ਬਠਿੰਡਾ ਰਿਸ਼ਵਤ ਕਾਂਡ ਮਾਮਲਾ – ਮੁਲਜ਼ਮ ਰਸ਼ਿਮ ਗਰਗ ਦੇ ਵਿਜੀਲੈਂਸ ਰਿਮਾਂਡ ‘ਚ ਵਾਧਾ
ਚੰਡੀਗੜ੍ਹ 20 ਫਰਵਰੀ(ਵਿਸ਼ਵ ਵਾਰਤਾ ਬਿਓਰੋ) – ਵਿਜੀਲੈਂਸ ਵੱਲੋਂ ਬਠਿੰਡਾ ਦੇ ਪਿੰਡ ਦੀ ਸਰਪੰਚ ਕੋਲੋਂ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਫੜ੍ਹੇ ਗਏ ਖੁਦ ਨੂੰ ਵਿਧਾਇਕ ਦਾ ਪੀਏ ਦੱਸਣ ਵਾਲੇ ਰਸ਼ਿਮ ਗਰਗ ਦੇ ਦੇ ਰਿਮਾਂਡ ਵਿੱਚ ਇੱਕ ਵਾਰ ਫਿਰ ਤੋਂ ਵਾਧਾ ਹੋਇਆ ਹੈ। ਦੱਸ ਦਈਏ ਕਿ ਕਿ ਅੱਜ 2 ਦਿਨਾਂ ਦਾ ਰਿਮਾਂਡ ਖਤਮ ਹੋਣ ਤੋਂ ਬਾਅਦ ਰਸ਼ਿਮ ਗਰਗ ਨੂੰ ਦੁਬਾਰਾ ਅਦਾਲਤ ਵਿੱਚ ਪੇਸ਼ ਕੀਤਾ ਗਿਆ । ਜਿੱਥੇ ਅਦਾਲਤ ਨੇ ਵਿਜੀਲੈਂਸ ਨੂੰ ਉਸਦਾ 2 ਦਿਨਾਂ ਦਾ ਹੋਰ ਰਿਮਾਂਡ ਦੇ ਦਿੱਤਾ ਹੈ।
ਜਿਕਰਯੋਗ ਹੈ ਕਿ ਵਿਜੀਲੈਂਸ ਬਿਊਰੋ ਨੇ 16 ਫਰਵਰੀ ਨੂੰ ਰਸ਼ਿਮ ਗਰਗ ਨੂੰ ਪਿੰਡ ਘੁੱਦਾ, ਬਲਾਕ ਸੰਗਤ, ਜਿਲਾ ਬਠਿੰਡਾ ਦੀ ਸਰਪੰਚ ਸੀਮਾ ਰਾਣੀ ਦੇ ਪਤੀ ਪ੍ਰਿਤਪਾਲ ਕੁਮਾਰ ਵੱਲੋਂ ਕੀਤੀ ਸ਼ਿਕਾਇਤ ਦੇ ਅਧਾਰ ਉਤੇ ਗ੍ਰਿਫਤਾਰ ਕੀਤਾ ਸੀ। ਉਕਤ ਸਰਪੰਚ ਤੇ ਉਸਦੇ ਪਤੀ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਇਲਜਾਮ ਲਾਇਆ ਕਿ ਗ੍ਰਾਮ ਪੰਚਾਇਤ ਘੁੱਦਾ ਨੂੰ 15ਵੇਂ ਵਿੱਤ ਕਮਿਸ਼ਨ ਤਹਿਤ ਬਲਾਕ ਸੰਮਤੀ ਰਾਹੀਂ ਪ੍ਰਾਪਤ 25 ਲੱਖ ਰੁਪਏ ਦੀ ਸਰਕਾਰੀ ਗ੍ਰਾਂਟ ਨੂੰ ਬੀਡੀਪੀਓ ਤੋਂ ਰਿਲੀਜ ਕਰਾਉਣ ਬਦਲੇ ਉਕਤ ਮੁਲਜ਼ਮ ਉਸ ਕੋਲੋਂ 5 ਲੱਖ ਰੁਪਏ ਦੀ ਰਿਸ਼ਵਤ ਦੀ ਮੰਗ ਕਰ ਰਿਹਾ ਹੈ ਪਰ ਉਹ ਇਸ ਕੰਮ ਲਈ ਰਿਸ਼ਵਤ ਨਹੀਂ ਸੀ ਦੇਣਾ ਚਾਹੁੰਦੀ ਪਰ ਉਹ ਮਜਬੂਰਨ ਉਸ ਕੋਲੋਂ ਪਹਿਲੀ ਕਿਸ਼ਤ ਵਜੋਂ 50,000 ਰੁਪਏ ਲੈ ਚੁੱਕਾ ਹੈ ਅਤੇ ਬਾਕੀ ਰਹਿੰਦੀ ਰਿਸ਼ਵਤ ਦੀ ਰਕਮ ਲੈਣ ਲਈ ਵਾਰ ਵਾਰ ਮੰਗ ਕਰ ਰਿਹਾ ਹੈ।
ਉਕਤ ਸ਼ਿਕਾਇਤ ਦੀ ਮੁੱਢਲੀ ਪੜਤਾਲ ਉਪਰੰਤ ਵਿਜੀਲੈਂਸ ਬਿਊਰੋ ਨੇ ਜਾਲ ਵਿਛਾਇਆ ਤੇ ਉਕਤ ਮੁਲਜ਼ਮ ਨੂੰ ਸ਼ਿਕਾਇਤਕਰਤਾ ਕੋਲੋਂ ਦੂਜੀ ਕਿਸ਼ਤ ਵਜੋਂ 4 ਲੱਖ ਰੁਪਏ ਰਿਸ਼ਵਤ ਦੀ ਰਕਮ ਹਾਸਲ ਕਰਦਿਆਂ ਦੋ ਸਰਕਾਰੀ ਗਵਾਹਾਂ ਦੀ ਹਾਜਰੀ ਵਿੱਚ ਰੰਗੇ ਹੱਥੀਂ ਕਾਬੂ ਕਰ ਲਿਆ।