ਫਰਜ਼ੀ ਡਿਗਰੀਆਂ ਖਰੀਦ ਕੇ ਮੈਡੀਕਲ ਪ੍ਰੈਕਟਿਸ ਕਰਨ ਵਾਲਿਆਂ ਦਾ ਪਰਦਾਫਾਸ਼
ਚੰਡੀਗੜ੍ਹ 4 ਜਨਵਰੀ(ਵਿਸ਼ਵ ਵਾਰਤਾ)- ਪੰਜਾਬ ਵਿੱਚ ਹੁਣ ਬਿਨਾਂ ਪੜ੍ਹਾਈ ਅਤੇ ਸਿਖਲਾਈ ਦੇ ਜਾਅਲੀ ਡਿਗਰੀਆਂ ਲੈ ਕੇ ਸਿੱਧੇ ਹੀ ਪ੍ਰੈਕਟਿਸ ਕਰਨ ਵਾਲੇ ਫਰਜ਼ੀ ਡਾਕਟਰਾਂ ਦਾ ਪਰਦਾਫਾਸ਼ ਹੋਇਆ ਹੈ। ਜਾਣਕਾਰੀ ਅਨੁਸਾਰ ਬੋਰਡ ਆਫ ਆਯੁਰਵੇਦ ਐਂਡ ਯੂਨਾਨੀ ਸਿਸਟਮ ਆਫ ਮੈਡੀਸਨ ਪੰਜਾਬ ਨੇ ਜਾਅਲੀ ਡਿਗਰੀਆਂ ਲੈ ਕੇ ਸਿੱਧੇ ਪ੍ਰੈਕਟਿਸ ਕਰਨ ਦੀ ਕੋਸ਼ਿਸ਼ ਕਰਨ ਵਾਲੇ 6 ਬਿਨੈਕਾਰਾਂ ਦਾ ਪਤਾ ਲਗਾ ਕੇ ਡੀਜੀਪੀ ਗੌਰਵ ਯਾਦਵ ਨੂੰ ਲਿਖਤੀ ਸ਼ਿਕਾਇਤ ਦਿੱਤੀ ਹੈ। ਇਸ ਸੰਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਬੋਰਡ ਦੇ ਰਜਿਸਟਰਾਰ ਡਾ: ਸਜੀਵ ਗੋਇਲ ਦੱਸਿਆ ਕਿ ਬਿਨੈਕਾਰਾਂ ਦੇ ਸਰਟੀਫਿਕੇਟਾਂ ਦੀ ਜਾਂਚ ਕਰਨ ਤੋਂ ਬਾਅਦ ਪਤਾ ਲੱਗਾ ਕਿ ਜਿਸ ਯੂਨੀਵਰਸਿਟੀ ਤੋਂ ਉਨ੍ਹਾਂ ਨੇ ਸਰਟੀਫਿਕੇਟ ਪ੍ਰਾਪਤ ਕਰਨ ਦਾ ਦਾਅਵਾ ਕੀਤਾ ਹੈ, ਉਹ ਬੀ.ਏ.ਐਮ.ਐਸ. ਦੀ ਡਿਗਰੀ ਕਰਵਾਉਂਦੀ ਹੀ ਨਹੀਂ ਹੈ। ਇਹ ਸਰਟੀਫਿਕੇਟ ਕਾਨਪੁਰ ਦੀ ਯੂਨੀਵਰਸਿਟੀ ਤੋਂ ਬਣਵਾਏ ਗਏ ਹਨ। ਸਰਟੀਫਿਕੇਟਾਂ ਦੀ ਪੜਤਾਲ ਦੌਰਾਨ ਜਾਅਲਸਾਜ਼ੀ ਦਾ ਮਾਮਲਾ ਸਾਹਮਣੇ ਆਇਆ ਹੈ। ਪੁੱਛਗਿੱਛ ਦੌਰਾਨ ਬਿਨੈਕਾਰਾਂ ਨੇ ਮੰਨਿਆ ਕਿ ਉਨ੍ਹਾਂ ਨੇ ਯੂਨੀਵਰਸਿਟੀ ਨੂੰ 5-5 ਲੱਖ ਰੁਪਏ ਦੇ ਕੇ ਜਾਅਲੀ ਸਰਟੀਫਿਕੇਟ ਬਣਾਏ ਹਨ।
ਇਸ ਤੋਂ ਇਲਾਵਾ ਪੰਜਾਬ ਤੋਂ ਬਾਹਰ ਹੋਰ ਰਾਜਾਂ ਦੀਆਂ ਯੂਨੀਵਰਸਿਟੀਆਂ ਤੋਂ ਹਾਸਲ ਕੀਤੀਆਂ 80 ਤੋਂ ਵੱਧ ਡਿਗਰੀਆਂ ਜਾਂਚ ਅਧੀਨ ਹਨ। ਬੋਰਡ ਆਫ ਆਯੁਰਵੇਦ ਐਂਡ ਯੂਨਾਨੀ ਸਿਸਟਮ ਆਫ ਮੈਡੀਸਨ ਦੇ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਜਾਅਲੀ ਡਿਗਰੀਆਂ ਲੈਣ ਵਾਲੇ ਦੂਜਿਆਂ ਦੀ ਜ਼ਿੰਦਗੀ ਨਾਲ ਖੇਡਦੇ ਹਨ। ਉਹਨਾਂ ਨੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਅਤੇ ਐਸਐਸਪੀ ਮੁਹਾਲੀ ਨੂੰ ਇਸ ਨੈਕਸਸ ਦਾ ਖੁਲਾਸਾ ਕਰਨ ਲਈ ਕਿਹਾ ਗਿਆ ਹੈ।
ਇਸ ਸੰਬੰਧੀ ਆਪਣੀ ਪ੍ਰਤਿਕਿਰਿਆ ਦਿੰਦੇ ਹੋਏ ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ”ਜਾਅਲੀ ਡਿਗਰੀਆਂ ਲੈ ਕੇ ਕਿਸੇ ਦੀ ਸਿਹਤ ਨਾਲ ਖਿਲਵਾੜ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਮਾਮਲੇ ਵਿੱਚ ਸਖ਼ਤ ਕਾਰਵਾਈ ਕੀਤੀ ਜਾਵੇਗੀ, ਤਾਂ ਜੋ ਧੋਖਾਧੜੀ ਕਰਨ ਵਾਲਿਆਂ ਨੂੰ ਰੋਕਿਆ ਜਾ ਸਕੇ”