ਬਠਿੰਡਾ, 19 ਮਈ( ਵਿਸ਼ਵ ਵਾਰਤਾ)-: ਲੋਕ ਸਭਾ ਬਠਿੰਡਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਨੇ ਬਠਿੰਡਾ ਹਲਕੇ ਨੂੰ ਸਨਅਤੀ ਹੱਬ ਵਜੋਂ ਵਿਕਸਤ ਕਰਨ ਦਾ ਦਾਅਵਾ ਕਰਦਿਆਂ ਕਿਹਾ ਕਿ ਅੰਤਰਰਾਜੀ ਹੱਦਾਂ ’ਤੇ ਲੱਗਦੀ ਇਸ ਮਾਲਵਾ ਪੱਟੀ ਦੇ ਨੌਜਵਾਨਾਂ ਲਈ ਰੁਜ਼ਗਾਰ ਦੇ ਵਸੀਲੇ ਪੈਦਾ ਕਰਨਾ ਮੌਜੂਦਾ ਸਮੇਂ ਦੀ ਫੌਰੀ ਅਤੇ ਅਣਸਰਦੀ ਲੋੜ ਹੈ।
ਸ੍ਰੀ ਖੁੱਡੀਆਂ ਨੇ ਐਤਵਾਰ ਨੂੰ ਬਠਿੰਡਾ ਸ਼ਹਿਰ ਦੀ ਸ਼ੁਸ਼ਾਂਤ ਸਿਟੀ, ਮੇਨ ਪਰਿੰਦਾ ਰੋਡ, ਪੁਲੀਸ ਪੈਨਸ਼ਨਰ ਭਵਨ, ਐਸਸੀਐਫ 54-55, ਫੇਜ਼ 3 ਸਾਹਮਣੇ ਦਾਦੀ ਪੋਤੀ ਪਾਰਕ, 100 ਫੁੱਟੀ ਰੋਡ, ਰਸੋਈ ਰੈਸਟੋਰੈਂਟ, ਰਾਇਲ ਇਨ ਪੈਲੇਸ, ਨੇੜੇ ਟੀਚਰਜ਼ ਹੋਮ, ਪਰਸ ਰਾਮ ਨਗਰ, ਪ੍ਰਤਾਪ ਨਗਰ, ਲਾਲ ਸਿੰਘ ਬਸਤੀ, ਨਰੂਆਣਾ ਰੋਡ, ਐਸਬੀਐਸ ਨਗਰ, ਦੀਪ ਨਗਰ, ਬਲਰਾਜ ਨਗਰ ਆਦਿ ਖੇਤਰਾਂ ਵਿੱਚ ਭਰਵੇਂ ਚੋਣ ਜਲਸਿਆਂ ਨੂੰ ਸੰਬੋਧਨ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਹਲਕਾ ਬਠਿੰਡਾ (ਸ਼ਹਿਰੀ) ਦੇ ਵਿਧਾਇਕ ਅਤੇ ਬਹੁਤ ਸਾਰੇ ਮੁਕਾਮੀ ਆਗੂ ਵੀ ਚੋਣ ਪ੍ਰਚਾਰ ਸ਼ਾਮਿਲ ਹੋਏ।
ਗੁਰਮੀਤ ਸਿੰਘ ਖੁੱਡੀਆਂ ਨੇ ਵੋਟਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਿਸੇ ਸਮੇਂ ਰੇਗਸਿਤਾਨ ਰਹੇ ਬਠਿੰਡਾ ਹਲਕੇ ਨੂੰ ਤਰੱਕੀ ਦੀਆਂ ਲੀਹਾਂ ’ਤੇ ਤੋਰ ਕੇ ਖ਼ੁਸ਼ਹਾਲ ਬਣਾਉਣਾ ਮੇਰਾ ਪਹਿਲਾ ਟੀਚਾ ਹੈ। ਉਨ੍ਹਾਂ ਕਿਹਾ ਕਿ ਨਰਮਾ ਪੱਟੀ ਵਜੋਂ ਜਾਣਿਆ ਜਾਂਦਾ ਇਹ ਹਲਕਾ ਖੇਤੀ ’ਤੇ ਨਿਰਭਰ ਹੈ। ਉਨ੍ਹਾਂ ਕਿਹਾ ਕਿ ਇਥੇ ਖੇਤੀ ਆਧਾਰਿਤ ਸਨਅਤੀ ਵਿਕਾਸ ਸਭ ਤੋਂ ਵਧੀਆ ਰਹੇਗਾ। ਉਨ੍ਹਾਂ ਕਿਹਾ ਕਿ ਜੇਕਰ ਫ਼ੂਡ ਪ੍ਰੋਸੈਸਿੰਗ ਇੰਡਸਟਰੀ ਇੱਥੇ ਸਥਾਪਿਤ ਕੀਤੀ ਜਾਂਦੀ ਤਾਂ ਕਿਸਾਨਾਂ, ਦੁਕਾਨਦਾਰਾਂ ਤੇ ਮਜ਼ਦੂਰਾਂ ਨੂੰ ਲਾਭ ਹੋਣ ਸਮੇਤ ਅਨੇਕਾਂ ਪੰਜਾਬੀ ਨੌਜਵਾਨਾਂ ਨੂੰ ਰੁਜ਼ਗਾਰ ਮਿਲਣਾ ਸੀ। ਉਨ੍ਹਾਂ ਕਿਹਾ ਕਿ ਪਰ 15 ਸਾਲ ਇਸ ਹਲਕੇ ਦੀ ਨੁਮਾਇੰਦਗੀ ਕਰਨ ਵਾਲੀ ਅਤੇ ਕੇਂਦਰ ’ਚ ਫ਼ੂਡ ਪ੍ਰੋਸੈਸਿਗ ਮੰਤਰੀ ਰਹੀ ਹਰਸਿਮਰਤ ਕੌਰ ਬਾਦਲ ਦੀ ਇਸ ਪਾਸੇ ਕੋਈ ਰੁਚੀ ਨਾ ਹੋਣ ਕਰਕੇ ਇਲਾਕਾ ਬਹੁਤ ਪਛੜ ਗਿਆ ਹੈ।
ਨੌਜਵਾਨਾਂ ਨੂੰ ਸੰਬੋਧਿਤ ਹੁੰਦਿਆਂ ਸ੍ਰੀ ਖੁੱਡੀਆਂ ਨੇ ਕਿਹਾ ਕਿ ਨੌਜਵਾਨ ਹਰ ਕਿਸਮ ਦੀ ਤਬਦੀਲੀ ਲਈ ਸਭ ਤੋਂ ਵੱਡਾ ਧੁਰਾ ਹੁੰਦੇ ਹਨ। ਉਨ੍ਹਾਂ ਕਿਹਾ ਕਿ ਯੂਥ ਕਲੱਬਾਂ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ ਤਾਂ ਜੋ ਉਹ ਸਮਾਜ ਅੰਦਰ ਆਪਣੀ ਬਣਦੀ ਭੂਮਿਕਾ ਨੂੰ ਯੋਗ ਢੰਗ ਨਾਲ ਨਿਭਾਅ ਸਕਣ। ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਕੋਹੜ ਨੂੰ ਜੜ੍ਹੋਂ ਪੁੱਟਣ ਲਈ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਰੁਚਿਤ ਕੀਤਾ ਜਾਵੇਗਾ ਅਤੇ ਇਸ ਲਈ ਆਹਲਾ ਮਿਆਰੀ ਸਟੇਡੀਅਮ ਅਤੇ ਜਿੰਮ ਸਥਾਪਿਤ ਕੀਤੇ ਜਾਣਗੇ। ਉਨ੍ਹਾਂ ਆਖਿਆ ਕਿ 70 ਸਾਲ ਪੰਜਾਬ ਦੇ ਰਾਜ ਕਰਨ ਵਾਲੀਆਂ ਅਕਾਲੀ ਕਾਂਗਰਸੀ ਖੇਮਿਆਂ ਨੇ ‘ਉੱਤਰ ਕਾਟੋ, ਮੈਂ ਚੜ੍ਹਾਂ’ ਵਾਂਗ ਵਾਰੀ ਬੰਨ੍ਹੀ ਹੋਈ ਸੀ। ਉਨ੍ਹਾਂ ਚੈਲਿੰਜ ਕੀਤਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਢਾਈ ਸਾਲਾ ਰਾਜਕਾਲ ਦੌਰਾਨ ਉਹ ਨਿਸ਼ਕਾਮ ਕਾਰਜਾਂ ਅੱਗੇ 70 ਸਾਲਾਂ ਦਾ ਕੰਮ ਬਹੁਤ ਬੌਣਾ ਹੋ ਨਿੱਬੜਿਆ ਹੈ।
ਇਸ ਮੌਕੇ ਵਿਧਾਇਕ ਜਗਰੂਪ ਸਿੰਘ ਗਿੱਲ ਨੇ ਸ੍ਰੀ ਖੁੱਡੀਆਂ ਨੂੰ ਅਸੂਲਪ੍ਰਸਤ, ਇਮਾਨਦਾਰ ਅਤੇ ਸ਼ਰਾਫ਼ਤ ਦਾ ਪੁੰਜ ਦੱਸਦਿਆਂ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਰਿਕਾਰਡ ਵੋਟਾਂ ਪਾ ਕੇ ਬਠਿੰਡਾ ਹਲਕੇ ਤੋਂ ਸ੍ਰੀ ਖੁੱਡੀਆਂ ਦੀ ਜਿੱਤ ਨੂੰ ਇਤਿਹਾਸਕ ਬਣਾਉਣ ਤਾਂ ਕਿ ਰਵਾਇਤੀ ਪਾਰਟੀਆਂ ਦੀ ਲੋਕ ਦੋਖੀ ਰਾਜਨੀਤੀ ਨੂੰ ਭਾਂਜ ਦੇ ਕੇ ਬਠਿੰਡਾ ਸ਼ਹਿਰ ਦਾ ਵਿਕਾਸ ਕੀਤਾ ਜਾ ਸਕੇ।