ਇੰਡਸਟਰੀ ਦੇ ਨੁੰਮਾਇਦਿਆਂ ਨਾਲ ਵੀਡਿਓ ਕਾਨਫਰੰਸ ਕੀਤੀ ਅਤੇ ਕਿਹਾ ਕਿ 222 ਮਸਲਿਆਂ ਵਿਚੋਂ 98 ਮਸਲੇ ਹੱਲ ਹੋ ਗਏ ਹਨ
ਚੰਡੀਗੜ੍ਹ/30 ਮਾਰਚ( ਵਿਸ਼ਵ ਵਾਰਤਾ):ਕੇਂਦਰੀ ਫੂਡ ਪ੍ਰੇਸੈਸਿੰਗ ਇੰਡਸਟਰੀਜ਼ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਅੱਜ ਇੰਡਸਟਰੀ ਦੇ ਨੁੰਮਾਇਦਿਆਂ ਨੂੰ ਭਰੋਸਾ ਦਿਵਾਇਆ ਹੈ ਕਿ ਮੌਜੂਦਾ ਤਾਲਾਬੰਦੀ ਕਰਕੇ ਫੂਡ ਪ੍ਰੋਸੈਸਿੰਗ ਅਤੇ ਅਨਸਿਲਰੀ ਉਦਯੋਗਾਂ ਨੂੰ ਆ ਰਹੀਆਂ ਮੁਸ਼ਕਿਲਾਂ ਦੇ ਹੱਲ ਲਈ ਇੱਕ ਟਾਸਕ ਫੋਰਸ ਕਾਇਮ ਕਰ ਦਿੱਤੀ ਗਈ ਹੈ।
ਵੱਡੇ ਉਦਯੋਗਿਕ ਘਰਾਣਿਆਂ ਜਿਵੇਂ ਸੀਆਈਆਈ, ਐਫਆਈਸੀਸੀਆਈ, ਐਸੋਚੈਮ, ਪੀਐਚਡੀਸੀਸੀਆਈ, ਏਆਈਐਫਪੀਏ, ਆਈਸੀਸੀ, ਫਾਈਨਰ ਅਤੇ ਡੀਆਈਸੀਸੀਆਈ ਨਾਲ ਇੱਕ ਵੀਡਿਓ ਕਾਨਫਰੰਸ ਕਰਦਿਆਂ ਕੇਂਦਰੀ ਮੰਤਰੀ ਨੇ ਕਿਹਾ ਕਿ ਇਸ ਟਾਸਕ ਫੋਰਸ ਵਿਚ ਫੂਡ ਪ੍ਰੋਸੈਸਿੰਗ ਮੰਤਰਾਲੇ ਦੇ ਸਾਰੇ ਸੀਨੀਅਰ ਅਧਿਕਾਰੀਆਂ ਅਤੇ ਨਿਵੇਸ਼ ਭਾਰਤ ਦੇ ਮੈਂਬਰਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਇਸ ਟੀਮ ਕੋਲ ਹੁਣ ਤਕ ਆਏ 222 ਮਸਲਿਆਂ ਵਿੱਚੋਂ 98 ਨੂੰ ਹੱਲ ਕਰ ਦਿੱਤਾ ਗਿਆ ਹੈ ਅਤੇ ਬਾਕੀ ਵਿਚਾਰ ਅਧੀਨ ਹਨ।
ਇਸ ਵੀਡਿਓ ਕਾਨਫਰੰਸ ਦੌਰਾਨ ਇੰਡਸਟਰੀ ਦੇ ਪ੍ਰਤੀਨਿਧਾਂ ਨੇ ਦੱਸਿਆ ਕਿ ਬੇਸ਼ੱਕ ਜਰੂਰੀ ਵਸਤਾਂ ਦੇ ਉਤਪਾਦਨ ਅਤੇ ਢੋਅ-ਢੁਆਈ ਦੀ ਆਗਿਆ ਦੇਣ ਲਈ ਸੂਬਾ ਸਰਕਾਰਾਂ ਨੂੰ ਸਖ਼ਤ ਨਿਰਦੇਸ਼ ਜਾਰੀ ਕੀਤੇ ਜਾ ਚੁੱਕੇ ਹਨ , ਪਰ ਸੂਬਾ ਸਰਕਾਰਾਂ ਦੁਆਰਾ ਉਹਨਾਂ ਨੂੰ ਵੱਖ ਵੱਖ ਰਸਤਿਆਂ ਉੱਤੇ ਰੋਕਿਆ ਜਾ ਰਿਹਾ ਹੈ। ਉਹਨਾਂ ਨੇ ਖੁਰਾਕੀ ਵਸਤਾਂ ਦੇ ਉਤਪਾਦਨ ਅਤੇ ਢੋਅ-ਢੁਆਈ ਸੰਬੰਧੀ ਸਾਰੇ ਰਾਜਾਂ ਲਈ ਇੱਕ ਸਾਂਝਾ ਸਿਸਟਮ ਬਣਾਉਣ ਦੀ ਲੋੜ ਉੱਤੇ ਜ਼ੋਰ ਦਿੱਤਾ। ਉਹਨਾਂ ਇਹ ਵੀ ਕਿਹਾ ਕਿ ਉਹਨਾਂ ਨੂੰ ਫੈਕਟਰੀ ਬੰਦ ਕਰਨ, ਵੇਅਰ ਹਾਊਸ ਚਲਾਉਣ ਦੀ ਆਗਿਆ ਲੈਣ, ਇੱਕ ਥਾਂ ਤੋਂ ਦੂਜੇ ਥਾਂ ਉੱਤੇ ਜਾਣ ਅਤੇ ਉਦਯੋਗਾਂ ਦੀ ਮੈਨੇਜਮੈਂਟ ਸੰਬੰਧੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੰਡਸਟਰੀ ਪ੍ਰਤੀਨਿਧੀਆਂ ਨੇ ਇਹ ਵੀ ਦੱਸਿਆ ਕਿ ਉਤਪਾਦਨ ਚੱਲਦਾ ਰੱਖਣ ਲਈ ਲੋੜੀਂਦੀ ਲੇਬਰ ਮੌਜੂਦ ਨਹੀਂ ਹੈ ਅਤੇ ਢੋਅ-ਢੁਆਈ ਲਈ ਵਾਹਨਾਂ ਦੀ ਵੀ ਕਮੀ ਹੈ। ਉਹਨਾਂ ਇਹ ਵੀ ਅਪੀਲ ਕੀਤੀ ਕਿ ਦੇਸ਼ ਭਰ ਵਿਚ ਕਰਿਆਨਾ ਸਟੋਰਾਂ ਨੂੰ ਖੋਲ੍ਹਣ ਦੀ ਆਗਿਆ ਦਿੱਤੀ ਜਾਵੇ ਤਾਂ ਕਿ ਖੁਰਾਕੀ ਵਸਤਾਂ ਦੀ ਕੜੀ ਅੱਗੇ ਤੁਰ ਪਏ।
ਬੀਬਾ ਬਾਦਲ ਨੇ ਕਿਹਾ ਕਿ ਉਹ ਇਹ ਸੁਝਾਅ ਅੱਗੇ ਰੱਖਣਗੇ ਕਿ ਫੂਡ ਇੰਡਸਟਰੀ ਵਿਚ ਕੰਮ ਕਰਦੇ ਕਾਮਿਆਂ ਨੂੰ ਬਾਕੀ ਕਾਮਿਆਂ ਵਾਂਗ ਮੰਨਿਆ ਜਾਵੇ ਅਤੇ ਉਹਨਾਂ ਦਾ 50 ਲੱਖ ਰੁਪਏ ਦਾ ਬੀਮਾ ਕੀਤਾ ਜਾਵੇ। ਉਹਨਾਂ ਕਿਹਾ ਕਿ ਫੂਡ ਪ੍ਰੋਸੈਸਿੰਗ ਇੰਡਸਟਰੀ ਲਈ ਖੁਰਾਕੀ ਵਸਤਾਂ ਦੀ ਨਿਰਵਿਘਨ ਸਪਲਾਈ ਅਤੇ ਕੱਚੇ ਮਾਲ ਦੀ ਪ੍ਰਾਪਤੀ ਲਈ ਟਰਾਂਸਪੋਰਟ ਯੂਨੀਅਨਾਂ ਨਾਲ ਗੱਲਬਾਤ ਸ਼ੁਰੂ ਕੀਤੀ ਜਾਵੇਗੀ। ਉਹਨਾਂ ਇੰਡਸਟਰੀ ਨੁੰਮਾਇਦਿਆਂ ਨੂੰ ਭਰੋਸਾ ਦਿਵਾਇਆ ਕਿ ਉਹਨਾਂ ਵੱਲੋਂ ਦਿੱਤੇ ਸਾਰੇ ਸੁਝਾਵਾਂ ਅਤੇ ਸ਼ਿਕਾਇਤਾਂ ਦਾ ਉਹ ਪੰਜ ਦਿਨਾਂ ਦੇ ਅੰਦਰ ਮੁਲੰਕਣ ਕਰਨਗੇ।
ਨੈਸਲੇ ਦੇ ਸੀਐਮਡੀ ਸੁਰੇਸ਼ ਨਾਰਾਇਣ ਨੇ ਕਿਹਾ ਕਿ ਉਹਨਾਂ ਦੀ ਕੰਪਨੀ ਨੇ ਤਾਲਾਬੰਦੀ ਦੌਰਾਨ 1.10 ਲੱਖ ਲੀਟਰ ਦੁੱਧ ਦੀ ਪ੍ਰੋਸੈਸਿੰਗ ਕਰਕੇ ਮੋਗਾ ਜ਼ਿਲ੍ਹੇ ਦੇ ਪਸ਼ੂ ਪਾਲਕਾਂ ਦੀ ਮੱਦਦ ਕੀਤੀ ਹੈ ਅਤੇ ਦੁੱਧ ਦਾ ਇਕ ਤੁਪਕਾ ਵੀ ਖਰਾਬ ਨਹੀਂ ਹੋਣ ਦਿੱਤਾ ਹੈ।