ਫਰੀਦਕੋਟ ਘਟਨਾ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੱਦੀ ਉੱਚ-ਪੱਧਰੀ ਮੀਟਿੰਗ
ਡੀਜੀਪੀ ਗੌਰਵ ਯਾਦਵ ਸਮੇਤ ਸੀਨੀਅਰ ਅਧਿਕਾਰੀਆਂ ਨੂੰ ਕੀਤਾ ਤਲਬ
ਚੰਡੀਗੜ੍ਹ 10 ਨਵੰਬਰ(ਵਿਸ਼ਵ ਵਾਰਤਾ)- ਫਰੀਦੇਕੋਟ ਦੇ ਕੋਟਕਪੂਰਾ ਵਿੱਚ ਅੱਜ ਸਵੇਰੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ਵਿੱਚ ਨਾਮਜ਼ਦ ਡੇਰਾ ਪ੍ਰੇਮੀ ਪ੍ਰਦੀਪ ਸਿੰਘ ਦਾ ਕਤਲ ਕਰ ਦਿੱਤਾ ਗਿਆ। ਪ੍ਰਦੀਪ ਨੂੰ ਉਸ ਸਮੇਂ ਨਿਸ਼ਾਨਾ ਬਣਾਇਆ ਗਿਆ ਜਦੋਂ ਉਹ ਆਪਣੀ ਡੇਅਰੀ ਖੋਲ੍ਹ ਰਿਹਾ ਸੀ। 2 ਮੋਟਰਸਾਈਕਲਾਂ ਤੇ ਸਵਾਰ 5 ਬਦਮਾਸ਼ਾਂ ਨੇ ਉਸ ‘ਤੇ ਗੋਲੀਆਂ ਚਲਾ ਦਿੱਤੀਆਂ। ਪ੍ਰਦੀਪ ਜ਼ਮਾਨਤ ‘ਤੇ ਬਾਹਰ ਆਇਆ ਸੀ। ਜਿਸ ਤੋਂ ਬਾਅਦ ਉਸ ਨੂੰ ਸੁਰੱਖਿਆ ਦਿੱਤੀ ਗਈ।ਇਸ ਮੌਕੇ ‘ਤੇ ਪ੍ਰਦੀਪ ਸਿੰਘ ਡੇਰਾ ਪ੍ਰੇਮੀ ਦਾ ਗੰਨਮੈਨ ਵੀ ਉਸ ਦੇ ਨਾਲ ਸੀ। ਗੋਲੀਬਾਰੀ ਦੌਰਾਨ ਇਸ ਹਮਲੇ ਵਿੱਚ ਇਕ ਸੁਰੱਖਿਆ ਕਰਮੀ ਅਤੇ ਨੇੜੇ ਦੀ ਦੁਕਾਨ ਦਾ ਮਾਲਕ ਵੀ ਜ਼ਖ਼ਮੀ ਹੋ ਗਿਆ।
ਫਰੀਦਕੋਟ ਵਿੱਚ ਵਾਪਰੀ ਘਟਨਾ ਤੋਂ ਬਾਅਦ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਉੱਚ ਪੱਧਰੀ ਬੈਠਕ ਸੱਦ ਲਈ ਹੈ। ਜਾਣਕਾਰੀ ਅਨੁਸਾਰ ਮੁੱਖ ਮੰਤਰੀ ਪੰਜਾਬ ਦੇ ਡੀਜੀਪੀ ਸਮੇਤ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਕਰਨਗੇ। ਇਹ ਮੀਟਿੰਗ ਦੁਪਹਿਰ 12:30 ਵਜੇ ਮੁੱਖ ਮੰਤਰੀ ਰਿਹਾਇਸ਼ ਤੇ ਹੋਵੇਗੀ । ਇਸ ਦੇ ਨਾਲ ਹੀ ਦੱਸ ਦਈਏ ਕਿ ਕਤਲ ਦੀ ਘਟਨਾ ਤੋਂ ਬਾਅਦ ਮੁੱਖ ਮੰਤਰੀ ਨੇ ਟਵੀਟ ਕਰਦਿਆਂ ਜਾਣਕਾਰੀ ਦਿੱਤੀ ਸੀ ਕਿ ਪੰਜਾਬ ਦੀ ਸੁਰੱਖਿਆ ਨੂੰ ਲੈ ਕੇ ਸੀਨੀਅਰ ਅਧਿਕਾਰੀਆਂ ਨੂੰ ਸਖ਼ਤ ਆਦੇਸ਼ ਦਿੱਤੇ ਗਏ ਹਨ।
ਪੰਜਾਬ ਇੱਕ ਅਮਨ ਪਸੰਦ ਸੂਬਾ ਹੈ ਇੱਥੇ ਲੋਕਾਂ ਦਾ ਆਪਸੀ ਭਾਈਚਾਰਾ ਬਹੁਤ ਮਜ਼ਬੂਤ ਹੈ..ਕਿਸੇ ਨੂੰ ਵੀ ਪੰਜਾਬ ਦੀ ਸ਼ਾਂਤੀ ਭੰਗ ਕਰਨ ਦੀ ਇਜ਼ਾਜਤ ਨਹੀਂ ਦਿੱਤੀ ਜਾਵੇਗੀ ..ਸੂਬੇ ਦੀ ਅਮਨ-ਸ਼ਾਂਤੀ ਕਾਇਮ ਰੱਖਣ ਲਈ ਸਿਵਲ ਅਤੇ ਪੁਲਿਸ ਅਧਿਕਾਰੀਆਂ ਨੂੰ ਸਖ਼ਤ ਨਿਰਦੇਸ਼ ..
— Bhagwant Mann (@BhagwantMann) November 10, 2022