ਫੈਡਰੇਸ਼ਨ ਨੇ ਢੀਡਸਿਆਂ ਦੀ ਹਮਾਇਤ ਵਿੱਚ ਕਿਹਾ ਚੌਥਾ ਸਿਆਸੀ ਫਰੰਟ ਸਮੇਂ ਦੀ ਮੁੱਖ ਲੋੜ
ਪੰਥ ਤੇ ਪੰਜਾਬ ਬਾਦਲਾਂ ਤੋਂ 12 ਸਵਾਲਾਂ ਦੇ ਜਵਾਬ ਮੰਗਦਾ ਹੈ
ਚੰਡੀਗੜ,9ਅਪ੍ਰੈਲ(ਵਿਸ਼ਵ ਵਾਰਤਾ) ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਢੀਡਸਿਆਂ ਦੀ ਪੁਰਜ਼ੋਰ ਹਮਾਇਤ ਕਰਦਿਆਂ ਕਿਹਾ ਕਾਂਗਰਸ , ਬੇਅਦਬੀ ਦਲ ਤੇ ਭਾਜਪਾ ਨੂੰ ਪੰਜਾਬ ਵਿਚੋਂ ਹਰਾਉਣ ਲਈ ਚੌਥਾ ਸਿਆਸੀ ਫ਼ਰੰਟ ਸਮੇਂ ਦੀ ਮੁੱਖ ਲੋੜ ਹੈ । ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਜਨਰਲ ਸਕੱਤਰ ਕੁਲਦੀਪ ਸਿੰਘ ਮਜੀਠੀਆਂ ਤੇ ਹਰਸ਼ਰਨ ਸਿੰਘ ਭਾਤਪੁਰ ਜੱਟਾਂ ਨੇ ਜਾਰੀ ਇੱਕ ਸਾਂਝੇ ਬਿਆਨ ਵਿੱਚ ਉਕਤ ਵੀਚਾਰਾਂ ਦਾ ਪ੍ਰਗਟਾਵਾ ਕਰਦਿਆਂ ਕਿਹਾ ਅਕਾਲੀ ਦਲ ਬਾਦਲ ਵੱਲੋਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਸਿਆਸੀ ਲਾਹਾ ਲੈਣ ਲਈ ਕੀਤੀ ਜਾ ਰਹੀ ਸੋੜੀ ਰਾਜਨੀਤੀ `ਤੇ ਸੁਖਬੀਰ ਸਿੰਘ ਬਾਦਲ ਨੂੰ ਆੜੇ ਹੱਥ ਲੈਂਦਿਆਂ ਕਿਹਾ ਕਿ ਇੱਕ ਪਾਸੇ ਕਿਸਾਨ ਜਥੇਬੰਦੀਆਂ ਦਿੱਲੀ ਦੇ ਬਾਰਡਰਾਂ ਤੇ ਪੰਜਾਬ ਦੀ ਖੇਤੀ ਤੇ ਵਿਕਾਸ ਨੂੰ ਬਚਾਉਣ ਲਈ ਲੱਗੀਆਂ ਹੋਈਆਂ ਹਨ ਪਰ ਦੂਜੇ ਪਾਸੇ ਬੇਅਦਬੀ ਦਲ ਥਾਂ-ਥਾਂ ਰੈਲੀਆਂ ਕਰਕੇ ਆਪਣੇ ਉਮੀਦਵਾਰਾਂ ਦਾ ਐਲਾਨ ਕਰਕੇ ਕਿਸਾਨੀ ਸੰਘਰਸ਼ ਦਾ ਮਜ਼ਾਕ ਉਡਾ ਰਿਹਾ ਹੈ । ਕਿਸਾਨੀ ਸੰਘਰਸ਼ ਵਿੱਚ ਸਾਥ ਦੇਣ ਦੀ ਬਜਾਏ ਪੰਜਾਬ ਦੀ ਲੋਕ-ਸ਼ਕਤੀ ਨੂੰ ਗ਼ਲਤ ਦਿਸ਼ਾ ਦੇ ਕੇ ਕਿਸਾਨੀ ਸੰਘਰਸ਼ ਨੂੰ ਵੱਡੀ ਢਾਹ ਲਾ ਰਿਹਾ ਹੈ । ਹਰ ਰੋਜ਼ ਔਸਤ ਦੋ ਕਿਸਾਨਾਂ ਦੀ ਮੌਤ ਹੋ ਰਹੀ ਹੈ। ਪਰ ਬੇਅਦਬੀ ਦਲ ਨੇ ਮੂੰਹ ਬੰਦ ਕੀਤਾ ਹੋਇਆ ਹੈ । ਫੈਡਰੇਸ਼ਨ ਆਗੂਆਂ ਨੇ ਕਿਹਾ ਕਿ ਅਕਾਲੀ ਦਲ ਬਾਦਲ “ਪੰਜਾਬ ਮੰਗਦਾ ਜਵਾਬ” ਤਹਿਤ ਪੈਸੇ ਦੇ ਜ਼ੋਰ ਤੇ ਵੱਡੀਆਂ-ਵੱਡੀਆਂ ਰੈਲੀਆਂ ਕਰਕੇ ਲੋਕਾਂ ਦੀ ਸਿਹਤ ਨਾਲ ਵੀ ਖਿਲਵਾੜ ਕਰ ਰਿਹਾ ਹੈ ਜਦੋਂਕਿ ਕੋਰੋਨਾ ਆਪਣੀ ਚਰਮਸੀਮਾ ਤੇ ਪਹੁੰਚ ਰਿਹਾ ਹੈ। ਉਹਨਾਂ ਨੇ ਸਿੱਖ ਪੰਥ ਅਤੇ ਪੰਜਾਬ ਦਾ ਹਿਤੈਸ਼ੀ ਹੋਣ ਦਾ ਵਿਖਾਵਾ ਕਰਨ ਵਾਲੇ ਸੁਖਬੀਰ ਸਿੰਘ ਬਾਦਲ ਨੂੰ ਸੁਆਲਾਂ ਦੇ ਕਟਹਿਰੇ ਵਿੱਚ ਖੜ੍ਹਾ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕ ਤੇ ਪੰਥਕ ਦਰਦੀ ਬਾਦਲਾਂ ਤੋਂ ਹੇਠ ਲਿਖੇ ਸੁਆਲਾਂ ਦੇ ਜਵਾਬ ਮੰਗਦੇ ਹਨ ਅਤੇ ਇਨ੍ਹਾਂ ਸਵਾਲਾਂ ਦੇ ਜਵਾਬ ਬਾਦਲਾਂ ਨੂੰ ਸਿੱਖ ਕੌਮ ਤੇ ਪੰਜਾਬੀਆਂ ਨੂੰ ਦੇਣੇ ਪੈਣਗੇ ।
ਜਿਵੇਂ ਕਿ 1978 ਵਿੱਚ ਸ ਪ੍ਕਾਸ਼ ਸਿੰਘ ਬਾਦਲ ਨੇ ਮੁੱਖ ਮੰਤਰੀ ਹੁੰਦਿਆਂ ਨਿਰੰਕਾਰੀਆਂ ਨੂੰ ਅਮ੍ਰਿੰਤਸਰ ਵਿੱਚ ਸਮਾਗਮ ਕਰਨ ਦੀ ਆਗਿਆ ਕਿਉਂ ਦਿੱਤੀ ਗਈ ?
ਫਿਰ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਕਰਨ ਵਾਲੇ ਤੇ 13ਸਿੰਘਾਂ ਦੇ ਕਾਤਲ ਗੁਰਬਚਨ ਸਿੰਘ ਨੂੰ ਗ੍ਰਿਫਤਾਰ ਕਰਨ ਦੀ ਬਜਾਏ ਸਰਕਾਰੀ ਕਾਰ ਵਿੱਚ ਪੰਜਾਬੋਂ ਬਾਹਰ ਕਿਉਂ ਕੱਢਿਆਂ ਗਿਆ ?
ਉਨ੍ਹਾ ਪੁੱਛਿਆ ਕਿ ਮੁੱਖ ਮੰਤਰੀ ਹੁੰਦਿਆਂ ਬਾਦਲ ਨੇ 1978 ਕਾਂਡ ਦੇ ਮੁੱਖ ਦੋਸ਼ੀ ਨਿਰੰਕਾਰੀ ਗੁਰਬਚਨ ਸਿੰਘ ਤੇ ਉਹਨਾਂ ਦੇ ਸਾਥੀਆਂ ਜਿਹਨਾਂ ਨੂੰ ਕਰਨਾਲ ਸੈਸ਼ਨ ਕੋਰਟ ਨੇ ਬਰੀ ਕਰ ਦਿੱਤਾ ਸੀ , ਦੇ ਵਿਰੁੱਧ ਪੰਜਾਬ ਸਰਕਾਰ ਵਲੋਂ ਹਾਈ ਕੋਰਟ ਵਿੱਚ ਮਿੱਥੇ ਸਮੇਂ ਅਨੁਸਾਰ ਅਪੀਲ ਕਿਉਂ ਨਹੀ ਪਾਈ ਸੀ ? ਜਿਸ ਕਾਰਨ ਨਿਰੰਕਾਰੀਆਂ ਵਿਰੁੱਧ ਕੇਸ ਹਾਈਕੋਰਟ ਵਿੱਚ ਅੱਗੇ ਨਾ ਚੱਲ ਸਕਿਆਂ ।
ਉਨ੍ਹਾਂ ਕਿਹਾ ਕਿ ਕੀ ਬਾਦਲਾਂ ਨੇ ਓਪਰੇਸ਼ਨ ਬਲਿਊ ਸਟਾਰ ਵੇਲੇ ਸ਼ਹੀਦ ਹੋਏ ਸਿੱਖਾਂ ਦੇ ਪਰਿਵਾਰਾਂ , ਜੋਧਪੁਰੀਆਂ ਤੇ ਧਰਮੀ ਫੌਜੀਆਂ ਦੀ ਕਦੇ ਬਾਂਹ ਫੜੀ ? ਕੀ ਬਾਦਲਾਂ ਨੇ ਨਕੋਦਰ ਕਾਂਡ ਵਿਚ ਸ਼ਹੀਦ ਕੀਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਚਾਰ ਸਿੱਖ ਨੌਜਵਾਨਾਂ ਦੇ ਕਾਤਲਾਂ ਨੂੰ ਸਜ਼ਾਵਾਂ ਦਿੱਤੀਆਂ ?
ਕੀ ਬਾਦਲਾਂ ਨੇ ਸਿੰਘ ਸਹਿਬਾਨਾਂ ਨੂੰ ਮੁੱਖ ਮੰਤਰੀ ਨਿਵਾਸ ਤੇ ਸੱਦ ਕੇ ਦਬਾਅ ਪਾ ਕੇ ਸਿਰਸੇ ਵਾਲੇ ਸਾਧ ਨੂੰ ਮੁਆਫੀ ਨਹੀਂ ਦਿਵਾਈ ?
ਕੀ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਸ਼੍ਰੋਮਣੀ ਕਮੇਟੀ ਦੇ ਫੰਡ ਵਿੱਚੋਂ 92 ਲੱਖ ਦੇ ਇਸ਼ਤਿਹਾਰ ਜਾਰੀ ਨਹੀਂ ਕੀਤੇ ਕਿ ਡੇਰਾ ਮੁਖੀ ਦੀ ਮੁਆਫੀ ਸਿੱਖਾਂ ਦੇ ਹੱਕ ਵਿੱਚ ਹੈ ? ਕੀ ਬਾਦਲਾਂ ਦੇ ਰਾਜ ਵਿੱਚ ਬਰਗਾੜੀ ਤੇ ਪੰਜਾਬ ਦੇ ਚੱਪੇ ਚੱਪੇ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਬਦੀ ਨਹੀਂ ਹੋਈ ?
ਸਿੱਖ ਨੌਜਵਾਨਾਂ ਦੇ ਖੂਨ ਦੇ ਪਿਆਸੇ ਤੇ ਕਾਤਲ ਸੁਮੇਧ ਸੈਣੀ ਨੂੰ ਡੀ ਜੀ ਪੀ ਕਿਉਂ ਲਾਇਆਂ ਗਿਆਂ ?
ਕੀ ਬਾਦਲਾਂ ਦੇ ਰਾਜ ਵਿੱਚ ਬਹਿਬਲ ਕਲਾਂ ਕਾਂਡ ਵਿੱਚ ਪੁਲੀਸ ਦੀ ਗੋਲੀ ਨਾਲ ਦੋ ਸਿੱਖ ਨੌਜਵਾਨ ਸ਼ਹੀਦ ਨਹੀਂ ਹੋਏ ? ਦੋਸ਼ੀਆਂ ਨੂੰ ਕੋਈ ਸਜ਼ਾ ਦਿੱਤੀ ਗਈ ?
ਕੀ ਬਾਦਲਾਂ ਨੇ ਬਰਗਾੜੀ ਤੇ ਬਹਿਬਲ ਕਲਾਂ ਕਾਂਡ ਦੇ ਦੇ ਦੋਸ਼ੀਆਂ ਤੇ ਕੋਈ ਕਾਰਵਾਈ ਕੀਤੀ ?
ਕੀ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ 328 ਸਰੂਪਾਂ ਦੇ ਮਾਮਲੇ ਵਿਚ ਸਿੱਖ ਸੰਗਤ ਨੂੰ ਇਨਸਾਫ਼ ਦਿੱਤਾ? ਫੈਡਰੇਸ਼ਨ ਆਗੂਆਂ ਨੇ ਕਿਹਾ ਕਿ ਪੰਜਾਬ ਦੇ ਲੋਕ ਬਾਦਲਾਂ ਕੋਲੋਂ ਵੀ ਜਵਾਬ ਮੰਗਦੇ ਹਨ । ਉਹਨਾਂ ਸਮੂਹ ਪੰਜਾਬੀਆਂ ਨੂੰ ਅਪੀਲ ਕਰਦਿਆਂ ਕਿਹਾ ਆਉ ਆਪੋ ਆਪਣਾ ਬਣਦਾ ਯੋਗਦਾਨ ਪਾਈਏ ਤੇ ਪੰਜਾਬ ਵਿੱਚ ਚੌਥਾ ਸਿਆਸੀ ਮੁਹਾਜ਼ ਉਸਾਰ ਕੇ ਕਾਂਗਰਸ , ਬੇਅਦਬੀ ਦਲ ਤੇ ਭਾਜਪਾ ਦਾ ਪੰਜਾਬ ਵਿਚੋਂ ਸਫ਼ਾਇਆ ਕਰਕੇ ਲੋਕਾਂ ਦੀਆਂ ਭਾਵਨਾਵਾਂ ਵਾਲੇ ਨਵੇਂ ਪੰਜਾਬ ਦੀ ਸਿਰਜਣਾ ਕਰੀਏ।