ਗੈਂਗਸਟਰਾਂ ਦੇ ਅੱਤਵਾਦੀਆਂ ਨਾਲ ਲਿੰਕ ਖੰਘਾਲਣ ਵਿੱਚ ਜੁੱਟੀ ਐਨਆਈਏ!
ਪੰਜਾਬ-ਹਰਿਆਣਾ ਸਮੇਤ ਰਾਜਾਂ ‘ਚ ਛਾਪੇਮਾਰੀ ਜਾਰੀ,ਕਈ ਗੈਂਗਸਟਰਾਂ ਨੂੰ ਲਿਆ ਹਿਰਾਸਤ ‘ਚ
ਚੰਡੀਗੜ੍ਹ 29 ਨਵੰਬਰ(ਵਿਸ਼ਵ ਵਾਰਤਾ)- ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਅੱਜ ਸਵੇਰੇ ਪੰਜਾਬ ਸਮੇਤ ਉੱਤਰ ਭਾਰਤ ਦੇ 5 ਰਾਜਾਂ ‘ਚ ਗੈਂਗਸਟਰਾਂ ਦੇ 20 ਟਿਕਾਣਿਆਂ ‘ਤੇ ਇੱਕੋ ਸਮੇਂ ਛਾਪੇਮਾਰੀ ਕੀਤੀ ਹੈ। NIA ਦੀ ਕਾਰਵਾਈ ਉੱਤਰ ਪ੍ਰਦੇਸ਼, ਹਰਿਆਣਾ, ਦਿੱਲੀ, ਪੰਜਾਬ ਅਤੇ ਰਾਜਸਥਾਨ ਵਿੱਚ ਚੱਲ ਰਹੀ ਹੈ।ਜਾਣਕਾਰੀ ਅਨੁਸਾਰ ਐਨਆਈਏ ਏਜੰਸੀ ਲਾਰੇਂਸ ਅਤੇ ਉਸਦੇ ਸਾਥੀਆਂ ਦੇ ਪਾਕਿਸਤਾਨ ਅਤੇ ਹੋਰ ਦੇਸ਼ਾਂ ਵਿੱਚ ਬੈਠੇ ਅੱਤਵਾਦੀਆਂ ਨਾਲ ਸਬੰਧਾਂ ‘ਤੇ ਨਜ਼ਰ ਰੱਖ ਰਹੀ ਹੈ। ਇਸ ਤੋਂ ਇਲਾਵਾ ਬਦਨਾਮ ਗੈਂਗਸਟਰ ਨੀਰਜ ਬਵਾਨਾ ਅਤੇ ਭੁੱਪੀ ਰਾਣਾ ਦੇ ਸਬੰਧਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
ਦਰਅਸਲ, ਕਈ ਮਹੀਨੇ ਪੰਜਾਬ ਪੁਲਿਸ ਦੀ ਹਿਰਾਸਤ ਵਿੱਚ ਰਹਿਣ ਤੋਂ ਬਾਅਦ ਕੁਝ ਦਿਨ ਪਹਿਲਾਂ ਐਨਆਈਏ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਵਿੱਚ ਸ਼ਾਮਲ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਪੰਜਾਬ ਦੀ ਬਠਿੰਡਾ ਕੇਂਦਰੀ ਜੇਲ੍ਹ ਤੋਂ ਰਿਮਾਂਡ ‘ਤੇ ਲਿਆ ਸੀ। ਹਾਲ ਹੀ ਵਿੱਚ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਲਾਰੈਂਸ ਬਿਸ਼ਨੋਈ, ਗੋਲਡੀ ਬਰਾੜ ਸਮੇਤ ਕਈ ਜਾਣੇ-ਪਛਾਣੇ ਗੈਂਗਸਟਰਾਂ ‘ਤੇ ਯੂਏਪੀਏ ਤਹਿਤ ਐਫਆਈਆਰ ਦਰਜ ਕੀਤੀ ਸੀ। ਲਾਰੈਂਸ ਅਤੇ ਗੋਲਡੀ ਬਰਾੜ ਤੋਂ ਇਲਾਵਾ ਪਾਕਿਸਤਾਨ ਵਿੱਚ ਕੁਝ ਹੋਰ ਗੈਂਗਸਟਰਾਂ ਦੇ ਅੱਤਵਾਦੀਆਂ ਨਾਲ ਸਬੰਧ ਹੋਣ ਕਾਰਨ ਐਨਆਈਏ ਨੇ ਪਿਛਲੇ ਸਮੇਂ ਵਿੱਚ ਵੀ ਕਈ ਥਾਵਾਂ ’ਤੇ ਛਾਪੇ ਮਾਰੇ ਹਨ। ਸਤੰਬਰ ਅਤੇ ਅਕਤੂਬਰ ਵਿੱਚ ਵੀ ਐਨਆਈਏ ਨੇ ਪੰਜਾਬ, ਹਰਿਆਣਾ ਅਤੇ ਦਿੱਲੀ ਵਿੱਚ ਕਈ ਥਾਵਾਂ ’ਤੇ ਛਾਪੇ ਮਾਰੇ ਸਨ।
ਇਸ ਦੇ ਨਾਲ ਹੀ ਪਿਛਲੇ ਦਿਨੀਂ ਰਿਹਾਅ ਹੋਏ ਗੈਂਗਸਟਰ ਸਿਮਰਜੀਤ ਬਾਬਾ ਨੂੰ ਵੀ ਐਨਆਈਏ ਨੇ ਹਿਰਾਸਤ ਵਿੱਚ ਲੈ ਲਿਆ ਹੈ।