PUNJAB NEWS: ਨਸ਼ਾ ਹਾਰੇਗਾ ਜ਼ਿੰਦਗੀ ਜਿੱਤੇਗੀ,
ਨਸ਼ਿਆਂ ਖਿਲਾਫ ਫਾਜ਼ਿਲਕਾ ਜਿਲੇ ਵਿੱਚ ਸਾਰੇ 434 ਪਿੰਡਾਂ ਦੇ ਲੋਕਾਂ ਨੇ ਪੰਚਾਇਤੀ ਮਤੇ ਪਾਏ
429 ਪਿੰਡਾਂ ਵਿੱਚ ਬਣੀਆਂ ਪਿੰਡ ਸੁਰੱਖਿਆ ਕਮੇਟੀਆਂ
ਫਾਜ਼ਿਲਕਾ 23 ਜੁਲਾਈ (ਵਿਸ਼ਵ ਵਾਰਤਾ):- ਫਾਜ਼ਿਲਕਾ ਜਿਲੇ ਵਿੱਚ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ ਆਰੰਭੀ ਮੁਹਿੰਮ ਲੋਕ ਲਹਿਰ ਬਣਦੀ ਜਾ ਰਹੀ ਹੈ। ਜ਼ਿਲ੍ਹੇ ਦੇ ਸਾਰੇ 434 ਪਿੰਡਾਂ ਦੇ ਲੋਕਾਂ ਨੇ ਪੰਚਾਇਤੀ ਮਤੇ ਪਾ ਕੇ ਨਸ਼ਿਆਂ ਖਿਲਾਫ ਪ੍ਰਸ਼ਾਸਨ ਦਾ ਸਾਥ ਦੇਣ ਦਾ ਅਹਿਦ ਲਿਆ ਹੈ ਉੱਥੇ ਹੀ ਜਿਲੇ ਦੇ 429 ਪਿੰਡਾਂ ਵਿੱਚ ਪਿੰਡ ਸੁਰੱਖਿਆ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ। ਇਹ ਜਾਣਕਾਰੀ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਡਾ ਸੇਨੂ ਦੁੱਗਲ ਨੇ ਦਿੱਤੀ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਜਿਲੇ ਵਿੱਚ ਜਨ ਜਾਗਰੂਕਤਾ ਲਈ ਜਿੱਥੇ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ ਉੱਥੇ ਹੀ ਪੁਲਿਸ ਵਿਭਾਗ ਨੂੰ ਨਸ਼ਿਆਂ ਦੇ ਤਸਕਰਾਂ ਖਿਲਾਫ ਸਖਤ ਕਾਰਵਾਈ ਕਰਨ ਦੇ ਆਦੇਸ਼ ਸਰਕਾਰ ਵੱਲੋਂ ਦਿੱਤੇ ਗਏ ਹਨ। ਨਾਲ ਦੀ ਨਾਲ ਨਸ਼ਾ ਛੱਡਣ ਵਾਲਿਆਂ ਦਾ ਇਲਾਜ ਵੀ ਕਰਵਾਇਆ ਜਾ ਰਿਹਾ ਹੈ। ਉਸੇ ਲੜੀ ਵਿੱਚ ਹੁਣ ਲੋਕਾਂ ਤੋਂ ਵੀ ਪ੍ਰਸ਼ਾਸਨ ਨੂੰ ਵੱਡਾ ਸਹਿਯੋਗ ਮਿਲ ਰਿਹਾ ਹੈ।
ਡਿਪਟੀ ਕਮਿਸ਼ਨ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਾਰੇ ਪੰਜ ਬਲਾਕਾਂ ਦੇ 434 ਪਿੰਡਾਂ ਦੇ ਲੋਕਾਂ ਨੇ ਪੰਚਾਇਤੀ ਮਤੇ ਪਾ ਕੇ ਇਸ ਮੁਹਿੰਮ ਵਿੱਚ ਸਰਕਾਰ ਦੇ ਨਾਲ ਜੁੜਨ ਦਾ ਫੈਸਲਾ ਕੀਤਾ ਹੈ। ਮਤਿਆਂ ਅਨੁਸਾਰ ਲੋਕਾਂ ਨੇ ਨਿਰਨਾ ਕੀਤਾ ਹੈ ਕਿ ਉਹ ਪਿੰਡ ਵਿੱਚ ਨਸ਼ੇ ਵੇਚਣ ਵਾਲੇ ਕਿਸੇ ਵਿਅਕਤੀ ਦਾ ਸਾਥ ਨਹੀਂ ਦੇਣਗੇ ਸਗੋਂ ਅਜਿਹੇ ਮਾੜੇ ਤੱਤਾਂ ਦੀ ਜਾਣਕਾਰੀ ਪੁਲਿਸ ਨੂੰ ਦੇਣਗੇ ਅਤੇ ਜੋ ਕੋਈ ਵੀ ਨਸ਼ਾ ਕਰਦਾ ਹੈ ਉਸ ਨੂੰ ਪ੍ਰੇਰਿਤ ਕਰਕੇ ਨਸ਼ਾ ਛੱਡਣ ਲਈ ਹਸਪਤਾਲ ਤੱਕ ਲਿਆਂਦਾ ਜਾਵੇਗਾ।
ਦੂਜੇ ਪਾਸੇ ਜ਼ਿਲ੍ਹੇ ਦੇ 429 ਪਿੰਡਾਂ ਵਿੱਚ ਪਿੰਡ ਸੁਰੱਖਿਆ ਕਮੇਟੀਆਂ ਦਾ ਗਠਨ ਵੀ ਕੀਤਾ ਗਿਆ ਹੈ ਜਿਸ ਵਿੱਚ ਪਿੰਡ ਦੇ ਮੋਹਤਵਰ ਵਿਅਕਤੀਆਂ, ਮਹਿਲਾਵਾਂ, ਸਾਬਕਾ ਫੌਜੀਆਂ, ਨੌਜਵਾਨਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਇਹ ਕਮੇਟੀਆਂ ਪੁਲਿਸ ਅਤੇ ਜਿਲ੍ਹਾ ਪ੍ਰਸ਼ਾਸਨ ਨਾਲ ਤਾਲਮੇਲ ਰੱਖਦੇ ਹੋਏ ਪਿੰਡ ਵਿੱਚ ਨਸ਼ੇ ਦੀ ਤਸਕਰੀ ਕਰਨ ਆਉਣ ਵਾਲੇ ਲੋਕਾਂ ਪ੍ਰਤੀ ਚੌਕਸੀ ਰੱਖਦੀਆਂ ਹਨ ਅਤੇ ਬਾਹਰੋਂ ਆਉਣ ਵਾਲੇ ਹਰੇਕ ਵਿਅਕਤੀ ਦੀ ਨਿਗਰਾਨੀ ਕੀਤੀ ਜਾ ਰਹੀ ਹੈ ਤਾਂ ਜੋ ਅਜਿਹੇ ਲੋਕਾਂ ਨੂੰ ਪਿੰਡਾਂ ਵਿੱਚ ਆਉਣ ਤੋਂ ਰੋਕਿਆ ਜਾ ਸਕੇ ਅਤੇ ਇਹਨਾਂ ਦੀ ਸੂਚਨਾ ਪੁਲਿਸ ਨੂੰ ਦਿੱਤੀ ਜਾਵੇ । ਇਹ ਕਮੇਟੀਆਂ ਸਰਹੱਦੀ ਪਿੰਡਾਂ ਵਿੱਚ ਡਰੋਨ ਗਤੀਵਿਧੀਆਂ ਦੀਆਂ ਸੂਚਨਾਵਾਂ ਵੀ ਪੁਲਿਸ ਅਤੇ ਬੀਐਸਐਫ ਨਾਲ ਸਾਂਝੀਆਂ ਕਰਦੀਆਂ ਹਨ । ਇਹ ਕਮੇਟੀਆਂ ਇਹ ਵੀ ਨਿਗਰਾਨੀ ਰੱਖ ਰਹੀਆਂ ਹਨ ਕਿ ਪਿੰਡ ਵਿੱਚ ਕੋਈ ਬਾਹਰੀ ਸ਼ੱਕੀ ਵਿਅਕਤੀ ਦਾ ਆਉਣਾ ਜਾਣਾ ਤਾਂ ਨਹੀਂ ਹੈ ਜੇਕਰ ਇਹਨਾਂ ਨੂੰ ਅਜਿਹੀ ਕੋਈ ਘਟਨਾ ਦੀ ਜਾਣਕਾਰੀ ਮਿਲਦੀ ਹੈ ਤਾਂ ਇਹ ਪੁਲਿਸ ਨੂੰ ਸੂਚਿਤ ਕਰਦੀਆਂ ਹਨ ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਿੰਡ ਸੁਰੱਖਿਆ ਕਮੇਟੀਆਂ ਨਾਲ ਬੈਠਕਾਂ ਕੀਤੀਆਂ ਜਾ ਰਹੀਆਂ ਹਨ ਜਿਸ ਨਾਲ ਲੋਕਾਂ ਵਿੱਚ ਪ੍ਰਸ਼ਾਸਨ ਪ੍ਰਤੀ ਵਿਸ਼ਵਾਸ ਵਧਿਆ ਹੈ ਅਤੇ ਆਪਸੀ ਤਾਲਮੇਲ ਨਾਲ ਹੁਣ ਇਸ ਲੜਾਈ ਵਿੱਚ ਜਿੱਤ ਪੱਕੀ ਹੈ।