‘ਜੇ ਇਹ ਆਗੂ ਪੰਜਾਬ ਦੀ ਪਿੱਠ ’ਚ ਛੁਰਾ ਨਾ ਮਾਰਦੇ, ਤਾਂ ਸ਼ਾਇਦ 1984 ਦੀਆਂ ਘਟਨਾਵਾਂ ਵੀ ਨਾ ਵਾਪਰਦੀਆਂ’
ਚੰਡੀਗੜ੍ਹ 18 ਜੂਨ ( ਵਿਸ਼ਵ ਵਾਰਤਾ)-ਉੱਘੇ ਸਿੱਖ ਕਿਸਾਨ ਆਗੂ, ਆਲ ਇੰਡੀਆ ਜੱਟ ਮਹਾਂਸਭਾ ਦੇ ਰਾਸ਼ਟਰੀ ਡੈਲੀਗੇਟ ਅਤੇ ਚੰਡੀਗੜ੍ਹ ਇਕਾਈ ਦੇ ਪ੍ਰਧਾਨ ਸ. ਰਾਜਿੰਦਰ ਸਿੰਘ ਬਡਹੇੜੀ ਨੇ ਕਿਹਾ ਕਿ ਹੈ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਬਿਆਨ ਉਨ੍ਹਾਂ ਵਿਚਲੀ ਸਿਆਸੀ ਸਮਝ ਦੀ ਘਾਟ ਨੂੰ ਦਰਸਾਉਂਦਾ ਹੈ। ਸ. ਬਡਹੇੜੀ ਨੇ ਕਿਹਾ ਕਿ ਦਰਅਸਲ, ਜਦੋਂ ਪੰਜਾਬ ਤੇ ਹਰਿਆਣਾ ਵਿਚਾਲੇ ਪਾਣੀਆਂ ਦਾ ਰੇੜਕਾ ਆਪਣੇ ਪੂਰੇ ਸਿਖ਼ਰਾਂ ’ਤੇ ਸੀ, ਤਦ ਖੱਟਰ ਅਸਲ ਵਿੱਚ ਆਰਐੱਸਐੱਸ ਦੇ ਸਿਰਫ਼ ਇੱਕ ਵਲੰਟੀਅਰ ਸਨ ਅਤੇ ਤਦ ਆਪਣੀ ਸਬਜ਼ੀ ਦੀ ਦੁਕਾਨ ਚਲਾਉਂਦੇ ਸਨ।
ਇੱਥੇ ਵਰਨਣਯੋਗ ਹੈ ਕਿ ਆਪਣੀ ਸਰਕਾਰ ਦੇ 600 ਦਿਨ ਮੁਕੰਮਲ ਹੋਣ ਮੌਕੇ ਮਨੋਹਰ ਲਾਲ ਖੱਟਰ ਨੇ ਕਿਹਾ ਸੀ ਕਿ ਹਰਿਆਣਾ ਨੂੰ ਸਤਲੁਜ–ਯਮੁਨਾ ਸੰਪਰਕ ਨਹਿਰ (ਐੱਸਵਾਇਐੱਲ) ਦੀ ਲੋੜ ਸੀ ਪਰ ਪੰਜਾਬ ਨੇ ਇਹ ਸਾਰਾ ਮਾਮਲਾ ਉਲਝਾ ਦਿੱਤਾ। ‘ਪੰਜਾਬ ਨੂੰ ਆਪਣੀ ਜ਼ਿੱਦ ਛੱਡ ਕੇ ਸੁਪਰੀਮ ਕੋਰਟ ਵੱਲੋਂ ਹਰਿਆਣਾ ਦੇ ਹੱਕ ’ਚ ਦਿੱਤਾ ਫ਼ੈਸਲਾ ਲਾਗੂ ਕਰਨਾ ਚਾਹੀਦਾ ਹੈ।’
ਕਿਸਾਨ ਆਗੂ ਸ. ਬਡਹੇੜੀ ਨੇ ਕਿਹਾ ਕਿ ਸਤਲੁਜ–ਯਮੁਨਾ ਸੰਪਰਕ ਨਹਿਰ, ਦਰਿਆਈ ਪਾਣੀਆਂ ਦਾ ਵਿਵਾਦ ਅਤੇ ਪੰਜਾਬੀ ਬੋਲਦੇ ਇਲਾਕਿਆਂ ਨਾਲ ਸਬੰਧਤ ਪੰਜਾਬ ਦੇ ਮੁੱਖ ਭਖਦੇ ਮੁੱਦੇ ਅਸਲ ਵਿੱਚ ਪੰਜਾਬ ਵਿੱਚ ਸਾਬਕਾ ਮੁੱਖ ਮੰਤਰੀ ਦਰਬਾਰਾ ਸਿੰਘ, ਪ੍ਰਕਾਸ਼ ਸਿੰਘ ਬਾਦਲ, ਹਰਿਆਣਾ ਦੇ ਤਤਕਾਲੀਨ ਮੁੱਖ ਮੰਤਰੀ ਭਜਨ ਲਾਲ ਅਤੇ ਸੀਪੀਆਈ (ਐੱਮ) ਦੇ ਕੇਂਦਰੀ ਆਗੂ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਜਿਹੇ ਆਗੂਆਂ ਦੇ ਉਲਝਾਏ ਹੋਏ ਹਨ। ਸ. ਬਡਹੇੜੀ ਨੇ ਕਿਹਾ ਕਿ ਅਜਿਹੇ ਤੱਥਾਂ ਬਾਰੇ ਮਨੋਹਰ ਲਾਲ ਖੱਟਰ ਨੂੰ ਗਿਆਨ ਨਹੀਂ ਹੈ।
ਸ. ਬਡਹੇੜੀ ਨੇ ਕਿਹਾ ਕਿ 1982 ’ਚ ਉਦੋਂ ਦੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਇਹ ਮਸਲਾ ਹੱਲ ਕਰ ਰਹੇ ਸਨ। ਤਦ ਸ਼੍ਰੋਮਣੀ ਅਕਾਲੀ ਦਲ ਵੀ ਤਿਆਰ ਸੀ ਸ਼ਰੋਮਣੀ ਅਕਾਲੀ ਦਲ ਵੱਲੋਂ ਸਰਦਾਰ ਰਵੀ ਇੰਦਰ ਸਿੰਘ ਅਤੇ ਕਾਂਗਰਸ ਵੱਲੋਂ ਕੈਪਟਨ ਅਮਰਿੰਦਰ। ਸਿੰਘ ਨੇ ਇਹ ਮਸਲੇ ਹੱਲ ਕਰਾਉਣ ਲਈ ਮੋਹਰੀ ਭੂਮਿਕਾ ਨਿਭਾਈ ਸੀ ਪਰ ਹਰਕਿਸ਼ਨ ਸਿੰਘ ਸੁਰਜੀਤ, ਪ੍ਰਕਾਸ਼ ਸਿੰਘ ਬਾਦਲ ਤੇ ਹੋਰਨਾਂ ਨੇ ਸਿਰਫ਼ ਸਿਆਸੀ ਲਾਹਾ ਲੈਣ ਲਈ ਇਹ ਮਸਲਾ ਉਲਝਾਇਆ ਸੀ। ਇਸ ਦਾ ਨੁਕਸਾਨ ਪੰਜਾਬ ਤੇ ਪੰਜਾਬ ਵਾਸੀਆਂ ਨੂੰ ਹੀ ਉਠਾਉਣਾ ਪਿਆ। ‘ਉਸ ਵੇਲੇ ਸੀਪੀਐੱਮ ਪੋਲਿਟ ਬਿਊਰੋ ਦੇ ਮੈਂਬਰ ਹਰਕਿਸ਼ਨ ਸਿੰਘ ਸੁਰਜੀਤ ਆਖਦੇ ਹੁੰਦੇ ਸਨ ਕਿ ਮੈਂ ਤਾਂ ਕੇਂਦਰੀ ਆਗੂ ਹਾਂ ਤੇ ਮੈਂ ਇਕੱਲੇ ਪੰਜਾਬ ਦੇ ਹਿਤਾਂ ਦਾ ਧਿਆਨ ਥੋੜ੍ਹਾ ਰੱਖਣਾ ਹੈ, ਸਭ ਨੂੰ ਵੇਖਣਾ ਹੈ। ਜੇ ਇੰਝ ਆਖ ਲਿਆ ਜਾਵੇ ਕਿ ਸੁਰਜੀਤ ਨੇ ਪੰਜਾਬ ਦੀ ਪਿੱਠ ਵਿੱਚ ਛੁਰਾ ਮਾਰਿਆ ਸੀ, ਤਾਂ ਵੀ ਕੋਈ ਅਤਿਕਥਨੀ ਨਹੀਂ ਹੋਵੇਗੀ।’
ਉਸ ਤੋਂ ਬਾਅਦ ਹੀ ਪੰਜਾਬ ਸਮੱਸਿਆ ਵੀ ਉਲਝ ਗਈ। ਪੰਜਾਬ ਪੁਲਿਸ ਨੇ 40 ਹਜ਼ਾਰ ਨੌਜਵਾਨਾਂ ਦਾ ਘਾਣ ਕੀਤਾ। ਜੇ 1982 ’ਚ ਇੰਦਰਾ ਗਾਂਧੀ ਇਹ ਮਸਲਾ ਹੱਲ ਕਰ ਦਿੰਦੇ, ਤਾਂ ਸ਼ਾਇਦ 1984 ਦੀਆਂ ਮੰਦਭਾਗੀਆਂ ਘਟਨਾਵਾਂ ਵੀ ਨਾ ਵਾਪਰਦੀਆਂ।