ਪੱਤਰਕਾਰ ਸਮੇਤ ਕਈ ਹੋਰ ਵਿਅਕਤੀਆਂ ਦੇ ਥਾਣੇ ਵਿੱਚ ਕੱਪੜੇ ਲਹਾਉਣ ਦਾ ਮਾਮਲਾ-ਥਾਣਾ ਇੰਚਾਰਜ ਅਤੇ ਇੱਕ ਐਸਆਈ ਮੁਅੱਤਲ
ਚੰਡੀਗੜ੍ਹ,8ਅਪ੍ਰੈਲ(ਵਿਸ਼ਵ ਵਾਰਤਾ)-ਮੱਧ ਪ੍ਰਦੇਸ਼ ਦੇ ਸਿੱਧੀ ਜ਼ਿਲੇ ‘ਚ ਪੁਲਸ ਸਟੇਸ਼ਨ ‘ਚ ਪੱਤਰਕਾਰ ਅਤੇ ਉਸ ਦੇ ਹੋਰ ਸਾਥੀਆਂ ਦੇ ਕੱਪੜੇ ਉਤਾਰਨ ਦੇ ਦੋਸ਼ ‘ਚ ਦੋ ਪੁਲਸ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਮਾਮਲੇ ਵਿੱਚ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਰਿਪੋਰਟ ਤਲਬ ਕੀਤੀ ਹੈ। ਦੱਸ ਦੇਈਏ ਕਿ ਥਾਣੇ ‘ਚ ਅੰਡਰਵੀਅਰ ‘ਚ ਖੜ੍ਹੇ ਪੱਤਰਕਾਰ ਅਤੇ ਉਸ ਦੇ ਹੋਰ ਸਾਥੀਆਂ ਦੀ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ ਸੀ, ਜਿਸ ਤੋਂ ਬਾਅਦ ਸੂਬਾ ਸਰਕਾਰ ਨੇ ਇਸ ਮਾਮਲੇ ਦਾ ਨੋਟਿਸ ਲੈਂਦਿਆਂ ਕਾਰਵਾਈ ਕੀਤੀ ਹੈ।
ਇਸ ਘਟਨਾਕ੍ਰਮ ਬਾਰੇ ਭੋਪਾਲ ਪੁਲਿਸ ਹੈੱਡਕੁਆਰਟਰ ਤੋਂ ਸਪੱਸ਼ਟੀਕਰਨ ਮੰਗਿਆ ਗਿਆ ਹੈ। ਸਰਕਾਰ ਵੱਲੋਂ ਦੋਸ਼ੀ ਪੁਲਿਸ ਮੁਲਾਜ਼ਮਾਂ ਦੇ ਇਸ ਵਤੀਰੇ ‘ਤੇ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਪੱਤਰਕਾਰਾਂ ਨਾਲ ਦੁਰਵਿਵਹਾਰ ਕਰਨ ਦੇ ਦੋਸ਼ ਵਿੱਚ ਥਾਣਾ ਇੰਚਾਰਜ ਅਤੇ ਇੱਕ ਐਸ.ਆਈ ਨੂੰ ਮੁਅੱਤਲ ਕਰਕੇ ਲਾਈਨ ਹਾਜ਼ਰ ਕਰਨ ਦੇ ਹੁਕਮ ਜਾਰੀ ਕੀਤੇ ਗਏ। ਇਸ ਤੋਂ ਬਾਅਦ ਸਿੱਧੀ ਜ਼ਿਲ੍ਹੇ ਦੇ ਐਸਪੀ ਮੁਕੇਸ਼ ਕੁਮਾਰ ਸ੍ਰੀਵਾਸਤਵ ਨੇ ਥਾਣਾ ਕੋਤਵਾਲੀ ਦੇ ਇੰਚਾਰਜ ਮਨੋਜ ਸੋਨੀ ਅਤੇ ਅਮੀਲੀਆ ਥਾਣਾ ਇੰਚਾਰਜ ਅਭਿਸ਼ੇਕ ਸਿੰਘ ਨੂੰ ਲਾਈਨ ਹਾਜ਼ਰ ਕਰ ਦਿੱਤਾ। ਇਸ ਦੇ ਨਾਲ ਹੀ ਇਸ ਮਾਮਲੇ ਵਿੱਚ ਰੀਵਾ ਰੇਂਜ ਦੇ ਆਈਜੀ ਨੇ ਟਵੀਟ ਕਰਕੇ ਕਿਹਾ ਕਿ ਸਿੱਧੀ ਜ਼ਿਲ੍ਹੇ ਨਾਲ ਸਬੰਧਤ ਇੱਕ ਫੋਟੋ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਹੈ। ਇਸ ਨੂੰ ਗੰਭੀਰਤਾ ਨਾਲ ਲੈਂਦਿਆਂ ਥਾਣਾ ਕੋਤਵਾਲੀ ਸਿੱਧੀ ਅਤੇ ਇਕ ਸਬ-ਇੰਸਪੈਕਟਰ ਨੂੰ ਤੁਰੰਤ ਹਟਾ ਕੇ ਪੁਲਿਸ ਲਾਈਨ ਵਿਚ ਲਗਾ ਦਿੱਤਾ ਗਿਆ ਹੈ | ਮਾਮਲੇ ਦੀ ਜਾਂਚ ਵਧੀਕ ਪੁਲਿਸ ਕਪਤਾਨ ਤੋਂ ਕਰਵਾਉਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ।