ਫਰੀਦਕੋਟ ਰਿਆਸਤ ਦੀ ਜਾਇਦਾਦ ਮਾਮਲੇ ਵਿੱਚ ਸੁਪਰੀਮ ਕੋਰਟ ਦਾ ਵੱਡਾ ਫੈਸਲਾ
ਸ਼ਾਹੀ ਪਰਿਵਾਰ ਨੂੰ ਮਿਲੇਗੀ 25 ਹਜ਼ਾਰ ਕਰੋੜ ਦੀ ਸੰਪਤੀ
ਚੰਡੀਗੜ੍ਹ, 7ਸਤੰਬਰ(ਵਿਸ਼ਵ ਵਾਰਤਾ)-ਫਰੀਦਕੋਟ ਰਿਆਸਤ ਵਿੱਚ ਜਾਇਦਾਦ ਦੇ ਵਿਵਾਦ ਵਿੱਚ ਸੁਪਰੀਮ ਕੋਰਟ ਨੇ ਵੱਡਾ ਫੈਸਲਾ ਸੁਣਾਇਆ ਹੈ। ਸੁਪਰੀਮ ਕੋਰਟ ਨੇ ਮਹਾਰਾਜਾ ਹਰਿੰਦਰ ਸਿੰਘ ਬਰਾੜ ਦੀ ਵਸੀਅਤ ਨੂੰ ਗ਼ੈਰ-ਕਾਨੂੰਨੀ ਕਰਾਰ ਦਿੱਤਾ ਹੈ। ਜਿਸ ਤੋਂ ਬਾਅਦ ਇਸ ਦੇ ਆਧਾਰ ‘ਤੇ ਬਣੇ ਟਰੱਸਟ ਨੂੰ ਖਤਮ ਕਰ ਦਿੱਤਾ ਗਿਆ ਹੈ। ਹੁਣ ਸ਼ਾਹੀ ਪਰਿਵਾਰ ਨੂੰ ਫਰੀਦਕੋਟ ਰਿਆਸਤ ਦੀ 25 ਹਜ਼ਾਰ ਕਰੋੜ ਦੀ ਜਾਇਦਾਦ ਮਿਲੇਗੀ। ਸੁਪਰੀਮ ਕੋਰਟ ਨੇ ਇਸ ਜਾਇਦਾਦ ਨੂੰ ਪਰਿਵਾਰ ਨੂੰ ਵੰਡਣ ਲਈ ਕਿਹਾ ਹੈ।
ਜ਼ਿਕਰਯੋਗ ਹੈ ਕਿ ਹੁਣ ਤੱਕ ਇਸ ਜਾਇਦਾਦ ਨੂੰ ਮਹਾਰਾਵਲ ਖੇਵਾਜੀ ਟਰੱਸਟ ਦੁਆਰਾ ਸੰਭਾਲਿਆ ਜਾ ਰਿਹਾ ਸੀ। ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਟਰੱਸਟ 30 ਸਤੰਬਰ ਨੂੰ ਖਤਮ ਹੋ ਜਾਵੇਗਾ। ਇਸ ਤੋਂ ਬਾਅਦ ਸ਼ਾਹੀ ਪਰਿਵਾਰ ਵਿਚ ਜਾਇਦਾਦ ਵੰਡਣ ਦੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ।
ਇਸ ਦੇ ਨਾਲ ਹੀ ਦੱਸ ਦੱਈਏ ਕਿ ਫਰੀਦਕੋਟ ਰਿਆਸਤ ਦੇ ਆਖਰੀ ਮਹਾਰਾਜਾ ਹਰਿੰਦਰ ਸਿੰਘ ਬਰਾੜ ਨੇ ਆਪਣੀ ਮੌਤ ਤੋਂ ਪਹਿਲਾਂ ਵਸੀਅਤ ਬਣਾਈ ਸੀ। ਜਿਸ ਵਿੱਚ ਉਸਦੀ ਬੇਟੀ ਅੰਮ੍ਰਿਤਪਾਲ ਕੌਰ ਨੂੰ ਸ਼ਾਹੀ ਜਾਇਦਾਦ ਵਿੱਚੋਂ ਬੇਦਖਲ ਕਰ ਦਿੱਤਾ ਗਿਆ ਸੀ। ਉਨ੍ਹਾਂ ਨੇ ਜਾਇਦਾਦ ਦੀ ਦੇਖਭਾਲ ਲਈ ਮਹਾਰਾਵਲ ਖੀਵਾ ਜੀ ਟਰੱਸਟ ਦੀ ਸਥਾਪਨਾ ਕੀਤੀ ਸੀ।ਜਿਸ ਤੋਂ ਬਾਅਦ ਰਾਜਕੁਮਾਰੀ ਅੰਮ੍ਰਿਤਪਾਲ ਕੌਰ ਨੇ ਬੇਦਖ਼ਲੀ ਖ਼ਿਲਾਫ਼ ਅਦਾਲਤ ਵਿੱਚ ਕੇਸ ਦਾਇਰ ਕੀਤਾ ਸੀ ਅਤੇ ਉਸਨੇ ਮਹਾਰਾਜਾ ਹਰਿੰਦਰ ਸਿੰਘ ਦੀ ਵਸੀਅਤ ਨੂੰ ਜਾਅਲੀ ਹੋਣ ਦਾ ਦਾਅਵਾ ਕੀਤਾ। ਇਸ ਤੋਂ ਪਹਿਲਾਂ ਵੀ ਤਿੰਨ ਹੇਠਲੀਆਂ ਅਦਾਲਤਾਂ ਵਿੱਚ ਵਸੀਅਤ ਰੱਦ ਕਰਨ ਦੇ ਹੁਕਮ ਦਿੱਤੇ ਗਏ ਸਨ। ਇਸ ਤੋਂ ਬਾਅਦ ਮਾਮਲਾ ਸੁਪਰੀਮ ਕੋਰਟ ਤੱਕ ਪਹੁੰਚ ਗਿਆ। ਸੁਪਰੀਮ ਕੋਰਟ ਨੇ ਵੀ ਹੇਠਲੀਆਂ ਅਦਾਲਤਾਂ ਦੇ ਫੈਸਲੇ ਨੂੰ ਬਰਕਰਾਰ ਰੱਖਦੇ ਹੋਏ ਇਸ ਵਸੀਅਤ ਨੂੰ ਰੱਦ ਕਰ ਦਿੱਤਾ।