ਫਾਜਿਲਕਾ ਪੁਲਿਸ ਵੱਲੋਂ ਨਸ਼ਿਆਂ ਖਿਲਾਫ ਕੀਤੀ ਜਾ ਰਹੀ ਕਾਰਵਾਈ ਤਹਿਤ 1 ਕਿਲੋ 500 ਗਰਾਮ ਅਫੀਮ ਅਤੇ 350 ਲੀਟਰ ਸ਼ਰਾਬ ਸਮੇਤ 03 ਦੋਸ਼ੀ ਕਾਬੂ
ਫਾਜਿਲਕਾ 22 ਮਈ (ਵਿਸ਼ਵ ਵਾਰਤਾ)-ਡਾ. ਪ੍ਰਗਿਆ ਜੈਨ ਐਸ.ਐਸ.ਪੀ ਫਾਜਿਲਕਾ ਦੀ ਅਗਵਾਈ ਹੇਠ ਫਾਜਿਲਕਾ ਪੁਲਿਸ ਵੱਲੋਂ ਨਸ਼ਿਆਂ ਖਿਲਾਫ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ, ਤਾਂ ਕਿ ਲੋਕ ਸਭਾ ਚੋਣਾਂ 2024 ਦੌਰਾਨ ਕਿਸੇ ਤਰਾਂ ਦੀ ਨਸ਼ਾ ਤਸਕਰੀ ਨਾ ਹੋ ਸਕੇ ਅਤੇ ਲੋਕ ਸਭਾ ਚੋਣਾਂ ਦਾ ਕੰਮ ਅਮਨ ਅਤੇ ਸ਼ਾਂਤੀ ਨਾਲ ਮੁਕੰਮਲ ਹੋ ਸਕੇ। ਪਿਛਲੇ 24 ਘੰਟੇ ਦੌਰਾਨ ਤਿੰਨ ਵੱਖ ਵੱਖ ਕੇਸਾਂ ਵਿੱਚ ਪੁਲਿਸ ਪਾਰਟੀਆਂ ਵੱਲੋਂ 1 ਕਿਲੋ 500 ਗਰਾਮ ਅਫੀਮ ਅਤੇ 350 ਲੀਟਰ ਨਜਾਇਜ ਸ਼ਰਾਬ ਬਰਾਮਦ ਕਰਕੇ ਤਿੰਨ ਦੋਸ਼ੀ ਕਾਬੂ ਕੀਤੇ ਗਏ ਹਨ। ਇੰਸਪੈਕਟਰ ਜਸਵਿੰਦਰ ਸਿੰਘ ਮੁੱਖ ਅਫਸਰ ਥਾਣਾ ਬਹਾਵਵਾਲਾ ਦੀ ਅਗਵਾਈ ਹੇਠ ਏ.ਐਸ.ਆਈ ਸੁਖਪਾਲ ਸਿੰਘ ਵੱਲੋਂ ਗਸ਼ਤ ਅਤੇ ਚੈਕਿੰਗ ਸ਼ੱਕੀ ਪੁਰਸ਼ਾਂ ਦੌਰਾਨ ਸਵਾਈ ਸਿੰਘ ਪੁੱਤਰ ਪੱਪੂ ਸਿੰਘ ਵਾਸੀ ਲੂਨਕਰਨਸਰ ਜਿਲ੍ਹਾ ਬੀਕਾਨੇਰ ਰਾਜਸਥਾਨ ਅਤੇ ਰਾਧੇਸ਼ਾਮ ਪੁੱਤਰ ਬਜਰੰਗ ਸਿੰੰਘ ਵਾਸੀ ਲੱਕੜ ਮੰਡੀ ਕਰਨਪੁਰ ਨੂੰ ਮੋਟਰਸਾਈਕਲ ਬਜਾਜ ਡਿਸਕਵਰ ਨੰਬਰੀ HR—25B—8417 ਸਮੇਤ ਕਾਬੂ ਕਰਕੇ ਉਹਨਾਂ ਪਾਸੋਂ 500 ਗਰਾਮ ਅਫੀਮ ਬ੍ਰਾਮਦ ਕੀਤੀ ਗਈ। ਜਿਹਨਾਂ ਦੇ ਖਿਲਾਫ ਮੁਕੱਦਮਾ ਨੰਬਰ 50 ਮਿਤੀ 20—05—2024 ਜੁਰਮ 18/61/85 ਐਨ.ਡੀ.ਪੀ.ਐਸ ਐਕਟ ਥਾਣਾ ਬਹਾਵਵਾਲਾ ਵਿਖੇ ਦਰਜ ਰਜਿਸਟਰ ਕੀਤਾ ਗਿਆ ਹੈ। ਇਸੇ ਤਰਾਂ ਏ.ਐਸ.ਆਈ ਸੁਖਪਾਲ ਸਿੰਘ ਵੱਲੋਂ ਇਕ ਹੋਰ ਦੋਸ਼ੀ ਰਾਧੇਸ਼ਾਮ ਪੁੱਤਰ ਕਜੋੜ ਮੱਲ ਵਾਸੀ ਪੀਪਰਵਾਹ ਤਹਿਸੀਲ ਸਗੌਲੀ ਜਿਲ੍ਹਾ ਨੀਮਚ ਮੱਧ ਪ੍ਰਦੇਸ਼ ਨੂੰ ਮੁਖਬਰੀ ਦੇ ਅਧਾਰ ਤੇ ਕਾਬੂ ਕਰਕੇ ਉਸ ਪਾਸੋਂ ਇੱਕ ਕਿਲੋ ਅਫੀਮ ਬਰਾਮਦ ਕੀਤੀ ਗਈ ਹੈ। ਜਿਸਦੇ ਖਿਲਾਫ ਮੁਕੱਦਮਾ ਨੰਬਰ 51 ਮਿਤੀ 20—05—2024 ਜੁਰਮ 18/61/85 ਐਨ.ਡੀ.ਪੀ.ਐਸ ਐਕਟ ਥਾਣਾ ਬਹਾਵ ਵਾਲਾ ਦਰਜ ਰਜਿਸਟਰ ਕੀਤਾ ਗਿਆ ਹੈ।
ਇੰਸਪੈਕਟਰ ਨਵਪ੍ਰੀਤ ਸਿੰਘ ਮੁੱਖ ਅਫਸਰ ਥਾਣਾ ਸਿਟੀ—1 ਅਬੋਹਰ ਦੀ ਅਗਵਾਈ ਹੇਠ ਏ.ਐਸ.ਆਈ ਮਨਦੀਪ ਸਿੰਘ ਵੱਲੋਂ ਆਬਕਾਰੀ ਨਿਰੀਖਕ ਇੰਸਪੈਕਟਰ ਨਿਰਮਲ ਸਿੰਘ ਦੇ ਬਿਆਨ ਪਰ ਮੁਕੱਦਮਾ ਨੰਬਰ 95 ਮਿਤੀ 20—5—2024 ਜੁਰਮ 61/1/14 ਐਕਸਾਈਜ਼ ਐਕਟ ਥਾਣਾ ਸਿਟੀ—1 ਅਬੋਹਰ ਦਰਜ ਰਜਿਸਟਰ ਕੀਤਾ ਗਿਆ ਕਿ ਜਦ ਉਹ ਸਿਪਾਹੀ ਪ੍ਰਮੋਦ ਕੁਮਾਰ ਸਮੇਤ ਰੋਟਰੀ ਚੌਂਕ ਹਨੂੰਮਾਨਗੜ੍ਹ ਰੋਡ ਅਬੋਹਰ ਮੌਜੂਦ ਸੀ ਤਾਂ ਇੱਕ ਕਾਰ ਨੰਬਰੀ PB—15V—0087, ਜਿਸ ਵਿੱਚ ਦੋ ਵਿਅਕਤੀ ਸਵਾਰ ਸਨ, ਨੂੰ ਸ਼ੱਕ ਦੇ ਅਧਾਰ ਤੇ ਰੋਕਣ ਦਾ ਇਸ਼ਾਰਾ ਕੀਤਾ ਤਾਂ ਕਾਰ ਸਵਾਰ ਕਾਰ ਨੂੰ ਅਬੋਹਰ ਸ਼ਹਿਰ ਦੀਆਂ ਗਲੀਆਂ ਅਤੇ ਬਜਾਰਾਂ ਵੱਲ ਭਜਾ ਕੇ ਲੈ ਗਿਆ। ਜਿਸਤੇ ਇੰਸਪੈਕਟਰ ਨਿਰਮਲ ਸਿੰਘ ਵੱਲੋਂ ਕਾਰ ਦਾ ਪਿੱਛਾ ਕੀਤਾ ਗਿਆ ਅਤੇ ਕਾਰ ਸਵਾਰ ਕਾਰ ਬਜਾਰ ਵਿੱਚ ਹੀ ਕਾਰ ਦੀਆਂ ਬਾਰੀਆਂ ਖੁੱਲ੍ਹੀਆਂ ਛੱਡ ਕੇ ਭੱਜ ਗਏ। ਆਬਕਾਰੀ ਨਿਰੀਖਕ ਨਿਰਮਲ ਸਿੰਘ ਨੇ ਸਮੇਤ ਸਿਪਾਹੀ ਪ੍ਰਮੋਦ ਕੁਮਾਰ ਕਾਰ ਨੂੰ ਚੈਕ ਕੀਤਾ ਤਾਂ ਕਾਰ ਦੀ ਡਿੱਗੀ ਵਿੱਚੋਂ 350.25 ਲੀਟਰ ਸ਼ਰਾਬ ਮਾਰਕਾ ਹਰਿਆਣਾ ਬਰਾਮਦ ਹੋਈ। ਮੌਕਾ ਤੋਂ ਫਰਾਰ ਹੋਏ ਦੋਸ਼ੀਆਂ ਵਿੱਚੋਂ ਇੱਕ ਦੀ ਪਹਿਚਾਣ ਧੀਰਜ ਕੁਮਾਰ ਪੁੱਤਰ ਖਿਆਲੀ ਰਾਮ ਵਾਸੀ ਸੰਤ ਨਗਰ ਅਬੋਹਰ ਵਜੋਂ ਹੋਈ ਹੈ, ਜਿਸਨੂੰ ਜਲਦ ਗ੍ਰਿਫਤਾਰ ਕੀਤਾ ਜਾਵੇਗਾ।