ਪੰਜਾਬ ਵਿੱਚ ਫਿਰ ਤੋਂ ਮੰਡਰਾਉਣ ਲੱਗਾ ਬਿਜਲੀ ਸੰਕਟ ਦਾ ਖਤਰਾ
ਲਹਿਰਾ ਮੁਹੱਬਤ ਥਰਮਲ ਪਲਾਂਟ ਦੇ 2 ਯੂਨਿਟ ਬੰਦ!
ਪੜ੍ਹੋ ਕਿਹੜੇ ਇਲਾਕਿਆਂ ਵਿੱਚ ਲੱਗਣਗੇ 2 ਤੋਂ 7 ਘੰਟੇ ਲੰਬੇ ਬਿਜਲੀ ਕੱਟ
ਚੰਡੀਗੜ੍ਹ,14 ਮਈ(ਵਿਸ਼ਵ ਵਾਰਤਾ)- ਪੰਜਾਬ ਵਿੱਚ ਇੱਕ ਵਾਰ ਫਿਰ ਤੋਂ ਬਿਜਲੀ ਸੰਕਟ ਦਾ ਖਤਰਾ ਮੰਡਰਾਉਣ ਲੱਗ ਗਿਆ ਹੈ। ਜਾਣਕਾਰੀ ਅਨੁਸਾਰ ਲਹਿਰਾ ਮੁਹੱਬਤ ਥਰਮਲ ਪਲਾਂਟ ਦੇ ਦੋ ਯੂਨਿਟ ਬੰਦ ਹੋ ਗਏ ਹਨ। ਜਿਕਰਯੋਗ ਹੈ ਕਿ ਇਸੇ ਪਲਾਂਟ ਦਾ ਇਕ ਯੂਨਿਟ ਪਹਿਲਾਂ ਤੋਂ ਹੀ ਬੰਦ ਹੈ। ਇਸਦੇ ਨਾਲ ਹੀ ਰੋਪੜ ਪਲਾਂਟ ਦਾ ਯੂਨਿਟ ਨੰਬਰ ਤਿੰਨ ਵੀ ਬੰਦ ਪਿਆ ਹੈ। ਸਰਕਾਰੀ ਥਰਮਲਾਂ ਦੇ 8 ਚੋਂ 4 ਯੂਨਿਟ ਬੰਦ ਹੋਣ ਕਰਕੇ ਬਿਜਲੀ ਉਤਪਾਦਨ ਵਿੱਚ 880 ਮੈਗਾਵਾਟ ਦੀ ਘਾਟ ਹੋ ਗਈ ਹੈ। ਇਸ ਤੋਂ ਇਲਾਵਾ ਨਿੱਜੀ ਥਰਮਲਾਂ ‘ਚੋਂ ਤਲਵੰਡੀ ਸਾਬੋ ਤੇ ਜੀਵੀਕੇ ਪਲਾਂਟ ਦਾ ਇਕ-ਇਕ ਯੂਨਿਟ ਵੀ ਬੰਦ ਹੀ ਹੈ। ਜਿਸ ਕਰਕੇ ਇਨ੍ਹਾਂ ਥਰਮਲਾਂ ਤੋਂ 930 ਮੈਗਾਵਾਟ ਬਿਜਲੀ ਉਤਪਾਦਨ ਪ੍ਰਭਾਵਿਤ ਹੋ ਰਿਹਾ ਹੈ। ਇੱਥੇ ਦੱਸਣਾ ਇਹ ਬਣਦਾ ਹੈ ਕਿ ਅੱਜ ਲੁਧਿਆਣਾ, ਬਲਾਚੌਰ, ਅਬੋਹਰ, ਗੜ੍ਹਸ਼ੰਕਰ, ਜੈਤੋ, ਫਰੀਦਕੋਟ, ਫਿਰੋਜ਼ਪੁਰ, ਗੁਰੂਹਰਸਹਾਏ, ਬੰਗਾ ਤੇ ਪਟਿਆਲਾ ਦੇ ਇਲਾਕਿਆਂ ਵਿੱਚ ਦੋ ਤੋਂ ਸੱਤ ਘੰਟੇ ਬਿਜਲੀ ਦਾ ਕੱਟ ਲੱਗੇਗਾ। ਪਟਿਆਲਾ ਦੇ ਅਰਬਨ ਅਸਟੇਟ ਸਬ ਡਵੀਜ਼ਨ ਅਧੀਨ ਆਉਂਦੇ ਹੀਰਾ ਬਾਗ, ਆਈਟੀਬੀਪੀ, ਰਿਸ਼ੀ ਕਲੋਨੀ, ਚੌਰਾ, ਮੇਹਰ ਸਿੰਘ ਕਲੋਨੀ, ਬਲਜੀਤ ਕਲੋਨੀ, ਸ਼ਗਨ ਵਿਹਾਰ, ਨੀਲੀਮਾ ਵਿਹਾਰ ਆਦਿ ਇਲਾਕਿਆਂ ‘ਚ ਬਿਜਲੀ ਸਪਲਾਈ ਸਵੇਰੇ 10.00 ਵਜੇ ਤੋਂ ਲੈ ਕੇ ਸ਼ਾਮ ਦੇ 5:00 ਵਜੇ ਤੱਕ ਬੰਦ ਰਹੇਗੀ। ਇਹ ਵੀ ਜਿਕਰ ਕਰਨਾ ਬਣਦਾ ਹੈ ਕਿ ਪੰਜਾਬ ਵਿੱਚ ਅੱਜ ਸਵੇਰੇ ਬਿਜਲੀ ਦੀ ਮੰਗ 10 ਹਜ਼ਾਰ ਮੈਗਾਵਾਟ ਤੱਕ ਪਹੁੰਚ ਗਈ ਹੈ। ਇਸ ਦੇ ਚੱਲਦਿਆਂ ਜੇਕਰ ਬੰਦ ਪਏ ਯੂਨਿਟਾਂ ਨੂੰ ਜਲਦ ਤੋਂ ਜਲਦ ਠੀਕ ਨਹੀਂ ਕੀਤਾ ਜਾਂਦਾ ਤਾਂ ਇੱਕ ਵਾਰ ਫਿਰ ਤੋਂ ਬਿਜਲੀ ਦੇ ਲੰਬੇ ਲੰਬੇ ਕੱਟਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।