ਫ਼ਿਰੋਜ਼ਪੁਰ ਸੀਆਈਏ ਪੁਲਿਸ ਵੱਲੋਂ 5 ਕਿਲੋ ਹੈਰੋਇਨ ਸਮੇਤ ਇੱਕ ਤਸਕਰ ਕਾਬੂ
ਫ਼ਿਰੋਜ਼ਪੁਰ 27 ਜਨਵਰੀ (ਵਿਸ਼ਵ ਵਾਰਤਾ) ਸੀ.ਆਈ.ਏ ਸਟਾਫ਼ ਫ਼ਿਰੋਜ਼ਪੁਰ ਦੀ ਪੁਲਿਸ ਨੇ ਅੱਜ ਡੀ.ਐਸ.ਪੀ.ਜਗਦੀਸ਼ ਕੁਮਾਰ, ਸੀ.ਆਈ.ਏ ਇੰਚਾਰਜ ਇੰਸਪੈਕਟਰ ਜਗਦੀਸ਼ ਕੁਮਾਰ ਅਤੇ ਏ.ਐਸ.ਆਈ ਤਾਰਾ ਸਿੰਘ ਦੀ ਅਗਵਾਈ ਹੇਠ ਇੱਕ ਭਗੌੜੇ ਸਮੱਗਲਰ ਬਲਵਿੰਦਰ ਸਿੰਘ ਉਰਫ਼ ਵਿੰਦੀ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਸੱਦੂ ਸ਼ਾਹ ਵਾਲਾ ਨੂੰ ਕਾਬੂ ਕੀਤਾ ਹੈ। ਮੌਕੇ ‘ਤੇ 2 ਘਰਾਂ ਅਤੇ ਨਹਿਰ ਦੀ ਪਟੜੀ ‘ਤੇ ਛੁਪਾ ਕੇ ਰੱਖੀ 5 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਹੈ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ‘ਚ ਕੀਮਤ ਕਰੀਬ 25 ਕਰੋੜ ਰੁਪਏ ਹੈ।ਇਹ ਜਾਣਕਾਰੀ ਦਿੰਦੇ ਹੋਏ ਐੱਸਐੱਸਪੀ ਡਾ: ਨਰੇਂਦਰ ਭਾਰਗਵ, ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਅਤੇ ਐਸ.ਪੀ ਇਨਵੈਸਟੀਗੇਸ਼ਨ ਮਨਵਿੰਦਰ ਸਿੰਘ ਨੇ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਕਿ ਮੁੱਖ ਚੋਣ ਕਮਿਸ਼ਨ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਫਿਰੋਜ਼ਪੁਰ ਨੂੰ ਸੀਲ ਕਰਦਿਆਂ ਇਹ ਜ਼ਬਤ ਕੀਤੀ ਗਈ ਹੈ ਅਤੇ ਉਨ੍ਹਾਂ ਦੱਸਿਆ ਕਿ 25 ਜਨਵਰੀ ਨੂੰ ਸੀ.ਆਈ.ਏ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ‘ਤੇ ਵਿਕਰਮ ਪੁੱਤਰ ਟੇਕਚੰਦ ਅਤੇ ਅਰੁਣ ਭੱਟੀ ਪੁੱਤਰ ਮੰਗਲ ਸਿੰਘ ਵਾਸੀ ਪਿੰਡ ਬਰੇਕੇ ਨੂੰ ਇੱਕ ਪਿਸਤੌਲ, ਕਾਰਤੂਸ, 5 ਮੋਬਾਈਲ ਫ਼ੋਨ, ਡੌਂਗਲ ਅਤੇ 80 ਲੱਖ ਰੁਪਏ ਦੀ ਕੀਮਤ ਦੇ ਚੋਰੀਸ਼ੁਦਾ ਵਾਹਨਾਂ ਸਮੇਤ ਕਾਬੂ ਕੀਤਾ ਸੀ |ਜਦਕਿ ਉਸ ਦਾ ਸਾਥੀ ਬਲਵਿੰਦਰ ਸਿੰਘ ਅਤੇ ਟੇਕ ਚੰਦ ਪੁੱਤਰ ਗੁਲਜ਼ਾਰ ਸਿੰਘ ਵਾਸੀ ਬੇਰੇਕੇ ਫਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਸੀ.ਆਈ.ਏ ਸਟਾਫ ਫਿਰੋਜ਼ਪੁਰ ਦੇ ਇੰਚਾਰਜ ਇੰਸਪੈਕਟਰ ਜਗਦੀਸ਼ ਕੁਮਾਰ ਨੂੰ ਸੂਚਨਾ ਮਿਲੀ ਕਿ ਭਗੌੜਾ ਸਮੱਗਲਰ ਬਲਵਿੰਦਰ ਸਿੰਘ ਹੈਰੋਇਨ ਦੀ ਡਲਿਵਰੀ ਕਰਨ ਲਈ ਰੇਲਵੇ ਸਟੇਸ਼ਨ ਫਿਰੋਜ਼ਪੁਰ ਛਾਉਣੀ ਵੱਲ ਜਾ ਰਿਹਾ ਹੈ ਤਾਂ ਤੁਰੰਤ ਪੁਲਸ ਨੇ ਕਾਰਵਾਈ ਕਰਦੇ ਹੋਏ ਬਲਵਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ। ਉਨ੍ਹਾਂ ਦੱਸਿਆ ਕਿ ਬਲਵਿੰਦਰ ਸਿੰਘ ਅਤੇ ਪਹਿਲਾਂ ਹੀ ਫੜੇ ਗਏ ਸਮੱਗਲਰਾਂ ਟੇਕ ਚੰਦ ਅਤੇ ਵਿਕਰਮ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਨ੍ਹਾਂ ਨੇ ਪੁਲਸ ਨੂੰ ਦੱਸਿਆ ਕਿ ਇਨ੍ਹਾਂ ਨੇ ਹੈਰੋਇਨ ਆਪਣੇ ਘਰਾਂ ਅਤੇ ਨਹਿਰ ਦੀ ਪਟੜੀ ‘ਤੇ ਛੁਪਾ ਕੇ ਰੱਖੀ ਹੋਈ ਸੀ। ਪੁਲਿਸ ਵੱਲੋਂ ਵਿਕਰਮ ਅਰੁਣ ਭੱਟੀ ਦੇ ਘਰੋਂ 2 ਕਿੱਲੋ ਹੈਰੋਇਨ ਬਰਾਮਦ ਕੀਤੀ ਗਈ ਅਤੇ ਬਲਵਿੰਦਰ ਸਿੰਘ ਦੀ ਨਿਸ਼ਾਨਦੇਹੀ ‘ਤੇ ਗੰਗਾ ਨਹਿਰ ਦੀ ਪਟੜੀ ਤੋਂ 1 ਕਿਲੋ ਹੈਰੋਇਨ ਬਰਾਮਦ ਕੀਤੀ ਗਈ | ਡਾ: ਨਰਿੰਦਰ ਭਾਰਗਵ ਨੇ ਦੱਸਿਆ ਕਿ ਪੁਲਿਸ ਦੀ ਸਖ਼ਤ ਸੁਰੱਖਿਆ ਦੇ ਮੱਦੇਨਜ਼ਰ ਇਨ੍ਹਾਂ ਤਸਕਰਾਂ ਨੇ 26 ਜਨਵਰੀ ਤੋਂ ਬਾਅਦ ਹੈਰੋਇਨ ਦੀ ਸਪਲਾਈ ਭੇਜਣੀ ਸੀ, ਜਿਸ ਨੂੰ ਪੁਲਿਸ ਨੇ ਨਾਕਾਮ ਕਰ ਦਿੱਤਾ ਹੈ |