ਫਿਰ ਵਿਵਾਦਾਂ ਵਿੱਚ ਘਿਰੀ ਬਾਲੀਵੁੱਡ ਅਭਿਨੇਤਰੀ ਸ਼ਿਲਪਾ ਸ਼ੈੱਟੀ , ਨਵਾਂ ਕੇਸ ਦਰਜ
ਡੇਢ ਕਰੋੜ ਦੀ ਧੋਖਾਧੜੀ ਦੇ ਦੋਸ਼ ਵਿੱਚ ਮੁੰਬਈ ਪੁਲਿਸ ਜਲਦ ਕਰ ਸਕਦੀ ਹੈ ਪੁੱਛਗਿੱਛ
ਚੰਡੀਗੜ੍ਹ, 14ਨਵੰਬਰ(ਵਿਸ਼ਵ ਵਾਰਤਾ)-ਮੁੰਬਈ ਦੇ ਬਾਂਦਰਾ ਪੁਲਸ ਸਟੇਸ਼ਨ ‘ਚ ਬਾਲੀਵੁੱਡ ਅਭਿਨੇਤਰੀ ਸ਼ਿਲਪਾ ਸ਼ੈੱਟੀ ਅਤੇ ਉਨ੍ਹਾਂ ਦੇ ਪਤੀ ਰਾਜ ਕੁੰਦਰਾ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਨਿਤਿਨ ਬਰਾਈ ਨਾਮਕ ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਹੈ ਕਿ ਸ਼ਿਲਪਾ ਅਤੇ ਰਾਜ ਨੇ 2014 ਤੋਂ ਹੁਣ ਤੱਕ ਸਪਾ ਅਤੇ ਜਿਮ ਦੀ ਫਰੈਂਚਾਇਜ਼ੀ ਵੰਡਣ ਦੇ ਨਾਂ ‘ਤੇ ਕਈ ਵਾਰ ਠੱਗੀ ਮਾਰੀ ਹੈ। ਨਿਤਿਨ ਨੇ ਇਸ ਮਾਮਲੇ ‘ਚ ਕਾਸ਼ਿਫ ਖਾਨ, ਦਰਸ਼ਿਤ ਸ਼ਾਹ ਅਤੇ ਉਨ੍ਹਾਂ ਦੇ ਕੁਝ ਸਾਥੀਆਂ ‘ਤੇ ਵੀ ਦੋਸ਼ ਲਗਾਏ ਹਨ। ਹਾਲਾਂਕਿ, ਇਸਦੀ ਕੋਈ ਜਾਣਕਾਰੀ ਨਹੀਂ ਹੈ ਕਿ ਕਾਸ਼ਿਫ ਅਤੇ ਦਰਸ਼ਿਤ ਕੌਣ ਹਨ ਅਤੇ ਸ਼ਿਲਪਾ-ਰਾਜ ਦੀ ਕੰਪਨੀ ਵਿੱਚ ਉਨ੍ਹਾਂ ਦੀ ਕੀ ਭੂਮਿਕਾ ਹੈ।
ਸ਼ਿਕਾਇਤਕਰਤਾ ਨਿਤਿਨ ਦਾ ਕਹਿਣਾ ਹੈ ਕਿ ਉਸਨੇ ਪੁਣੇ ਦੇ ਕੋਰੇਗਾਓਂ ਵਿੱਚ ਸ਼ਿਲਪਾ ਅਤੇ ਰਾਜ ਦੀ ਫਰਮ ‘ਮੈਸਰਜ਼ ਐਸਐਫਐਲ ਪ੍ਰਾਈਵੇਟ ਕੰਪਨੀ’ ਦੀ ਇੱਕ ਜਿਮ ਅਤੇ ਸਪਾ ਫਰੈਂਚਾਈਜ਼ੀ ਖੋਲ੍ਹੀ ਸੀ। ਮੁਲਜ਼ਮਾਂ ਨੇ ਉਸ ਤੋਂ 1 ਕਰੋੜ 59 ਲੱਖ 27 ਹਜ਼ਾਰ ਰੁਪਏ ਦਾ ਨਿਵੇਸ਼ ਕੀਤਾ ਅਤੇ ਫਿਰ ਉਨ੍ਹਾਂ ਪੈਸਿਆਂ ਦੀ ਨਿੱਜੀ ਵਰਤੋਂ ਕੀਤੀ। ਪੈਸੇ ਵਾਪਸ ਮੰਗਣ ‘ਤੇ ਉਸਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਸ਼ਿਲਪਾ ਅਤੇ ਰਾਜ ਤੋਂ ਇਸ ਮਾਮਲੇ ਵਿੱਚ ਜਲਦ ਹੀ ਪੁੱਛਗਿੱਛ ਕੀਤੀ ਜਾ ਸਕਦੀ ਹੈ।
ਨਿਤਿਨ ਦੀ ਸ਼ਿਕਾਇਤ ਤੋਂ ਬਾਅਦ ਬਾਂਦਰਾ ਪੁਲਸ ਨੇ ਸ਼ਿਲਪਾ ਸ਼ੈਟੀ, ਰਾਜ ਕੁੰਦਰਾ ਅਤੇ ਹੋਰ ਦੋਸ਼ੀਆਂ ਖਿਲਾਫ ਆਈਪੀਸੀ ਦੀ ਧਾਰਾ 406, 409, 420, 506, 34 ਅਤੇ 120 (ਬੀ) ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਜਲਦ ਹੀ ਇਸ ਮਾਮਲੇ ‘ਚ ਦੋਸ਼ੀਆਂ ਤੋਂ ਪੁੱਛਗਿੱਛ ਕਰ ਸਕਦੀ ਹੈ। ਪੁਲਿਸ ਜਲਦੀ ਹੀ ਰਾਜ ਕੁੰਦਰਾ ਅਤੇ ਸ਼ਿਲਪਾ ਨਾਲ ਸੰਪਰਕ ਕਰਕੇ ਉਨ੍ਹਾਂ ਦਾ ਪੱਖ ਜਾਨ ਸਕਦੀ ਹੈ।