ ਮਾਰੀ ਗੋਲੀ;ਲੱਖਾਂ ਰੁਪਏ ਲੁੱਟ ਕੇ ਹੋਏ ਫਰਾਰ
ਚੰਡੀਗੜ੍ਹ,27 ਜੂਨ(ਵਿਸ਼ਵ ਵਾਰਤਾ)-ਮੰਡੀ ਗੋਬਿੰਦਗੜ੍ਹ ਤੋਂ ਵੱਡੀ ਖ਼ਬਰ ਹੈ। ਇੱਥੇ ਦੁਪਹਿਰ ਕਰੀਬ 12 ਵਜੇ ਜੀ.ਟੀ ਰੋਡ ‘ਤੇ ਯੁਵਰਾਜ ਇੰਪੈਕਸ ਨਾਮ ਦੀ ਫਰਮ ‘ਚ ਕੰਮ ਕਰਦੇ ਨੌਜਵਾਨ ਦੇ ਦਫਤਰ ‘ਚ ਦਾਖਲ ਹੋ ਕੇ ਲੁਟੇਰਿਆਂ ਨੇ ਕਰੀਬ 12 ਲੱਖ ਰੁਪਏ ਦੀ ਨਕਦੀ ਲੁੱਟ ਲਈ। ਇਸ ਵਾਰਦਾਤ ਨੂੰ ਤਿੰਨ ਨਕਾਬਪੋਸ਼ ਨੌਜਵਾਨਾਂ ਨੇ ਅੰਜਾਮ ਦਿੱਤਾ। ਲੁਟੇਰਿਆਂ ਨੇ ਪਹਿਲਾਂ ਪਰਮਿੰਦਰ ਦੀਆਂ ਅੱਖਾਂ ਵਿੱਚ ਮਿਰਚਾਂ ਪਾਈਆਂ, ਫਿਰ ਉਸ ਨੂੰ ਗੋਲੀ ਮਾਰ ਦਿੱਤੀ। ਇਹ ਸਾਰੀ ਘਟਨਾ ਉਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਰਿਕਾਰਡ ਹੋ ਗਈ। ਗੰਭੀਰ ਰੂਪ ਵਿੱਚ ਜ਼ਖਮੀ ਪਰਮਿੰਦਰ ਨੂੰ ਸਰਕਾਰੀ ਹਸਪਤਾਲ ਮੰਡੀ ਗੋਬਿੰਦਗੜ੍ਹ ਵਿਖੇ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦੀ ਹਾਲਤ ਨਾਜ਼ੁਕ ਦੇਖਦਿਆਂ ਡਾਕਟਰ ਨੇ ਉਸ ਨੂੰ ਪਟਿਆਲਾ ਰੈਫਰ ਕਰ ਦਿੱਤਾ ਹੈ। ਇਸ ਮੌਕੇ ਥਾਣਾ ਮੰਡੀ ਗੋਬਿੰਦਗੜ੍ਹ ਦੀ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਤਿੰਨੋਂ ਲੁਟੇਰੇ ਮੋਟਰਸਾਈਕਲ ’ਤੇ ਆਏ ਸਨ। ਫਿਲਹਾਲ ਪੁਲਿਸ ਜਾਂਚ ਲਈ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕਰ ਰਹੀ ਹੈ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਕੀ ਉਨ੍ਹਾਂ ਕੋਲ ਕੋਈ ਸੁਰਾਗ ਹੈ। ਇਸ ਦੇ ਨਾਲ ਹੀ ਸ਼ਹਿਰ ‘ਚ ਕਈ ਥਾਵਾਂ ‘ਤੇ ਨਾਕਾਬੰਦੀ ਕਰਕੇ ਵਾਹਨਾਂ ਦੀ ਚੈਕਿੰਗ ਵੀ ਕੀਤੀ ਜਾ ਰਹੀ ਹੈ।