ਡਿਪਟੀ ਕਮਿਸ਼ਨਰ, ਕੇਂਦਰੀ ਟੀਮ ਦੇ ਡਾਕਟਰਾਂ ਤੇ ਉੱਚ ਪ੍ਰਸ਼ਾਸ਼ਕੀ ਅਧਿਕਾਰੀਆਂ ਨਾਲ ਮੀਟਿੰਗ
ਕਪੂਰਥਲਾ, 12 ਅਪ੍ਰੈਲ( ਵਿਸ਼ਵ ਵਾਰਤਾ )-ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ , ਪੰਜਾਬ ਦੀ ਐਮ.ਡੀ. ਸ਼੍ਰੀਮਤੀ ਤਨੂ ਕਸ਼ਿਅਪ ਵਲੋਂ ਅੱਜ ਕਪੂਰਥਲਾ ਜਿਲ੍ਹੇ ਵਿਚ ਕੋਵਿਡ ਦੀ ਸਥਿਤੀ ਤੇ ਵੈਕਸੀਨੇਸ਼ਨ ਮੁਹਿੰਮ ਦਾ ਜਾਇਜ਼ਾ ਲੈਣ ਮੌਕੇ ਕਿਹਾ ਕਿ ਜਿਲ੍ਹੇ ਅੰਦਰ ਵੈਕਸੀਨੇਸ਼ਨ ਮੁਹਿੰਮ ਨੂੰ ਹੋਰ ਤੇਜ਼ ਕੀਤਾ ਜਾਵੇ ਤਾਂ ਜੋ ਮਹਾਂਮਾਰੀ ਨੂੰ ਰੋਕਣ ਵਿਚ ਸਹਾਇਤਾ ਮਿਲ ਸਕੇ।
ਅੱਜ ਇੱਥੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ, ਕੇਂਦਰੀ ਟੀਮ ਦੇ ਮੈਂਬਰਾਂ ਡਾ. ਆਸੂਤੋਸ਼ ਬਿਸਵਾਸ ਮੈਡੀਸਨ ਵਿਭਾਗ, ਏਮਜ਼, ਪ੍ਰੋ. ਡਾ. ਸੰਜੇ ਗੁਪਤਾ ਨੈਸ਼ਨਲ ਇੰਸਟੀਚਿਊਟ ਆਫ ਹੈਲਥ ਐਂਡ ਫੈਮਿਲੀ ਵੈਲਫੇਅਰ ਤੋਂ ਇਲਾਵਾ ਪ੍ਰਸ਼ਾਸ਼ਕੀ ਤੇ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਸ੍ਰੀਮਤੀ ਤਨੂ ਕਸ਼ਿਅਪ ਨੇ ਕਿਹਾ ਕਿ ਜਿਲ੍ਹੇ ਅੰਦਰ ਰੋਜ਼ਾਨਾ 4500 ਲੋਕਾਂ ਦੀ ਵੈਕਸੀਨੇਸ਼ਨ ਹੋ ਰਹੀ ਹੈ, ਪਰ ਇਸਨੂੰ ਹੋਰ ਵਧਾਉਣ ਦੀ ਲੋੜ ਹੈ।
ਉਨ੍ਹਾਂ ਜਿਲ੍ਹੇ ਅੰਦਰ ਉੱਚ ਮੌਤ ਦਰ ’ਤੇ ਚਿੰਤਾ ਜਾਹਿਰ ਕਰਦਿਆਂ ਕਿਹਾ ਕਿ ਸਮੂਹ ਵਿਭਾਗਾਂ ਦੇ ਕਰਮਚਾਰੀਆਂ, ਸਰਪੰਚਾਂ, ਪੰਚਾਂ ਨੂੰ ਵੀ ਵੈਕਸੀਨੇਸ਼ਨ ਲਾਈ ਜਾਵੇ।
ਕੇਂਦਰੀ ਟੀਮ ਦੇ ਮੈਂਬਰਾਂ ਨੇ ਕਿਹਾ ਕਿ ਉਨ੍ਹਾਂ ਵਲੋਂ ਜਿਲ੍ਹੇ ਅੰਦਰ ਸਟੱਡੀ ਕੀਤੇ ਕੇਸਾਂ ਵਿਚ ਮੌਤ ਦਾ ਮੁੱਖ ਕਾਰਨ ਲੋਕਾਂ ਵਲੋਂ ਲੱਛਣ ਮਿਲਣ ’ਤੇ ਵੀ ਬਹੁਤ ਦੇਰ ਨਾਲ ਹਸਪਤਾਲ ਤੱਕ ਪਹੁੰਚ ਕਰਨਾ ਹੈ।
ਸ੍ਰੀਮਤੀ ਕਸ਼ਿਅਪ ਵਲੋਂ ਕੋਵਿਡ ਕੇਸਾਂ, ਹੋਮ ਆਈਸੋਲੇਸ਼ਨ , ਨਿੱਜੀ ਹਸਪਤਾਲਾਂ ਵਿਚ ਸਹੂਲਤਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਉਨ੍ਹਾਂ ਕਿਹਾ ਕਿ ਹੋਮ ਆਈਸੋਲੇਸ਼ਨ ਵਿਚ ਰਹਿ ਰਹੇ 411 ਮਰੀਜ਼ਾਂ ਦੀ ਸਿਹਤ ਬਾਰੇ ਲਗਾਤਾਰ ਫਾਲੋਆਪ ਕੀਤਾ ਜਾਵੇ।
ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਨੇ ਦੱਸਿਆ ਕਿ ਜਿਲ੍ਹੇ ਅੰਦਰ ਟੀਕਾਕਰਨ ਵਿਚ ਤੇਜੀ ਲਈ ਕਣਕ ਦੀ ਖਰੀਦ ਦੇ ਸੀਜ਼ਨ ਦੌਰਾਨ ਮੰਡੀਆਂ ਵਿਚ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ। ਇਸ ਤੋਂ ਇਲਾਵਾ 83 ਥਾਵਾਂ ’ਤੇ ਟੀਕਾਕਰਨ ਹੋ ਰਿਹਾ ਹੈ, ਜਿਸ ਵਿਚ ਲੋਕਾਂ ਨੂੰ ਟੀਕਾਕਰਨ ਦੇ ਲਾਭਾਂ ਬਾਰੇ ਜਾਣਕਾਰੀ ਦੇਣ ਲਈ ਸਮਾਜਿਕ ਤੇ ਧਾਰਮਿਕ ਆਗੂਆਂ ਤੋਂ ਇਲਾਵਾ ਸਮੂਹ ਕੌਸਲਰਾਂ ਦੀ ਵੀ ਸ਼ਮੂਲੀਅਤ ਯਕੀਨੀ ਬਣਾਈ ਗਈ ਹੈ।
ਐਮ.ਡੀ. ਵਲੋਂ ਆਕਸੀਜਨ ਦੀ ਸਪਲਾਈ, ਟੈਸਟਿੰਗ ਕਿੱਟਸ, ਦਵਾਈਆਂ ਦੀ ਉਪਲਬਧਤਾ ਬਾਰੇ ਵੀ ਜਾਣਕਾਰੀ ਲਈ ਗਈ। ਉਨ੍ਹਾਂ ਇਹ ਵੀ ਕਿਹਾ ਕਿ ਜਿਲ੍ਹਾ ਪੱਧਰ ’ਤੇ ਟੀਕਾਕਰਨ ਸੈਲ ਵੀ ਸਥਾਪਿਤ ਕੀਤਾ ਜਾਵੇ।
ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਜਨਰਲ ਰਾਹੁਲ ਚਾਬਾ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਐਸ ਪੀ ਆਂਗਰਾ, ਸਿਵਲ ਸਰਜਨ ਡਾ. ਸੀਮਾ, ਸਮੂਹ ਐਸ.ਡੀ.ਐਮਜ਼ , ਜਿਲ੍ਹਾ ਟੀਕਾਕਰਨ ਅਫਸਰ ਡਾ.ਰਣਦੀਪ ਸਿੰਘ ਤੇ ਐਸ.ਐਮ.ਓਜ਼ ਹਾਜ਼ਰ ਸਨ।