ਫ਼ਿਰੋਜ਼ਪੁਰ ਦੀ ਹਾਊਸਿੰਗ ਬੋਰਡ ਕਲੋਨੀ ਵਿੱਚ ਨਕਾਬਪੋਸ਼ ਬਦਮਾਸ਼ਾਂ ਨੇ ਸ਼ਰੇਆਮ ਚਲਾਈਆਂ ਗੋਲੀਆਂ
ਸੀਸੀਟੀਵੀ ਵਿੱਚ ਕੈਦ ਹੋਈ ਸਾਰੀ ਵਾਰਦਾਤ
ਫ਼ਿਰੋਜ਼ਪੁਰ,23 ਅਪ੍ਰੈਲ (ਵਿਸ਼ਵ ਵਾਰਤਾ)-ਫ਼ਿਰੋਜ਼ਪੁਰ ਸ਼ਹਿਰ ਦੀ ਹਾਊਸਿੰਗ ਬੋਰਡ ਕਲੋਨੀ ਵਿੱਚ ਅੱਜ ਸਵੇਰੇ ਹਥਿਆਰਬੰਦ ਨਕਾਬਪੋਸ਼ ਵਿਅਕਤੀਆਂ ਨੇ ਇੱਕ ਘਰ ਦੇ ਬਾਹਰ ਗੋਲੀਆਂ ਚਲਾ ਦਿੱਤੀਆਂ ਅਤੇ ਫ਼ਰਾਰ ਹੋ ਗਏ। ਸਥਾਨਕ ਲੋਕਾਂ ਨੇ ਦੱਸਿਆ ਕਿ ਹਾਊਸਿੰਗ ਬੋਰਡ ਕਲੋਨੀ ਵਿੱਚ ਕੁਝ ਨਕਾਬਪੋਸ਼ ਚਿੱਟੇ ਰੰਗ ਦੀ ਸਕਾਰਪੀਓ ਅਤੇ ਮੋਟਰਸਾਈਕਲ ਸਵਾਰ ਹੋ ਕੇ ਰਾਈਫਲਾਂ, ਪਿਸਤੌਲਾਂ ਅਤੇ ਡਾਂਗਾਂ ਆਦਿ ਲੈ ਕੇ ਆਏ, ਜਿਨ੍ਹਾਂ ਨੇ ਸੁਰੇਸ਼ ਨਾਮਕ ਵਿਅਕਤੀ ਦੇ ਘਰ ਦੇ ਬਾਹਰ ਗੋਲੀਆਂ ਚਲਾਈਆਂ ਅਤੇ ਅੰਦਰ ਵੜਨ ਦੀ ਕੋਸ਼ਿਸ਼ ਵੀ ਕੀਤੀ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਅਤੇ ਘਟਨਾ ਦੀ ਸੂਚਨਾ ਮਿਲਦਿਆਂ ਹੀ ਡੀਐਸਪੀ ਸਿਟੀ ਸਤਵਿੰਦਰ ਸਿੰਘ ਵਿਰਕ ਅਤੇ ਥਾਣਾ ਸਿਟੀ ਦੇ ਐਸਐਚਓ ਇੰਸਪੈਕਟਰ ਗੁਰਪ੍ਰੀਤ ਸਿੰਘ ਦੀ ਅਗਵਾਈ ਵਿੱਚ ਪੁਲੀਸ ਮੌਕੇ ’ਤੇ ਪਹੁੰਚ ਗਈ। ਪੁਲਿਸ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਲੈ ਰਹੀ ਹੈ ਅਤੇ ਪੁਲਿਸ ਵੱਲੋਂ ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਹਮਲਾਵਰ ਕੌਣ ਸਨ ਅਤੇ ਉਨ੍ਹਾਂ ਨੇ ਘਰ ਦੇ ਬਾਹਰ ਫਾਇਰਿੰਗ ਕਿਉਂ ਕੀਤੀ। ਪੁਲਿਸ ਨੇ ਨੇ ਭਰੋਸਾ ਦਵਾਇਆ ਹੈ ਕਿ ਹਮਲਾਵਰਾਂ ਨੂੰ ਜਲਦੀ ਹੀ ਫੜ ਲਿਆ ਜਾਵੇਗਾ।