ਫਿਰੋਜ਼ਪੁਰ ਕੇਂਦਰੀ ਜੇਲ੍ਹ ਫਿਰ ਬਣੀ ਚਰਚਾ ਦਾ ਵਿਸ਼ਾ
8 ਮੋਬਾਈਲ ਫੋਨ ਕੀਤੇ ਗਏ ਬਰਾਮਦ
ਚੰਡੀਗੜ੍ਹ, 30ਜੂਨ(ਵਿਸ਼ਵ ਵਾਰਤਾ)-ਫ਼ਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਇੱਕ ਵਾਰ ਫਿਰ ਚਰਚਾ ਦਾ ਵਿਸ਼ਾ ਬਣ ਗਈ ਹੈ। ਜੇਲ੍ਹ ਵਿੱਚ ਪਿਛਲੇ ਕੁਝ ਸਮੇਂ ਤੋਂ ਕੁਝ ਲੋਕਾਂ ਵੱਲੋਂ ਬਾਹਰੋਂ ਲਗਾਤਾਰ ਪੈਕੇਟ ਸੁੱਟੇ ਜਾ ਰਹੇ ਹਨ, ਜਿਨ੍ਹਾਂ ਵਿੱਚ ਮੋਬਾਈਲ ਫੋਨ ਅਤੇ ਨਸ਼ੀਲੇ ਪਦਾਰਥ ਪਾਏ ਜਾਂਦੇ ਹਨ ਅਤੇ ਜੇਲ੍ਹ ਸਟਾਫ ਨੇ ਵੱਡੇ ਪੱਧਰ ਤੇ ਅਜਿਹੇ ਪੈਕੇਟ ਫੜਨ ਵਿਚ ਸਫਲਤਾ ਹਾਸਲ ਕੀਤੀ ਗਈ ਹੈ। ਜੇਲ੍ਹ ਪ੍ਰਸ਼ਾਸਨ ਨੇ ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਵਿਚੋਂ ਇਕ ਹੀ ਦਿਨ ਵਿਚ 8 ਮੋਬਾਈਲ ਫੋਨ ਬਰਾਮਦ ਕੀਤੇ ਹਨ। ਇਹ ਜਾਣਕਾਰੀ ਦਿੰਦਿਆਂ ਏ.ਐੱਸ.ਆਈ. ਬਲਦੇਵ ਸਿੰਘ ਨੇ ਦੱਸਿਆ ਕਿ ਸਹਾਇਕ ਸੁਪਰਡੈਂਟ ਸੁਖਵੰਤ ਸਿੰਘ ਵੱਲੋਂ ਪੁਲਿਸ ਨੂੰ ਭੇਜੇ ਇੱਕ ਪੱਤਰ ਵਿੱਚ ਦੱਸਿਆ ਗਿਆ ਹੈ ਕਿ ਗੁਪਤ ਸੂਚਨਾ ਦੇ ਅਧਾਰ ਤੇ ਜੇਲ੍ਹ ਵਿੱਚ ਬੰਦ ਹਵਾਲਾਤੀ ਹਰਭਜਨ ਸਿੰਘ ਉਰਫ ਥੱਲੂ ਨਿਵਾਸੀ ਮਜੀਠਾ ਤੋਂ ਤਲਾਸ਼ੀ ਦੌਰਾਨ ਬੈਟਰੀ ਤੇ ਸਿਮ ਕਾਰਡ ਨਾਲ ਇੱਕ ਸੈਮਸੰਗ (ਕੀ-ਪੈਡ) ਮੋਬਾਈਲ ਫੋਨ ਬਰਾਮਦ ਕੀਤਾ ਹੈ।
ਉਨ੍ਹਾਂ ਦੱਸਿਆ ਕਿ ਜੇਲ੍ਹ ਦੇ ਬਾਹਰੋਂ ਅਣਪਛਾਤੇ ਵਿਅਕਤੀਆਂ ਵੱਲੋਂ ਜੇਲ੍ਹ ਦੇ ਅੰਦਰ ਕਾਲੇ ਰੰਗ ਦੇ ਟੇਪ ਨਾਲ ਲਪੇਟਿਆ ਇੱਕ ਪੈਕੇਟ ਜੇਲ੍ਹ ਵਿੱਚ ਸੁੱਟਿਆ ਗਿਆ ਅਤੇ ਜੇਲ੍ਹ ਅਧਿਕਾਰੀਆਂ ਵੱਲੋਂ ਖੋਲ੍ਹ ਕੇ ਦੇਖਣ ਤੇ ਉਨ੍ਹਾਂ ਵਿੱਚੋਂ 2 ਰੇਡ ਕੰਪਨੀ ਦੇ ਟੱਚ ਸਕਰੀਨ ਮੋਬਾਈਲ ਫੋਨ ਅਤੇ 5 ਸੈਮਸੰਗ ਕੀ ਪੈਡ ਮੋਬਾਈਲ ਫੋਨ ਬਰਾਮਦ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਜੇਲ੍ਹ ਅਧਿਕਾਰੀਆਂ ਵੱਲੋਂ ਭੇਜੀ ਗਈ ਲਿਖਤੀ ਸ਼ਿਕਾਇਤ ਦੇ ਅਧਾਰ ਤੇ ਪੁਲਿਸ ਨੇ ਹਵਾਲਾਤੀ ਹਰਭਜਨ ਸਿੰਘ ਅਤੇ ਇੱਕ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।