ਪੱਤਰਕਾਰ ਮੇਜਰ ਸਿੰਘ ਤੇ ਕੋਵਿਡ ਤਾਲਾਬੰਦੀ ਦੌਰਾਨ ਪੁਲਿਸ ਤਸ਼ੱਦਦ ਮਾਮਲਾ
ਪ੍ਰੈਸ ਕਾਉਂਸਲ ਆਫ ਇੰਡੀਆਂ ਨੇ ਪੰਜਾਬ ਦੇ ਚੀਫ਼ ਸੈਕਟਰੀ ਅਤੇ ਡੀਜੀਪੀ ਨੂੰ ਦਿੱਤੇ ਸਖ਼ਤ ਨਿਰਦੇਸ਼
ਚੰਡੀਗੜ੍ਹ, 25ਜੂਨ(ਵਿਸ਼ਵ ਵਾਰਤਾ)-: ਪੰਜਾਬ ਪੁਲਿਸ ਵਲੋਂ ਕੋਵਿਡ 19 ਦੋਰਾਨ ਸੀਨੀਅਰ ਜਰਨਲਿਸਟ ਮੇਜਰ ਸਿੰਘ ਦੀ ਰਿਪੋਰਟਿੰਗ ਕਰਦੇ ਹੋਈ ਕੁੱਟਮਾਰ ਦੇ ਮਾਮਲੇ ਨੂੰ ਕਾਨੂੰਨੀ ਅਧਿਕਾਰ ਤਹਿਤ ਪ੍ਰੈਸ ਕਾਉਂਸਲ ਆਫ ਇੰਡੀਆ ਨੇ ਗੰਭੀਰਤਾ ਨਾਲ ਲੈਂਦਿਆਂ ਵਿਸ਼ੇਸ਼ ਟਿਪਣੀਆਂ ਕਰਦੇ ਹੋਏ ਇਸ ਮਾਮਲੇ ਵਿਚ ਚੀਫ਼ ਸੈਕਟਰੀ ਪੰਜਾਬ ਅਤੇ ਡੀਜੀਪੀ ਪੰਜਾਬ ਨੂੰ ਸਖ਼ਤ ਨਿਰਦੇਸ਼ ਕਰਦਿਆਂ ਕਿਹਾ ਕਿ ਪੁਲਿਸ ਵਲੋਂ ਦੂਜੇ ਵਿਆਕਤੀ ਦੇ ਮਨੁੱਖੀ ਅਧਿਕਾਰਾਂ ਅਤੇ ਅਜ਼ਾਦੀ ‘ਤੇ ਹਮਲਾ ਕੀਤਾ ਗਿਆ ਹੋਵੇ ਤਾਂ ਇਹਨਾਂ ਮਾਮਲਿਆਂ ਵਿਚ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਦੋਸ਼ੀਆਂ ਨੂੰ ਸਬਕ ਸਿਖਾਇਆ ਜਾ ਸਕੇ।
ਪ੍ਰੈਸ ਕਾਊਂਸਲ ਆਫ਼ ਇੰਡੀਆ ਵਲੋਂ ਨਿਯੁਕਤ ਕੀਤੀ ਇਨਕੁਆਰੀ ਕਮੇਟੀ ਦੀ ਰਿਪੋਰਟ ਨੂੰ ਮੰਨਦੇ ਹੋਏ ਅਮਲ ਵਿਚ ਲਿਆ ਕੇ ਇਹ ਫੈਸਲਾ ਲੈਂਦਿਆਂ ਚੀਫ਼ ਸੈਕਟਰੀ ਪੰਜਾਬ ਅਤੇ ਡੀਜੀਪੀ ਪੰਜਾਬ ਨੂੰ ਨਿਰਦੇਸ਼ ਕੀਤਾ ਹੈ ਜਨਰਲਿਸਟ ਮੇਜਰ ਸਿੰਘ ਦੇ ਕੁੱਟਮਾਰ ਕੇਸ ਦੀ ਜਾਂਚ ਦੋ ਮਹੀਨਿਆਂ ਵਿਚ ਮੁਕੰਮਲ ਕੀਤੀ ਜਾਵੇ। ਪੱਤਰਕਾਰ ਮੇਜਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 22 ਮਈ 2020 ਨੂੰ ਉਹ ਗੁਰੂਦੁਆਰਾ ਕਲਗੀਧਰ ਸਿੰਘ ਸਭਾ ਫੇਜ਼ 4 ਵਿਚ ਪ੍ਰੈਸ ਕਵਰੇਜ਼ ਕਰ ਰਿਹਾ ਸੀ ਤਾਂ ਉੱਥੇ ਮੌਜੂਦ ਏ.ਐਸ.ਆਈ ਓਮ ਪ੍ਰਕਾਸ਼ ਅਤੇ ਏ.ਐਸ.ਆਈ ਅਮਰਨਾਥ ਨੇ ਮੇਰਾ ਮੋਬਾਇਲ ਖੋਹ ਲਿਆ ਅਤੇ ਫਿਰ ਜ਼ਬਰੀ ਆਪਣੀ ਨਿੱਜੀ ਗੱਡੀ ਵਿਚ ਸੁੱਟ ਲਿਆ ਤੇ ਥਾਣਾ ਫੇਜ਼ 1 ਲਿਜਾ ਕੇ ਅਣਮਨੁੱਖੀ ਤਸ਼ਦੱਦ ਕਰਦਿਆਂ ਪੱਗ ਅਤੇ ਕੰਘਾ ਪੈਰਾਂ ਵਿਚ ਰੋਲ਼ ਅਤੇ ਨਜ਼ਾਇਜ ਹੀ ਜੇਲ੍ਹ ਵਿਚ ਬੰਦ ਕਰ ਦਿੱਤਾ। ਜਦੋਂ ਇਸ ਘਟਨਾ ਬਾਰੇ ਮੇਜਰ ਸਿੰਘ ਵਲੋਂ ਆਪਣੇ ਸਾਥੀ ਪੱਤਰਕਾਰਾਂ ਦੇ ਸਹਿਯੋਗ ਨਾਲ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਬੀਤੀ ਘਟਨਾ ਸਬੰਧੀ ਲਿਖਤੀ ਸ਼ਿਕਾਇਤ ਕੀਤੀ ਗਈ ਤਾਂ ਦੋਸ਼ੀ ਪੁਲਿਸ ਵਾਲਿਆਂ ਖਿਲਾਫ਼ ਕੋਈ ਕਾਰਵਾਈ ਨਾ ਕੀਤੀ ਗਈ। ਉਨਾਂ ਕਿਹਾ ਕਿ ਪੱਤਰਕਾਰਾਂ ਤੇ ਲਗਾਤਾਰ ਹੋ ਰਹੇ ਹਮਲਿਆਂ ਨੂੰ ਵੇਖਦਿਆਂ ਆਲ ਇੰਡੀਆ ਸਮਾਲ ਐਂਡ ਮੀਡੀਅਮ ਨਿਊਜ਼ ਪੇਪਰ ਫੈਡਰੇਸ਼ਨ ਦੇ ਪੰਜਾਬ ਕਨਵਿਨਰ ਰਵਨੀਤ ਸਿੰਘ ਜੋਸ਼ੀ ਵਲੋਂ ਤੁਰੰਤ ਲਿਖਤੀ ਤੌਰ ਤੇ ਪ੍ਰੈਸਸ ਕਾਊਂਸਲ ਆਫ਼ ਇੰਡੀਆ ਦੇ ਧਿਆਨ ਵਿਚ ਲਿਆਂਦੀ ਗਈ। ਜਿਸ ਨੂੰ ਗੰਭੀਰਤਾ ਨਾਲ ਲੈਂਦਿਆਂ ਪ੍ਰੈਸ ਕਾਊਂਸਲ ਆਫ਼ ਇੰਡੀਆ ਨੇ ਸੂਅ ਮੋਟੋ ਲਿਆ ਅਤੇ ਕੇਸ ਨੰ: 184-185/2020/ SM/B ਦਰਜ਼ ਕਰਨ ਦੇ ਨਾਲ ਇਨਕੁਆਰੀ ਕਮੇਟੀ ਦਾ ਗਠਨ ਕਰਕੇ ਪੰਜਾਬ ਸਰਕਾਰ ਤੋਂ ਰਿਪੋਰਟ ਤਲਬ ਕੀਤੀ ਜਿਸ ਦੇ ਜਵਾਬ ਵਿਚ ਸਪੈਸ਼ਲ ਚੀਫ਼ ਸਕੱਤਰ(ਗ੍ਰਹਿ ਵਿਭਾਗ ਪੰਜਾਬ) ਨੇ ਆਪਣੇ ਪੱਤਰ 18/09/2020 ਰਾਹੀਂ ਦੱਸਿਆ ਕਿ ਏ.ਐਸ.ਆਈ ਓਮ ਪ੍ਰਕਾਸ਼ ਅਤੇ ਏ.ਐਸ.ਆਈ ਅਮਰਨਾਥ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਅਤੇ ਏ.ਐਸ.ਆਈ ਓਮ ਪ੍ਰਕਾਸ਼ ਦਾ ਜ਼ਿਲ੍ਹਾ ਤਰਨਤਾਰਨ ਵਿਖੇ ਤਬਾਦਲਾ ਕਰ ਦਿੱਤਾ ਗਿਆ ਹੈ।
ਇਨਕੁਆਰੀ ਕਮੇਟੀ ਵਲੋਂ ਸਾਹਮਣੇ ਲਿਆਂਦੇ ਗਏ ਤੱਥਾਂ, ਜਾਣਕਾਰੀਆਂ, ਰਿਪੋਰਟਾਂ ਅਤੇ ਦੋਵੇਂ ਪੱਖਾਂ ਨੂੰ ਸੁਣ ਕੇ ਕਿਹਾ ਕਿ ਇਹ ਮਾਮਲਾ 22 ਮਈ 2020 ਦਾ ਹੈ ਜਿਸ ਵਿਚ ਦੋਵੇਂ ਪੁਲਿਸ ਅਧਿਕਾਰੀ ਆਪ ਦੋਸ਼ੀ ਹਨ ਜਿਸ ਕਾਰਨ ਇਸ ਮਾਮਲੇ ਦੀ ਜਾਂਚ ਐਸ.ਡੀ.ਐਮ ਰੈਂਕ ਦੇ ਅਧਿਕਾਰੀ ਵਲੋਂ ਕੀਤੀ ਜਾ ਰਹੀ ਹੈ ਅਤੇ ਇਸ ਮਾਮਲੇ ਵਿਚ ਡਿਪਾਰਟਮੈਂਟਲ ਪ੍ਰੋਸੀਡੀਂਗ ਅਤੇ ਕਰੀਮੀਨਲ ਇਨਵੈਸਟੀਗੇਸ਼ਨ ਹਾਲੇ ਤੱਕ ਪੈਂਡਿੰਗ ਹਨ, ਜਦਕਿ ਅਜਿਹੇ ਮਾਮਲਿਆਂ ਵਿਚ ਜਾਂਚ ਤੁਰੰਤ ਮੁਕੰਮਲ ਹੋਣੀ ਚਾਹੀਦੀ ਹੈ। ਇਨਕੁਆਰੀ ਕਮੇਟੀ ਨੇ ਉਪਰੋਕਤ ਟਿਪੱਣੀ ਕਰਦਿਆਂ ਚੀਫ਼ ਸਕੱਤਰ ਪੰਜਾਬ ਅਤੇ ਡੀਜੀਪੀ ਪੰਜਾਬ ਨੂੰ ਨਿਰਦੇਸ਼ ਜਾਰੀ ਕਰਦੇ ਹੋਏ ਰਿਪੋਰਟ ਸ਼੍ਰੀ ਚੰਦਰ ਮੋਲੀ ਕੁਮਾਰ ਪ੍ਰਸ਼ਾਦ, ਚੇਅਰਮੈਨ ਪ੍ਰੈਸ ਕਾਉਂਸਲ ਆਫ਼ ਇੰਡੀਆ ਨੂੰ ਸੌਂਪੀ ਜਿਨ੍ਹਾਂ ਨੇ ਇਨਕੁਆਰੀ ਕਮੇਟੀ ਵਲੋਂ ਪ੍ਰਾਪਤ ਹੋਈ ਰਿਪੋਰਟ ਵਿਚ ਦਿੱਤੇ ਨਿਰਦੇਸ਼ਾਂ ਨੂੰ ਵਿਚਾਰਨ ਉਪਰੰਤ ਮਨਜੂਰੀ ਦਿੱਤੀ ।