ਮੁੱਖ ਮੰਤਰੀ ਵੱਲੋਂ ਰੱਖਿਆ ਮੰਤਰੀ ਨੂੰ ਜੰਗ ਅਤੇ ਜੰਗੀ ਨਾਇਕਾਂ ਦੇ ਜੀਵਨ ‘ਤੇ ਅਧਾਰਿਤ ਫਿਲਮਾਂ ਬਣਾਉਣ ਲਈ ਪ੍ਰਵਾਨਗੀਆਂ ਸਰਲ ਕਰਨ ਦੀ ਅਪੀਲ
ਚੰਡੀਗੜ੍ਹ, 12 ਫਰਵਰੀ (ਵਿਸ਼ਵ ਵਾਰਤਾ) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕਿਹਾ ਕਿ ਉਹ ਜੰਗ ਅਤੇ ਜੰਗੀ ਨਾਇਕਾਂ ਦੇ ਜੀਵਨ ‘ਤੇ ਫਿਲਮਾਂ ਦੀ ਸ਼ੂਟਿੰਗ ਲਈ ਲੋੜੀਂਦੀਆਂ ਪ੍ਰਵਾਨਗੀਆਂ ਦੀ ਪ੍ਰਕ੍ਰਿਆ ਨੂੰ ਸਰਲ ਅਤੇ ਤੇਜ਼ ਕਰਨ ਲਈ ਰੱਖਿਆ ਮੰਤਰੀ ਨੂੰ ਅਪੀਲ ਕਰਨਗੇ |
ਕੈਪਟਨ ਅਮਰਿੰਦਰ ਸਿੰਘ ਨੇ ਅੱਜ ਨਿਰਮਾਤਾ-ਨਿਰਦੇਸ਼ਕ ਜੇ.ਪੀ. ਦੱਤਾ ਨੂੰ ਇਹ ਭਰੋਸਾ ਦਿੱਤਾ ਜਿਨ੍ਹਾਂ ਨੇ ਅੱਜ ਆਪਣੀ ਅਗਲੀ ਫਿਲਮ ‘ਪਲਟਣ’ ਦੀ ਟੀਮ ਨਾਲ ਇੱਥੇ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ | ਇਹ ਫਿਲਮ ਨੱਥੂ ਲਾ (ਸਿੱਕਮ) ਵਿਖੇ 1967 ਵਿੱਚ ਭਾਰਤ-ਚੀਨ ਦਰਮਿਆਨ ‘ਟਕਰਾਅ ਦੁਆਲੇ ਕੇਂਦਰਿਤ ਹੈ |
ਸ੍ਰੀ ਦੱਤਾ ਜੋ ਇਸ ਵੇਲੇ ਪੰਜਾਬ ਵਿੱਚ ਫਿਲਮ ਦੀ ਸ਼ੂਟਿੰਗ ਕਰ ਰਹੇ ਹਨ, ਨੇ ਕਿਹਾ ਕਿ ਫਿਲਮ ਨਿਰਮਾਤਾਵਾਂ ਨੂੰ ਕਈ ਬੰਦਸ਼ਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂ ਜੋ ਰੱਖਿਆ ਅਧਾਰਿਤ ਫਿਲਮ ਬਣਾਉਣ ਲਈ ਕਈ ਤਰ੍ਹਾਂ ਦੀਆਂ ਪ੍ਰਵਾਨਗੀਆਂ ਦੀ ਲੋੜ ਪੈਂਦੀ ਹੈ | ਸ੍ਰੀ ਦੱਤਾ ਨੇ ਕਿਹਾ ਕਿ ਇਸ ਨਾਲ ਬਹੁਤ ਦੇਰੀ ਹੁੰਦੀ ਹੈ ਅਤੇ ਇਹ ਕਾਰਨ ਫਿਲਮ ਨਿਰਮਾਤਾਵਾਂ ਨੂੰ ਅਜਿਹੀਆਂ ਫਿਲਮਾਂ ਬਣਾਉਣ ਤੋਂ ਰੋਕਦੇ ਹਨ |
ਫਿਲਮ ਨਿਰਤਾਮਾਵਾਂ ਦੀ ਚਿੰਤਾ ਸਾਂਝੀ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਹ ਇਸ ਮਾਮਲੇ ਨੂੰ ਰੱਖਿਆ ਮੰਤਰੀ ਕੋਲ ਉਠਾਉਣਗੇ | ਕੈਪਟਨ ਅਮਰਿੰਦਰ ਸਿੰਘ ਜੋ ਖੁਦ ਫੌਜ ਵਿੱਚ ਸੇਵਾ ਨਿਭਾਅ ਚੁੱਕੇ ਹਨ ਅਤੇ ਫੌਜੀ ਇਤਿਹਾਸਕਾਰ ਵੀ ਹਨ, ਨੇ ਕਿਹਾ ਕਿ ਅਜਿਹੀਆਂ ਫਿਲਮਾਂ ਰੱਖਿਆ ਸੈਨਾਵਾਂ ਦੇ ਹਿੱਤ ਵਿੱਚ ਹਨ ਜੋ ਨੌਜਵਾਨਾਂ ਨੂੰ ਫੌਜ ਵਿੱਚ ਭਰਤੀ ਹੋਣ ਲਈ ਪ੍ਰੇਰਿਤ ਕਰਨ ਵਿੱਚ ਸਹਾਈ ਹੋ ਸਕਦੀਆਂ ਹਨ |
ਸ੍ਰੀ ਦੱਤਾ ਨੇ ਫਿਲਮ ਉਦਯੋਗ ਨੂੰ ਕੌਮੀ ਐਵਾਰਡ ਜੇਤੂ ‘ਬਾਰਡਰ’ ਵਰਗੀਆਂ ਜੰਗ ਅਧਾਰਿਤ ਬਿਹਤਰੀਨ ਫਿਲਮਾਂ ਦਿੱਤੀਆਂ ਹਨ | ਸ੍ਰੀ ਦੱਤਾ ਨੇ ਮੁੱਖ ਮੰਤਰੀ ਵੱਲੋਂ ਉਨ੍ਹਾਂ ਅਤੇ ਉਨ੍ਹਾਂ ਦੀ ਟੀਮ ਦੀ ਦੁਪਹਿਰ ਦੇ ਭੋਜਨ ਲਈ ਮੇਜ਼ਬਾਨੀ ਕਰਨ ਲਈ ਧੰਨਵਾਦ ਕੀਤਾ |
ਸ੍ਰੀ ਦੱਤਾ ਨਾਲ ਫਿਲਮ ਅਦਾਕਾਰ ਸੋਨੂ ਸੂਦ, ਅਰਜੁਨ ਰਾਮਪਾਲ, ਸੋਨਲ ਚੌਹਾਨ, ਮੋਨਿਕਾ ਗਿੱਲ, ਗੌਤਮ, ਨਿਧੀ ਦੱਤਾ, ਗੁਰਮੀਤ ਚੌਧਰੀ, ਲਵ ਸਿਨਹਾ ਅਤੇ ਹਰਸ਼ਵਰਧਨ ਰਾਣੇ ਹਾਜ਼ਰ ਸਨ |