ਫੌਜ ਦੇ ਕਰਨਲ ਅਤੇ ਪੁਲਿਸ ਦੀ ਦੁੱਖਦ ਘਟਨਾ,ਆਖਰ ਕਿਉਂ ਬਣੀ ਜੰਗ ਦਾ ਅਖਾੜਾ!
ਜ਼ਿੰਦਗੀ ਦੇ ਸਫ਼ਰ ਦੇ ਦੌਰਾਨ,ਕਿਹੜੇ ਵੇਲੇ ਕਿਹੋ ਜਿਹੀ ਘਟਨਾ ਵਾਪਰ ਜਾਵੇ।
ਕਿਸੇ ਨੂੰ ਕੋਈ ਪਤਾ ਨਹੀਂ ਹੁੰਦਾ।ਰੋਜ਼ਾਨਾ ਜੀਵਨ ਚ,ਕਈ ਵਾਰ ਅਚਨਚੇਤ ਅਜਿਹੀਆਂ ਘਟਨਾਵਾਂ ਵੀ ਵਾਪਰ ਜਾਂਦੀਆਂ ਹਨ,ਜਿਸ ਵਾਰੇ ਕਿਸੇ ਨੇ ਸੁਪਨੇ ਚ ਵੀ ਸੋਚਿਆ ਨਹੀਂ ਹੁੰਦਾ।ਇਸੇ ਲਈ, ਤਾਂ ਸਿਆਣੇ ਕਹਿੰਦੇ ਹਨ,ਕਿ ਜਦੋਂ ਵਕਤ ਦੀ ਮਾਰ ਪੈਂਦੀ ਹੈ,ਤਾਂ ਵੱਡੇ ਵੱਡਿਆਂ ਦੀ ਬੁੱਧੀ ਭ੍ਰਿਸ਼ਟ ਹੋ ਜਾਂਦੀ ਹੈ ਅਤੇ ਸਿਆਣੇ ਬੰਦੇ ਦੀ ਮੱਤ ਮਾਰੀ ਜਾਂਦੀ ਹੈ।ਅਜਿਹੇ ਮੌਕੇ,ਸਿਆਣਾ ਅਤੇ ਸੁਲਝਿਆ ਹੋਇਆ ਬੰਦਾ,ਅਜਿਹਾ ਕੁੱਝ ਕਰ ਬੈਠਦਾ ਹੈ।
ਜਿਸਦਾ,ਉਸਨੂੰ ਚਿੱਤ ਚੇਤਾ ਵੀ ਨਹੀਂ ਹੁੰਦਾ।ਬੇਸ਼ੱਕ, ਬਾਅਦ ਚ,ਉਹਦਾ ਪਛਤਾਵਾ ਹੀ ਕਿਉਂ ਨਾ ਹੋਵੇ।ਕਿਉਂਕਿ,ਹਰ ਬੁਰੇ ਕੰਮ ਦਾ ਨਤੀਜਾ,ਹਮੇਸ਼ਾ ਬੁਰਾ ਹੀ ਹੁੰਦਾ ਹੈ।
ਅਜਿਹੀ ਹੀ ਦੁੱਖਦ ਘਟਨਾ, ਪਿਛਲੇ ਦਿਨੀਂ,ਰਾਜਿੰਦਰਾ ਹਸਪਤਾਲ,ਪਟਿਆਲਾ ਦੇ ਨਜ਼ਦੀਕ ਵਾਪਰੀ।ਜਿੱਥੇ ਫੌਜ ਦੇ ਕਰਨਲ ਸਰਦਾਰ ਪੁਸ਼ਪਿੰਦਰ ਸਿੰਘ ਬਾਠ ਅਤੇ ਉਨ੍ਹਾਂ ਦੇ ਬੇਟੇ ਅੰਗਦ ਜੀ ਨਾਲ ਵਾਪਰੀ।ਖ਼ਬਰਾਂ ਦੇ ਅਨੁਸਾਰ,ਦੋਨੋਂ ਪਿਓ ਪੁੱਤ,ਹਸਪਤਾਲ ਦੇ ਨਜ਼ਦੀਕ,ਕਿਸੇ ਢਾਬੇ ਤੇ ਕੁੱਝ ਖਾਣ ਲਈ ਰੁਕੇ।ਜਦੋਂ ਉਹ ਦੋਨੋਂ,ਉੱਥੇ ਕੁੱਝ ਖਾ ਪੀ ਰਹੇ ਸਨ,ਤਾਂ ਉੱਥੇ ਕੁੱਝ ਪੁਲਿਸ ਕਰਮਚਾਰੀ ਵੀ ਆ ਗਏ।ਖ਼ਬਰਾਂ ਦੇ ਅਨੁਸਾਰ ਮਿਲੀ ਜਾਣਕਾਰੀ ਦੇ ਅਨੁਸਾਰ,ਕਰਨਲ ਸਾਹਿਬ ਅਤੇ ਉਨ੍ਹਾਂ ਦੇ ਪੁੱਤਰ ਦੀ,ਪੁਲਿਸ ਵਾਲਿਆਂ ਨਾਲ ਗੱਡੀ ਦੀ ਪਾਰਕਿੰਗ ਨੂੰ ਲੈ ਕੇ,ਝਗੜਾ ਹੋ ਗਿਆ।ਦੋਨਾਂ ਧਿਰਾਂ ਦਾ ਝਗੜਾ ਐਨਾ ਵੱਧ ਗਿਆ,ਕਿ ਗੱਲ ਹੱਥੋਪਾਈ ਅਤੇ ਇਸ ਤੋਂ ਵੀ ਅੱਗੇ ਵੱਧ ਗਈ।ਜਿਸ ਵਿੱਚ ਕਰਨਲ ਸਾਹਿਬ ਅਤੇ ਉਨ੍ਹਾਂ ਦੇ ਪੁੱਤਰ ਨੂੰ ਗੰਭੀਰ ਚੋਟਾਂ ਲੱਗੀਆਂ।ਜਿਸਦੇ ਕਾਰਨ,ਇਹ ਘਟਨਾ ਨੇ ਇੱਕ ਬੜੀ ਵੱਡੀ ਦੁਰਘਟਨਾ ਦਾ ਰੂਪ ਧਾਰਨ ਕਰ ਲਿਆ।
ਅਸਲ ਵਿੱਚ,ਇਹ ਘਟਨਾ ਦੋਨੋਂ ਧਿਰਾਂ ਵੱਲੋਂ ਵਰਦੀ ਚ ਨਾ ਹੋਣ ਦੇ ਕਾਰਨ ਵਾਪਰੀ ਸੀ।ਪਰ ਜਿਉਂ ਹੀ ਇਹ ਸਭ ਕੁੱਝ ਵਾਪਰ ਗਿਆ,ਤਾਂ ਇਹਦੇ ਵੱਖ 2 ਰੂਪ ਸਾਹਮਣੇ ਆਉਣ ਲੱਗ ਪਏ।ਕੋਈ ਇਸ ਘਟਨਾ ਚ ਪੁਲਿਸ ਵਾਲਿਆਂ ਨੂੰ ਦੋਸ਼ੀ ਅਤੇ ਕੋਈ ਪੁਲਿਸ ਵਾਲਿਆਂ ਨੂੰ ਬੇਕਸੂਰ ਕਹਿਣ ਲੱਗਾ।ਇਹ ਝਗੜਾ,ਐਨਾ ਵੱਧ ਗਿਆ,ਕਿ ਦੁਰਘਟਨਾ,ਫੌਜ ਦੇ ਕਰਨਲ ਅਤੇ ਉਨ੍ਹਾਂ ਦੇ ਪੁੱਤਰ ਬਨਾਮ ਪੁਲਿਸ ਕਰਮਚਾਰੀ ਨਾ ਹੋ ਕੇ, ਭਾਰਤੀ ਫੌਜ ਅਤੇ ਪੰਜਾਬ ਪੁਲਿਸ ਦਾ ਰੂਪ ਧਾਰਨ ਕਰ ਗਿਆ,ਜੋ ਕਿ ਭਾਰਤੀ ਸੈਨਾ,ਪੰਜਾਬ ਪੁਲਿਸ, ਪੰਜਾਬ ਅਤੇ ਸਮੁੱਚੇ ਦੇਸ਼ ਵਾਸੀਆਂ ਲਈ ਹੀ ਦੁੱਖਦਾਇਕ ਤਾਂ ਹੈ ਹੀ,ਸਗੋਂ ਬੜੀ ਘਾਤਕ ਵੀ ਹੈ।
ਬੇਸ਼ੱਕ,ਇਹ ਘਟਨਾ ਦੋ ਧਿਰਾਂ ਦੇ ਵਿਚਕਾਰ ਵਾਪਰੀ ਹੈ ਅਤੇ ਇਹ ਗੱਲ ਵੀ ਅਜੇ ਤੱਕ ਸਪੱਸ਼ਟ ਨਹੀਂ ਹੋ ਸਕੀ,ਕਿ ਪੁਲਿਸ ਕਰਮਚਾਰੀਆਂ ਨੇ ਇਸ ਘਟਨਾ ਨੂੰ ਜਾਣਬੁੱਝ ਕੇ ਅੰਜਾਮ ਦਿੱਤਾ ਹੈ ਜਾਂ ਫਿਰ ਇਹ ਅਚਨਚੇਤ ਵਾਪਰੀ ਹੋਈ ਘਟਨਾ ਹੈ।ਪਰ ਫੇਰ ਵੀ,ਜਿੰਨੇ ਮੂੰਹ ਓਨੀਆਂ ਹੀ ਗੱਲਾਂ ਹਨ।ਕੋਈ ਕਿਸੇ ਇੱਕ ਧਿਰ ਦਾ ਕਸੂਰ ਕੱਢ ਰਿਹਾ ਹੈ ਅਤੇ ਕੋਈ ਦੂਜੀ ਧਿਰ ਦਾ ਕਸੂਰ ਕੱਢ ਰਿਹਾ ਹੈ।ਕੋਈ ਇਸ ਨੂੰ,ਕਿਸੇ ਸਾਜ਼ਿਸ਼ ਦਾ ਸਿੱਟਾ ਆਖ ਰਿਹਾ ਹੈ।ਪਰ ਸੱਚ ਕੀ ਹੈ,ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਕਿਉਂਕਿ,ਘਟਨਾ ਚ ਕਸੂਰ ਅਤੇ ਬੇਕਸੂਰ ਵਾਰੇ ਤਾਂ,ਜਾਂਚ ਪੜਤਾਲ ਦੀ ਪੂਰੀ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ।ਉਦੋਂ ਤੱਕ ਤਾਂ,ਸਭ ਕਿਆਸਅਰਾਈਆਂ ਹੀ ਹਨ।
ਇਸ ਘਟਨਾ ਦਾ ਸਭ ਤੋਂ ਦੁੱਖਦ ਪਹਿਲੂ ਇਹ ਹੈ,ਕਿ ਹਰ ਕੋਈ ਐਰਾ ਗੈਰਾ ਅਤੇ ਨੱਥੂ ਖੈਰਾ,ਜੋ ਮੂੰਹ ਚ ਆਉਂਦਾ ਹੈ,ਉਹ ਹੀ ਬੋਲੀ ਜਾ ਰਿਹਾ ਹੈ।ਇਹੋ ਕਾਰਨ ਹੈ,ਕਿ ਜਿਉਂ 2 ਸਮਾਂ ਬੀਤ ਰਿਹਾ ਹੈ,ਤਾਂ ਇਸ ਘਟਨਾ ਨੂੰ ਭਾਰਤੀ ਸੈਨਾ ਬਨਾਮ ਪੰਜਾਬ ਪੁਲਿਸ ਦੀ ਲੜਾਈ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ।ਜਿਹੜੀ ਦੋਨੋਂ ਧਿਰਾਂ ਦੇ ਪਰਿਵਾਰਾਂ ਲਈ ਤਾਂ ਮਾੜੀ ਸਿੱਧ ਹੋਵੇਗੀ ਹੀ,ਸਗੋਂ ਇਹ ਪੂਰੇ ਪੰਜਾਬ ਅਤੇ ਸਮੁੱਚੇ ਦੇਸ਼ ਵਾਸੀਆਂ ਲਈ ਵੀ ਨੁਕਸਾਨਦੇਹ ਸਿੱਧ ਹੋਵੇਗੀ।ਕਿਉਂਕਿ,ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਨ ਦੇ ਨਾਲ, ਆਪਸੀ ਪ੍ਰੇਮ ਪਿਆਰ ਅਤੇ ਸਦਭਾਵਨਾ ਦੀ ਵਜਾਏ,ਆਪਸੀ ਨਫ਼ਰਤ ਅਤੇ ਕੁੜੱਤਣ ਹੀ ਫੈਲਦੀ ਹੈ।ਜਿਸ ਤੋਂ,ਹਰ ਹਾਲਤ ਚ ਬਚਣ ਦੀ ਲੋੜ ਹੁੰਦੀ ਹੈ।
ਮੁੱਕਦੀ ਗੱਲ ਤਾਂ ਇਹ ਹੈ,ਕਿ ਪੰਜਾਬ ਪੁਲਿਸ ਅਤੇ ਭਾਰਤੀ ਸੈਨਾ, ਦੇਸ਼ ਦੇ ਨਾਗਰਿਕਾਂ ਦੀ ਜਾਨ ਮਾਲ ਅਤੇ ਸਨਮਾਨ ਦੀ ਰਾਖੀ ਕਰਦੀ ਹੈ।ਇਹ ਗੱਲ ਵੱਖਰੀ ਹੈ,ਕਿ ਭਾਰਤੀ ਸੈਨਾ ਦੇਸ਼ ਦੀਆਂ ਸਰਹੱਦਾਂ ਉੱਤੇ ਦੇਸ਼ ਵਾਸੀਆਂ ਦੀ ਦੁਸ਼ਮਣਾਂ ਤੋਂ ਰਾਖੀ ਕਰਦੀ ਹੈ ਅਤੇ ਪੰਜਾਬ ਪੁਲਿਸ, ਅੰਦਰੂਨੀ ਸੁਰੱਖਿਆ ਅਤੇ ਅਮਨ ਕਾਨੂੰਨ ਦੀ ਵਿਵਸਥਾ ਨੂੰ ਕਾਇਮ ਰੱਖਦੀ ਹੈ।ਇਸ ਲਈ,ਦੋਨੋਂ ਧਿਰਾਂ ਦੇ ਕਰਮਚਾਰੀ,ਸਤਿਕਾਰ ਦੇ ਪਾਤਰ ਹਨ।ਬੇਸ਼ੱਕ,ਇਹ ਦੁੱਖਦ ਘਟਨਾ, ਕਿਸੇ ਵੀ ਕਾਰਨ ਕਰਕੇ ਵਾਪਰੀ ਹੋਵੇ।ਪਰ ਇਸ ਘਟਨਾ ਨੂੰ ਜਿੰਨਾ ਛੇਤੀ,ਸੁਲਝਾਇਆ ਜਾ ਸਕਦਾ ਹੋਵੇ,ਸੁਲਝਾ ਲੈਣਾ ਚਾਹੀਦਾ ਹੈ।ਕਿਉਂਕਿ,ਇਹ ਸਭ ਦੇ ਲਈ ਹੀ ਫਾਇਦੇਮੰਦ ਸਾਬਤ ਹੋਵੇਗੀ।ਕਿਉਂਕਿ,ਸਿਆਣੇ ਕਹਿੰਦੇ ਹਨ,ਕਿ,
*ਲੱਸੀ ਤੇ ਲੜਾਈ ਨੂੰ ਜਿੰਨਾ ਮਰਜੀ ਵਧਾ ਲਵੋ,ਉਹ ਵਧੀ ਹੀ ਜਾਂਦੀ ਹੈ!*
ਵੈਸੇ ਵੀ,ਅਜਿਹੇ ਮਸਲਿਆਂ ਚ ਸੰਜਮ ਅਤੇ ਜ਼ਿੰਮੇਵਾਰੀ ਤੋਂ ਕੰਮ ਲੈਣ ਦੀ ਲੋੜ ਹੁੰਦੀ ਹੈ।ਪੰਜਾਬ ਸਰਕਾਰ ਨੂੰ ਵੀ, ਪੰਜਾਬ ਦੇ ਭਲੇ ਲਈ,ਇਸ ਮਸਲੇ ਤੇ ਪਹਿਲ ਦੇ ਅਧਾਰ ਤੇ ਕੰਮ ਕਰਨ ਦੀ ਲੋੜ ਹੈ ਅਤੇ ਆਪਣਾ ਬਣਦਾ ਰੋਲ ਨਿਭਾ ਕੇ,ਇਸ ਮਸਲੇ ਨੂੰ ਜਲਦੀ ਤੋਂ ਜਲਦੀ ਸੁਲਝਾਅ ਲੈਣਾ ਚਾਹੀਦਾ ਹੈ ਅਤੇ ਇਸ ਘਟਨਾ ਨੂੰ ਜੰਗ ਦਾ ਅਖਾੜਾ ਨਹੀਂ ਬਣਨ ਦੇਣਾ ਚਾਹੀਦਾ,ਤਾਂ ਕਿ ਪੰਜਾਬ ਚ ਅਮਨ ਚੈਨ ਅਤੇ ਸਦਭਾਵਨਾ ਦਾ ਮਹੌਲ ਬਣਿਆ ਰਹੇ।ਇਹਦੇ ਚ ਹੀ ਸਾਡੀ ਸਾਰਿਆਂ ਦੀ ਭਲਾਈ ਹੈ।
ਸੁਬੇਗ ਸਿੰਘ,ਸੰਗਰੂਰ