ਫਰੀਦਕੋਟ ਤੋਂ MP ਸਰਬਜੀਤ ਸਿੰਘ ਦੀ ਨਵੀਂ ਗੱਡੀ ਬਣੀ ਚਰਚਾ ਦਾ ਵਿਸ਼ਾ
ਫਰੀਦਕੋਟ, 9 ਜੂਨ (ਵਿਸ਼ਵ ਵਾਰਤਾ):- ਫਰੀਦਕੋਟ ਤੋਂ ਆਜ਼ਾਦ ਉਮੀਦਵਾਰ ਦੇ ਤੌਰ ‘ਤੇ ਚੋਣਾਂ ਜਿੱਤਕੇ MP ਬਣੇ ਸਰਬਜੀਤ ਸਿੰਘ ਦੁਆਰਾ ਖਰੀਦੀ ਨਵੀਂ ਸਕਾਰਪੀਓ ਗੱਡੀ ਲੋਕਾਂ ‘ਚ ਚਰਚਾ ਦਾ ਵਿਸ਼ਾ ਬਣ ਗਈ ਹੈ। ਸੋਸ਼ਲ ਮੀਡੀਆ ‘ਤੇ ਨਵੀਂ ਖਰੀਦੀ ਗੱਡੀ ਨੂੰ ਲੈ ਕੇ ਕੋਮੈਂਟ ਕੀਤੇ ਜਾ ਰਹੇ ਹਨ। ਕੁਝ ਲੋਕਾਂ ਵੱਲੋ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਕੁਝ ਲੋਕ ਕਹਿ ਰਹੇ ਹਨ ਕਿ ਸਰਬਜੀਤ ਸਿੰਘ ਨੂੰ ਬਤੌਰ MP ਨਵੀਂ ਗੱਡੀ ਮਿਲ ਹੀ ਜਾਣੀ ਸੀ ਅਹਿਜੇ ‘ਚ ਐਨੇ ਪੈਸੇ ਕਿਉਂ ਖਰਚ ਕਰਨੇ ਸਨ। ਵਾਧੂ ਪੈਸੇ ਹਲਕੇ ਦੇ ਲੋਕਾਂ ਦੀ ਭਲਾਈ ‘ਤੇ ਲਗਾਏ ਜਾ ਸਕਦੇ ਸਨ। ਸਰਬਜੀਤ ਸਿੰਘ ਦਾ ਕਹਿਣਾ ਹੈ ਕਿ ਬਤੌਰ ਐਮਪੀ ਹਲਕੇ ‘ਚ ਆਉਣ ਜਾਣ ਲਈ ਉਨ੍ਹਾਂ ਨੂੰ ਇਸ ਗੱਡੀ ਦੀ ਜਰੂਰਤ ਸੀ। ਤਸਵੀਰ ‘ਚ ਆਪਣੇ ਪਰਿਵਾਰਕ ਮੈਂਬਰਾ ਨਾਲ ਖੜੇ ਹੋ ਕੇ ਸਰਬਜੀਤ ਸਿੰਘ ਤਸਵੀਰ ਖਿਚਾਉਂਦੇ ਹੋਏ ਨਜ਼ਰ ਆ ਰਹੇ ਹਨ। ਆਜ਼ਾਦ ਉਮੀਦਵਾਰ ਵਜੋਂ ਲੋਕ ਸਭਾ ਚੋਣ ਜਿੱਤਣ ਵਾਲੇ ਸਰਬਜੀਤ ਸਿੰਘ ਖਾਲਸਾ ਦੀ ਵਿਦੇਸ਼ ਤੋਂ ਫੰਡਿੰਗ ਸਬੰਧੀ ਇਕ ਕਥਿਤ ਆਡੀਓ ਇੰਟਰਨੈੱਟ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਆਡੀਓ ‘ਚ ਕਥਿਤ ਤੌਰ ‘ਤੇ ਪੰਜਾਬ ‘ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦਾ ਹਵਾਲਾ ਦਿੰਦੇ ਹੋਏ ਵੱਧ ਤੋਂ ਵੱਧ ਫੰਡ ਮੁਹੱਈਆ ਕਰਵਾਉਣ ਤੇ ਸਿਆਸਤ ‘ਚ ਬਾਦਲ ਪਰਿਵਾਰ ਨੂੰ ਹਰਾਉਣ ਦੀ ਗੱਲ ਕਰਦੇ ਸੁਣਿਆ ਜਾ ਰਿਹਾ ਹੈ।