ਕਮਾਹੀ ਦੇਵੀ ਵਿੱਚ ਚੋਣ ਪ੍ਰਚਾਰ ਦੌਰਾਨ ਜਨ ਸਮਰਥਨ ਮਿਲਣ ਕਾਰਨ ਡਾ. ਰਾਜ ਦਾ ਮਨੋਬਲ ਵਧਿਆ
ਹੁਸ਼ਿਆਰਪੁਰ 30 ਅਪ੍ਰੈਲ (ਤਰਸੇਮ ਦੀਵਾਨਾ ) ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ. ਰਾਜ ਕੁਮਾਰ ਦੀ ਚੋਣ ਮੁਹਿੰਮ ਨੂੰ ਉਸ ਸਮੇਂ ਭਾਰੀ ਹੁਲਾਰਾ ਮਿਲਿਆ ਜਦੋਂ ਡਾ. ਰਾਜ ਨੂੰ ਕਮਾਹੀ ਦੇਵੀ ਵਿਖੇ ਚੋਣ ਪ੍ਰਚਾਰ ਦੌਰਾਨ ਬਜ਼ੁਰਗਾਂ ਦਾ ਵਿਸ਼ੇਸ਼ ਆਸ਼ੀਰਵਾਦ ਲੈਣ ਦਾ ਮੌਕਾ ਮਿਲਿਆ। ਇਸ ਦੌਰਾਨ ਬਜ਼ੁਰਗਾਂ ਨੇ ਡਾ. ਰਾਜ ਦੇ ਸਿਰ ਤੇ ਹੱਥ ਰੱਖ ਕੇ ਉਨ੍ਹਾਂ ਨੂੰ ਸਫ਼ਲਤਾ ਲਈ ਅਸ਼ੀਰਵਾਦ ਦਿੱਤਾ ਅਤੇ ਕਿਹਾ ਕਿ ਜਿਸ ਤੇ ਘਰ ਅਤੇ ਸਮਾਜ ਦੇ ਬਜ਼ੁਰਗਾਂ ਦਾ ਹੱਥ ਅਤੇ ਅਸ਼ੀਰਵਾਦ ਹੁੰਦਾ ਹੈ, ਉਹ ਦੁਨੀਆ ਦੀ ਹਰ ਪ੍ਰੀਖਿਆ ‘ਚੋਂ ਪਾਸ ਹੁੰਦਾ ਹੈ। ਇਸ ਮੌਕੇ ਉਨ੍ਹਾਂ ਨਾਲ ਦਸੂਹਾ ਹਲਕੇ ਦੇ ਵਿਧਾਇਕ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਅਤੇ ਹਲਕੇ ਦੇ ਹੋਰ ਪ੍ਰਮੁੱਖ ਆਗੂ ਵੀ ਉਨ੍ਹਾਂ ਨਾਲ ਹਾਜ਼ਰ ਸਨ। ਡਾ. ਰਾਜ ਨੇ ਨਾ ਸਿਰਫ਼ ਬਜ਼ਾਰ ਦੇ ਦੁਕਾਨਦਾਰਾਂ ਨਾਲ ਮੁਲਾਕਾਤ ਕੀਤੀ ਸਗੋਂ ਬੱਸ ਸਟੈਂਡ ਤੇ ਬੱਸਾਂ ਵਿੱਚ ਸਫ਼ਰ ਕਰਨ ਵਾਲੇ ਯਾਤਰੀਆਂ ਨਾਲ ਵੀ ਮੁਲਾਕਾਤ ਕੀਤੀ। ਇਸ ਮੌਕੇ ਡਾ. ਰਾਜ ਨੇ ਕਿਹਾ ਕਿ ਮਾਤਾ ਕਮਾਹੀ ਦੇਵੀ ਦੇ ਦਰਬਾਰ ਵਿੱਚ ਮੱਥਾ ਟੇਕਣ ਦੇ ਨਾਲ-ਨਾਲ ਬਜ਼ੁਰਗਾਂ ਅਤੇ ਭੈਣਾਂ-ਭਰਾਵਾਂ ਦਾ ਆਸ਼ੀਰਵਾਦ ਲੈਣ ਨਾਲ ਉਨ੍ਹਾਂ ਦੇ ਮਨ ਨੂੰ ਬਹੁਤ ਸਕੂਨ ਮਿਲ ਰਿਹਾ ਹੈ ਅਤੇ ਉਹ ਇੱਕ ਵੱਖਰਾ ਹੀ ਅਹਿਸਾਸ ਮਹਿਸੂਸ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇੱਥੇ ਲੋਕਾਂ ਨੂੰ ਮਿਲਣ ਤੋਂ ਬਾਅਦ ਉਨ੍ਹਾਂ ਅੰਦਰ ਸਕਾਰਾਤਮਕ ਊਰਜਾ ਦਾ ਪ੍ਰਵਾਹ ਵਧਿਆ ਹੈ, ਜੋ ਉਨ੍ਹਾਂ ਨੂੰ ਲੋਕ ਸੇਵਾ ਦੇ ਕੰਮਾਂ ਲਈ ਪ੍ਰੇਰਿਤ ਕਰ ਰਿਹਾ ਹੈ। ਡਾ. ਰਾਜ ਨੇ ਕਿਹਾ ਕਿ ਹੁਸ਼ਿਆਰਪੁਰ ਹਲਕੇ ਵਿੱਚ ਕੰਢੀ ਦਾ ਇਲਾਕਾ ਵਿਸ਼ੇਸ਼ ਮਹੱਤਵ ਰੱਖਦਾ ਹੈ ਅਤੇ ਹਲਕਾ ਵਿਧਾਇਕ ਐਡਵੋਕੇਟ ਘੁੰਮਣ ਇਸ ਦੇ ਵਿਕਾਸ ਲਈ ਉਪਰਾਲੇ ਕਰ ਰਹੇ ਹਨ, ਜਦੋਂ ਵੀ ਉਨ੍ਹਾਂ ਨੂੰ ਮੌਕਾ ਮਿਲੇਗਾ ਤਾਂ ਉਹ ਇਸ ਖੇਤਰ ਤੇ ਵੀ ਧਿਆਨ ਦੇਣਗੇ ਤਾਂ ਜੋ ਮਿਲਣ ਵਾਲਾ ਪਿਆਰ ਇੱਥੋਂ ਦੇ ਵਸਨੀਕਾਂ ਤੋਂ ਅਸੀਸਾਂ ਦਾ ਕਰਜ਼ਾ ਚੁਕਾ ਸਕਣ।