ਫਿਰੋਜਪੁਰ ਛਾਉਣੀ ਵਿਚ 2 ਹਥਿਆਰਬੰਦ ਲੁਟੇਰੇ ਪਿਸਤੌਲ ਦੀ ਨੋਕ ‘ਤੇ ਕਾਰ ਖੋਹ ਕੇ ਲੈ ਗਏ
ਫਿਰੋਜਪੁਰ, 06 ਦਸੰਬਰ (ਕੁਮਾਰ) ਫਿਰੋਜਪੁਰ ਛਾਉਣੀ ਵਿਚ ਸੰਤ ਲਾਲ ਰੋਡ ‘ਤੇ ਬੀਤੀ ਰਾਤ ਦੋ ਹਥਿਆਰਬੰਦ ਲੁਟੇਰੇ ਇਕ ਵਿਅਕਤੀ ਤੋਂ ਪਿਸਤੌਲ ਦੀ ਨੌਕ ‘ਤੇ ਉਸਦੀ ਕਾਰ ਖੋਹ ਕੇ ਲੈ ਗਏ। ਇਸ ਘਟਨਾ ਸਬੰਧੀ ਥਾਣਾ ਫਿਰੋਜਪੁਰ ਛਾਉਣੀ ਦੀ ਪੁਲਿਸ ਵੱਲੋਂ ਸ਼ਿਕਾਇਤਕਰਤਾ ਅਦਿੱਤਿਆ ਗਰਗ ਪੁੱਤਰ ਨੀਰਜ ਕੁਮਾਰ ਗਰਗ ਵਾਸੀ ਮਕਾਨ ਨੰ: 128 ਅਨਾਜ ਮੰਡੀ ਫਿਰੋਜਪੁਰ ਛਾਉਣੀ ਦੇ ਬਿਆਨਾ ‘ਤੇ ਦੋ ਅਣਪਛਾਤੇ ਲੁਟੇਰਿਆਂ ਦੇ ਖਿਲਾਫ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਸੰਪਰਕ ਕਰਨ ‘ਤੇ ਥਾਣਾ ਫਿਰੋਜਪੁਰ ਛਾਉਣੀ ਦੇ ਏ.ਐਸ.ਆਈ. ਬਲਬੀਰ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਅਦਿੱਤਿਆ ਗਰਗ ਨੇ ਪੁਲਿਸ ਨੂੰ ਦਿੱਤੇ ਬਿਆਨਾ ਵਿਚ ਦੱਸਿਆ ਕਿ ਬੀਤੀ ਰਾਤ ਕਰੀਬ 8 ਵਜੇ ਉਹ ਆਪਣੇ ਸਫੈਦ ਰੰਗ ਦੀ ਕਾਰ ਵਰਨਾ ਨੰਬਰ ਪੀ.ਬੀ. 77-6300 ‘ਤੇ ਆਪਣੀ ਮਾਂ ਨੂੰ ਆਪਣੇ ਨਾਨਕ ਘਰ ਛੱਡਣ ਲਈ ਗਿਆ ਸੀ ਤੇ ਉਸ ਸਮੇਂ ਉਸਦਾ ਦੋਸਤ ਆਰੂਸ਼ ਜੁਨੇਜਾ ਵੀ ਨਾਲ ਮੋਜੂਦ ਸੀ। ਸ਼ਿਕਾਇਤਕਰਤਾ ਅਨੁਸਾਰ ਜਦ ਉਹ ਵਾਪਸ ਜਾਣ ਲੱਗੇ ਤਾਂ ਸੰਤ ਲਾਲ ਰੋਡ ‘ਤੇ ਜਿਵੇ ਹੀ ਉਸਨੇ ਆਪਣੀ ਕਾਰ ਮੋੜੀ ਤਾਂ ਇਕ ਦਮ ਸਕੂਟਰ ‘ਤੇ ਦੋ ਅਣਪਛਾਤੇ ਆਏ ਅਤੇ ਉਨ੍ਹਾਂ ਵਿਚੋਂ ਇਕ ਲੁਟੇਰੇ ਨੇ ਅਦਿੱਤਿਆ ‘ਤੇ ਪਿਸਤੌਲ ਤਾਨ ਦਿੱਤੀ ਅਤੇ ਉਸਨੂੰ ਗੱਡੀ ਵਿਚੋਂ ਬਾਹਰ ਨਿਕਲਣ ਲਈ ਕਿਹਾ। ਸ਼ਿਕਾਇਤਕਰਤਾ ਅਨੁਸਾਰ ਉਸਦੇ ਅਤੇ ਉਸਦੇ ਦੋਸਤ ਦੇ ਗੱਡੀ ਵਿਚੋਂ ਬਾਹਰ ਨਿਕਲਦੇ ਹੀ ਇਕ ਲੁਟੇਰਾ ਗੱਡੀ ਵਿਚ ਬੈਠ ਗਿਆ ਤੇ ਗੱਡੀ ਭਜਾ ਕੇ ਲੈ ਗਿਆ ਤੇ ਦੂਸਰਾ ਲੁਟੇਰਾ ਸਕੂਟਰ ‘ਤੇ ਫਰਾਰ ਹੋ ਗਿਆ। ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਅਣਪਛਾਤੇ ਲੁਟੇਰਿਆਂ ਦਾ ਪਤਾ ਲਗਾਇਆ ਜਾ ਰਿਹਾ ਹੈ।