ਚੰਡੀਗੜ੍ਹ : ਪੰਜਾਬੀ ਲੇਖਕ ਸਭਾ ਵੱਲੋਂ ਚੰਡੀਗੜ੍ਹ ਦੇ ਸੈਕਟਰ 16 ਵਿਚ ਸਥਿਤ ਪੰਜਾਬ ਕਲਾ ਭਵਨ ਵਿਖੇ ਕਰਵਾਇਆ ਗਿਆ ਤ੍ਰੈਭਾਸ਼ੀ ਕਵੀ ਦਰਬਾਰ ਪੰਜ ਦਰਿਆਵਾਂ ਦੇ ਸੁਮੇਲ ਵਰਗਾ ਬਣ ਨਿਬੜਿਆ। ਇਸ ਕਵੀ ਦਰਬਾਰ ਵਿਚ ਚੰਡੀਗੜ੍ਹ, ਮੋਹਾਲੀ, ਪੰਚਕੂਲਾ ਅਤੇ ਜ਼ੀਰਕਪੁਰ ਦੇ ਨਾਲ-ਨਾਲ ਕੈਨੇਡਾ ਅਤੇ ਮਲੇਸ਼ੀਆ ਤੋਂ ਆਏ ਵੱਡੇ ਪੰਜਾਬੀ ਫਨਕਾਰ ਕਵੀਆਂ ਨੇ ਵੀ ਜਿੱਥੇ ਇਸ ਮਹਿਫ਼ਲ ਨੂੰ ਚਾਰ ਚੰਨ ਲਾਏ, ਉਥੇ ਲੋਕ ਗਾਇਕਾ ਸੁੱਖੀ ਬਰਾੜ ਨੇ ਇਸ ਸਮਾਗਮ ਨੂੰ ਆਪਣੀ ਗਾਇਕੀ ਨਾਲ ਸਿਖਰ ‘ਤੇ ਪਹੁੰਚਾ ਦਿੱਤਾ। ਇੰਝ ਪੰਜਾਬੀ ਲੇਖਕ ਸਭਾ ਦਾ ਇਹ ਕਵੀ ਦਰਬਾਰ ਪੰਜ ਦਰਿਆਵਾਂ ਦੇ ਸੁਮੇਲ ਵਰਗਾ ਮਿੱਠਾ ਬਣ ਗਿਆ।
ਕਾਵਿ ਮਹਿਫ਼ਲ ਦੀ ਸ਼ੁਰੂਆਤ ਵਿਚ ਸਭ ਤੋਂ ਪਹਿਲਾਂ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਸਿਰੀਰਾਮ ਅਰਸ਼ ਨੇ ਸਮਾਗਮ ਦੇ ਮੁੱਖ ਮਹਿਮਾਨ ਕੈਨੇਡਾ ਤੋਂ ਆਏ ਮੈਡਮ ਸੁਰਜੀਤ ਕਲਸੀ, ਮਲੇਸ਼ੀਆ ਤੋਂ ਡਾ. ਗੁਰਿੰਦਰ ਗਿੱਲ, ਵਿਸ਼ੇਸ਼ ਮਹਿਮਾਨ ਲੋਕ ਗਾਇਕਾ ਸੁੱਖੀ ਬਰਾੜ, ਸਮਾਗਮ ਦੀ ਪ੍ਰਧਾਨਗੀ ਕਰ ਰਹੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਤੇ ਨਾਮਵਰ ਸ਼ਾਇਰ ਅਸ਼ੋਕ ਨਾਦਿਰ ਦਾ ਫੁੱਲਾਂ ਨਾਲ ਸਵਾਗਤ ਕਰਦਿਆਂ ਸਭਨਾਂ ਨੂੰ ਜੀ ਆਇਆ ਆਖ ਕਿਹਾ ਕਿ ਅੱਜ ਸਾਡੀ ਮਹਿਫ਼ਲ ਵਿਚ ਸਭ ਰੰਗ ਮੌਜੂਦ ਹਨ ਤੇ ਇਸ ਦਾ ਸਾਹਿਤ ‘ਤੇ ਚੋਖਾ ਰੰਗ ਚੜ੍ਹੇਗਾ।
ਆਪਣੇ ਪ੍ਰਧਾਨਗੀ ਭਾਸ਼ਣ ਵਿਚ ਡਾ. ਸਰਬਜੀਤ ਸਿੰਘ ਨੇ ਚੰਡੀਗੜ੍ਹ ਪੰਜਾਬੀ ਲੇਖਕ ਸਭਾ ਦੀ ਟੀਮ ਨੂੰ, ਉਨ੍ਹਾਂ ਦੇ ਸਮੁੱਚੇ ਕਾਰਜਾਂ ਨੂੰ ਸਲਾਹੁਦਿਆਂ ਹੋਏ ਕਿਹਾ ਕਿ ਸਾਹਿਤ ਦੇ ਖੇਤਰ ਵਿਚ ਪੰਜਾਬੀ ਲੇਖਕ ਸਭਾ ਆਪਣਾ ਵਡਮੁੱਲਾ ਯੋਗਦਾਨ ਪਾ ਰਹੀ ਹੈ। ਡਾ. ਸਰਬਜੀਤ ਨੇ ਕਿਹਾ ਅੱਜ ਮੈਂ ਕਵਿਤਾ ਦੇ ਬਹੁਤ ਸਾਰੇ ਰੰਗ ਮਾਣੇ। ਸਥਾਪਿਤ ਹੋਣ ਜਾ ਰਹੇ ਅਤੇ ਨਵੇਂ ਕਵੀਆਂ ਦਾ ਇਹ ਇਨਕਲਾਬੀ ਅਤੇ ਸਮੇਂ ਦੇ ਹਾਣ ਦਾ ਹੋਕਾ ਸੀ। ਕਾਵਿ ਪ੍ਰਸਤੁਤੀ ਵਿਚ ਪਰਫਾਰਮੈਂਸ ਵਧੇਰੇ ਮਾਇਨੇ ਰੱਖਦੀ ਹੈ। ਕੋਈ ਵੀ ਸੱਭਿਆਚਾਰ ਉਥੋਂ ਦੀ ਭਾਸ਼ਾ ਤੋਂ ਬਗੈਰ ਪੂਰਾ ਨਹੀਂ ਹੁੰਦਾ। ਭਾਸ਼ਾ ਨੀਤੀ ਬਨਣੀ ਜ਼ਰੂਰੀ ਹੈ। ਨਵਜੋਤ ਸਿੰਘ ਸਿੱਧੂ ਦੀ ਧਾਰਮਿਕ ਅਤੇ ਸੱਭਿਆਚਾਰਕ ਸੋਚ ਸਦਕਾ ਅਜ਼ਾਦੀ ਤੋਂ ਬਾਅਦ ਪਹਿਲੀ ਵਾਰ ਕਲਚਰਲ ਪਾਲਿਸੀ ਬਣਨ ਜਾ ਰਹੀ ਹੈ। ਪੰਜਾਬ ਕਲਾ ਭਵਨ ਨੂੰ ਮੱਕਾ ਮਦੀਨਾ ਦਾ ਦਰਜਾ ਦੁਆਇਆ ਜਾਵੇਗਾ। ਚੰਡੀਗੜ੍ਹ ਦੀਆਂ ਸਾਹਿਤਕ ਸਭਾਵਾਂ ਲਈ ਇਸ ਥਾਂ ਨੂੰ ਬਿਨਾ ਕਿਸੇ ਫੀਸ ਤੋਂ ਮੁਹੱਈਆ ਕਰਵਾਇਆ ਜਾਵੇਗਾ।
ਅੱਜ ਦੀ ਕਾਵਿ ਮਹਿਫ਼ਲ ਵਿਚ ਮਨਜੀਤ ਕੌਰ ਮੋਹਾਲੀ, ਦੀਪਕ ਸ਼ਰਮਾ ਚਨਾਰਥਲ, ਸਿਮਰਜੀਤ ਗਰੇਵਾਲ, ਗੁਰਨਾਮ ਕੰਵਰ, ਸੁੱਖੀ ਬਰਾੜ, ਸੁਰਜੀਤ ਕਲਸੀ ਕੈਨੇਡਾ, ਡਾ. ਗੁਰਿੰਦਰ ਗਿੱਲ ਮਲੇਸ਼ੀਆ, ਅਸ਼ੋਕ ਨਾਦਿਰ, ਪ੍ਰੀਤਮ ਸੰਧੂ, ਡਾ. ਹਰਬੰਸ ਗਿੱਲ, ਸੁਖਵਿੰਦਰ ਆਹੀ, ਸੇਵੀ ਰਾਇਤ, ਡਾ. ਸੁਰਿੰਦਰ ਗਿੱਲ, ਧਿਆਨ ਸਿੰਘ ਕਾਹਲੋਂ, ਰੇਣੂ, ਅਵਤਾਰ ਪਤੰਗ, ਬਲਵਿੰਦਰ ਸਿੰਘ, ਨਰਿੰਦਰ ਕੌਰ ਨਸਰੀਨ, ਅਨਿਲ ਬਹਿਲ, ਬਲਵੰਤ, ਸੁਖਵਿੰਦਰ ਸਿੰਘ, ਸ. ਭਾਟੀਆ, ਆਯੂਸੀ (ਭੁਪਾਲ), ਡਾ. ਰਤਨ, ਸਿਰੀ ਰਾਮ ਅਰਸ਼, ਪਾਲ ਅਜਨਬੀ ਨੇ ਆਪੋ ਆਪਣੀਆਂ ਰਚਨਾਵਾਂ ਦੀ ਪੇਸ਼ਕਾਰੀ ਦਿੱਤੀ।
ਇਸ ਮੌਕੇ ‘ਤੇ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੀ ਲੋਕ ਗਾਇਕਾ ਸੁੱਖੀ ਬਰਾੜ ਨੇ ਆਪਣੀ ਗੱਲ ਸਾਂਝੀ ਕਰਦਿਆਂ ਕਿਹਾ ਕਿ ਹੁਣ ਤੱਕ ਸਕੂਲਾਂ ਅਤੇ ਕਾਲਜਾਂ ਦੇ ਢਾਈ ਲੱਖ ਬੱਚਿਆਂ ਨੂੰ ਪੰਜਾਬੀ ਨਾਲ ਜੋੜ ਚੁੱਕੀ ਹਾਂ। ਅੱਜ ਮੈਂ ਅਸਲੀ ਹੀਰਿਆਂ ਵਿਚ ਹਾਜ਼ਰੀ ਲਗਵਾ ਕੇ ਮਾਣ ਮਹਿਸੂਸ ਕਰ ਰਹੀ ਹਾਂ। ਅਸ਼ਲੀਲ ਗੀਤ ਸੁਣ ਕੇ ਸ਼ਰਮ ਆਉਂਦੀ ਹੈ। ਸਾਰੀਆਂ ਭਾਸ਼ਾਵਾਂ ਦਾ ਸਤਿਕਾਰ ਕਰੋ। ਮਾਂ ਬੋਲੀ ਨੂੰ ਨਾ ਭੁੱਲੋ। ‘ਆ ਨੀ ਪੰਜਾਬੀਏ ਸਜਾਵਾਂ ਤੇਰੇ ਸਿਰ ‘ਤੇ ਮੈਂ ਗੀਤਾਂ ਤੇ ਗਜ਼ਲਾਂ ਦਾ ਤਾਜ’,
‘ਵੇ ਨੀਵੀਂ ਕਰ ਅੱਖ ਮੇਰੇ ਵੱਲ ਕੀ ਝਾਕਦਾ’
ਸਿਰੋਂ ਲੈ ਕੇ ਪੈਰਾਂ ਤੱਕ ਮੈਨੂੰ ਕੀ ਏਂ ਨਾਪਦਾ’
ਹੋਸ਼ ਨਾਲ ਗੱਲ ਕਰ ਧੀ ਮੈਂ ਪੰਜਾਬ ਦੀ ‘ ਬੁਲੰਦ ਆਵਾਜ਼ ਵਿਚ ਗੀਤ ਗਾਏ।
ਮੰਚ ਸੰਚਾਲਨ ਦੀ ਭੂਮਿਕਾ ਡਾ. ਗੁਰਮੇਲ ਸਿੰਘ ਨੇ ਨਿਭਾਈ। ਇਸ ਮੌਕੇ ‘ਤੇ ਵੱਡੀ ਗਿਣਤੀ ਵਿਚ ਲੇਖਕ ਤੇ ਸਰੋਤਿਆਂ ਦੇ ਨਾਲ ਕੰਵਲਪ੍ਰੀਤ ਕੌਰ, ਮਨਵੀਰ ਕੌਰ, ਡਾ. ਗੁਰਦੇਵ ਸਿੰਘ ਗਿੱਲ, ਜਸਪਾਲ ਸਿੰਘ ਸਿੱਧੂ, ਜੋਗਿੰਦਰ ਸਿੰਘ ਜੱਗਾ, ਮੋਹਨ ਪ੍ਰੀਤ, ਜਸ਼ਨਦੀਪ, ਕੁਲਵੰਤ ਭਾਟੀਆ, ਸੁਖਵਿੰਦਰ ਰਫੀਕ ਨੇ ਵੀ ਸਭਾ ਵਿਚ ਸ਼ਿਰਕਤ ਕੀਤੀ।