ਫਾਜ਼ਿਲਕਾ ਪੁਲਿਸ ਦੀ ਵੱਡੀ ਲੋਕ ਪੱਖੀ ਪਹਿਲ ਕਦਮੀ, ਇਕ ਮਹੀਨੇ ਵਿੱਚ 4829 ਬਕਾਇਆ ਸ਼ਿਕਾਇਤਾਂ ਦਾ ਕੀਤਾ ਨਿਪਟਾਰਾ
ਫਾਜ਼ਿਲਕਾ, 23 ਅਪ੍ਰੈਲ(ਵਿਸ਼ਵ ਵਾਰਤਾ)- ਫਾਜ਼ਿਲਕਾ ਜਿਲਾ ਪੁਲਿਸ ਵੱਲੋਂ ਇੱਕ ਵੱਡੀ ਲੋਕ ਪੱਖੀ ਪਹਿਲ ਕਦਮੀ ਕਰਦਿਆਂ ਪਿਛਲੇ ਇੱਕ ਮਹੀਨੇ ਵਿੱਚ ਜ਼ਿਲ੍ਹੇ ਵਿੱਚ ਵੱਖ-ਵੱਖ ਥਾਣਿਆਂ ਜਾਂ ਦਫਤਰਾਂ ਵਿੱਚ ਬਕਾਇਆ ਪਈਆਂ 4829 ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਗਿਆ ਹੈ। ਇਹ ਜਾਣਕਾਰੀ ਜ਼ਿਲ੍ਹੇ ਦੇ ਐਸਐਸਪੀ ਡਾ ਪ੍ਰਗਿਆ ਜੈਨ ਆਈ ਪੀ ਐਸ ਨੇ ਦਿੱਤੀ ਹੈ।
ਡਾ ਪ੍ਰਗਿਆ ਜੈਨ ਨੇ ਦੱਸਿਆ ਕਿ ਲੋਕ ਇਨਸਾਫ ਲਈ ਪੁਲਿਸ ਵਿਭਾਗ ਤੱਕ ਪਹੁੰਚ ਕਰਦੇ ਹਨ ਅਤੇ ਵਿਭਾਗ ਲੋਕਾਂ ਦੀਆਂ ਉਮੀਦਾਂ ਤੇ ਖਰਾ ਉਤਰੇ ਇਸ ਉਦੇਸ਼ ਨਾਲ ਵਿਭਾਗ ਦੀ ਕਾਰਗੁਜ਼ਾਰੀ ਵਿੱਚ ਲਗਾਤਾਰ ਸੁਧਾਰ ਦੀ ਪ੍ਰਕਿਰਿਆ ਅਧੀਨ ਵਿਭਾਗ ਨੇ ਪਿਛਲੇ ਇੱਕ ਮਹੀਨੇ ਦੌਰਾਨ ਇਹ ਵਿਸ਼ੇਸ਼ ਮੁਹਿੰਮ ਚਲਾਈ ਸੀ। ਇਸ ਮੁਹਿੰਮ ਦੌਰਾਨ ਸਮੂਹ ਗਜਟਡ ਅਫਸਰਾਂ, ਮੁੱਖ ਅਫਸਰਾਂ ਅਤੇ ਇੰਚਾਰਜ ਯੂਨਿਟਾਂ ਦੇ ਦਫਤਰਾਂ ਦੇ ਪੱਧਰ ਤੇ ਬਕਾਇਆ ਪਈਆਂ ਜਨ ਸ਼ਿਕਾਇਤਾਂ ਦੇ ਨਿਪਟਾਰੇ ਲਈ ਉਪਰਾਲੇ ਕੀਤੇ ਗਏ।
ਉਹਨਾਂ ਦੱਸਿਆ ਕਿ ਇਸ ਇੱਕ ਮਹੀਨੇ ਦੇ ਸਮੇਂ ਵਿੱਚ ਇਹਨਾਂ ਵੱਡੀ ਗਿਣਤੀ ਵਿੱਚ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਇਹ ਜਰੂਰੀ ਹੈ ਕਿ ਲੋਕਾਂ ਦਾ ਵਿਭਾਗ ਤੇ ਵਿਸ਼ਵਾਸ ਹੋਵੇ ਇਸ ਲਈ ਵਿਭਾਗ ਦੀ ਕਾਰਜ ਕੁਸ਼ਲਤਾ ਨੂੰ ਹੋਰ ਵੀ ਦਰੁਸਤ ਕੀਤਾ ਜਾ ਰਿਹਾ ਹੈ ਅਤੇ ਇਹ ਯਕੀਨੀ ਬਣਾਇਆ ਜਾਵੇਗਾ ਕਿ ਵਿਭਾਗ ਤੱਕ ਪਹੁੰਚ ਕਰਨ ਵਾਲੇ ਹਰ ਪੀੜਤ ਨੂੰ ਇਨਸਾਫ ਦਵਾਇਆ ਜਾਵੇ।
ਐਸਐਸਪੀ ਡਾ ਪ੍ਰਗਿਆ ਜੈਨ ਨੇ ਕਿਹਾ ਕਿ ਜੇਕਰ ਵਿਭਾਗ ਸਬੰਧੀ ਕਿਸੇ ਨੂੰ ਵੀ ਕੋਈ ਮੁਸ਼ਕਿਲ ਹੋਵੇ ਜਾਂ ਕੋਈ ਸ਼ਿਕਾਇਤ ਹੋਵੇ ਤਾਂ ਉਹ ਬੇਝਿਜਕ ਸਬੰਧਤ ਥਾਣੇ ਦੇ ਮੁੱਖ ਅਫਸਰ, ਡੀਐਸਪੀ ਜਾਂ ਉਹਨਾਂ ਦੇ ਦਫਤਰ ਤੱਕ ਵੀ ਪਹੁੰਚ ਕਰ ਸਕਦਾ ਹੈ। ਪਰ ਨਾਲ ਹੀ ਐਸਐਸਪੀ ਡਾ ਪ੍ਰਗਿਆ ਜੈਨ ਨੇ ਅਪੀਲ ਕੀਤੀ ਕਿ ਪੁਲਿਸ ਕੋਲ ਜਦੋਂ ਵੀ ਕੋਈ ਸੂਚਨਾ ਜਾਂ ਸ਼ਿਕਾਇਤ ਦਿੱਤੀ ਜਾਵੇ ਉਹ ਤੱਥਾਂ ਤੇ ਅਧਾਰਤ ਅਤੇ ਸੱਚੀ ਹੋਵੇ। ਉਹਨਾਂ ਨੇ ਆਖਿਆ ਕਿ ਵਿਭਾਗ ਦੀਆਂ ਲੋਕ ਪੱਖੀ ਪਹਿਲ ਕਦਮੀਆਂ ਅੱਗੇ ਵੀ ਇਸੇ ਤਰ੍ਹਾਂ ਜਾਰੀ ਰਹਿਣਗੀਆਂ।