ਪੰਜਾਬ ਸਾਹਿਤ ਅਕਾਦਮੀ ਦੇ ਇਕ ਵਾਰ ਫਿਰ ਪ੍ਰਧਾਨ ਬਣੇ ਡਾ.ਸਰਬਜੀਤ ਕੌਰ ਸੋਹਲ
ਚੰਡੀਗੜ੍ਹ 29ਅਪ੍ਰੈਲ(ਵਿਸ਼ਵ ਵਾਰਤਾ)-ਡਾ. ਸਰਬਜੀਤ ਕੌਰ ਸੋਹਲ ਇਕ ਵਾਰ ਫਿਰ ਤੋਂ ਪੰਜਾਬ ਸਾਹਿਤ ਅਕਾਦਮੀ ਦੇ ਪ੍ਰਧਾਨ ਬਣਾਏ ਗਏ ਹਨ। ਮੀਤ ਪ੍ਰਧਾਨ ਤੋਂ ਬਾਅਦ ਬੀਤੇ ਚਾਰ ਸਾਲ ਇਸ ਅਹੁਦੇ ਉਤੇ ਰਹਿੰਦਿਆਂ ਉਨਾਂ ਨੇ ਪੰਜਾਬੀ ਸਾਹਿਤ ਅਤੇ ਸਭਿਆਚਾਰ ਦੀ ਪ੍ਰਫੁੱਲਤਾ ਲਈ ਯਾਦਗਾਰੀ ਕੰਮ ਕੀਤੇ ਜਿਨਾਂ ਵਿੱਚ ਅੰਤਰ ਰਾਸ਼ਟਰੀ ਸਾਹਿਤ ਉਤਸਵ ਅਤੇ ਨਾਰੀ ਸਾਹਿਤ ਉਤਸਵ ਆਦਿ ਸ਼ਾਮਲ ਹਨ। ਕੋਰੋਨਾ ਕਾਲ ਦੀ ਸ਼ੁਰੂਆਤ ਵੇਲੇ ਵੀ ਉਨਾਂ ਨੇ ਆਨ ਲਾਈਨ ਸਾਹਿਤਕ ਸਮਾਗਮਾਂ ਦੀ ਲੜੀ ਜਾਰੀ ਰੱਖੀ ।
ਅਧਿਆਪਕ, ਅਧਿਕਾਰੀ, ਕਵਿਤਰੀ, ਆਲੋਚਕ, ਸੰਪਾਦਕ, ਅਨੁਵਾਦਕ ਅਤੇ ਕਹਾਣੀਕਾਰ ਹੋਣ ਦੇ ਨਾਤੇ ਡਾ. ਸੋਹਲ ਦੇ ਖਾਤੇ ਵਿੱਚ ਸੱਤ ਕਵਿਤਾ ਪੁਸਤਕਾਂ, ਤਿੰਨ ਆਲੋਚਨਾ ਪੁਸਤਕਾਂ, ਪੰਜ ਸੰਪਾਦਤ ਪੁਸਤਕਾਂ, ਗਿਆਰਾਂ ਅਨੁਵਾਦ ਪੁਸਤਕਾਂ ਅਤੇ ਇੱਕ ਕਹਾਣੀਆਂ ਦੀ ਪੁਸਤਕ ਸ਼ਾਮਲ ਹੋ ਚੁੱਕੀ ਹੈ ।
ਪੰਜਾਬ ਸਰਕਾਰ ਵੱਲੋਂ ਦੋ ‘ਸਟੇਟ ਐਵਾਰਡ’, ‘ਇੰਦਰਾ ਗਾਂਧੀ ਐਨ.ਐਸ.ਐਸ. ਨੈਸ਼ਨਲ ਐਵਾਰਡ’ ਭਾਰਤ ਦੇ ਰਾਸ਼ਟਰਪਤੀ ਦੁਆਰਾ ਸਿੱਖਿਆ ਦੇ ਖੇਤਰ ਵਿਚ ਨੈਸ਼ਨਲ ਐਵਾਰਡ, ਖ਼ਾਲਸਾ ਕਾਲਜ ਅੰਮ੍ਰਿਤਸਰ ਦੁਆਰਾ ‘ਵਿਰਾਸਤੀ ਐਵਾਰਡ’ ਰੀਜਨਲ ਸੈਂਟਰ ਜਲੰਧਰ ਦੇ ਜਰਨਲਿਜ਼ਮ ਵਿਭਾਗ ਦੁਆਰਾ ਸਿਲਵਰ ਜੁਬਲੀ ਸਮਾਗਮ ‘ਤੇ ‘ਐਵਾਰਡ ਆਫ ਆਨਰ’, ਨਾਰੀ ਦਿਵਸ ‘ਤੇ ਮੁਹਾਲੀ ਪ੍ਰੈੱਸ ਕਲੱਬ ਅਵਾਰਡ ਸਮੇਤ ਪੰਜਾਬ ਸਕੂਲ ਸਿਖਿਆ ਬੋਰਡ ਅਤੇ ‘ਭਾਰਤੀ ਵਿਕਾਸ ਪ੍ਰੀਸ਼ਦ’ ਦੁਆਰਾ ਵੀ ਕਈ ਹੋਰ ਮਾਣ-ਸਨਮਾਨ ਮਿਲ ਚੁਕੇ ਹਨ ।
ਨਵੇਂ ਕਾਰਜ ਦੀ ਰੂਪ ਰੇਖਾ ਬਾਰੇ ਪੁੱਛਣ ‘ਤੇ ਡਾ. ਸੋਹਲ ਨੇ ਦੱਸਿਆ ਕਿ ਤਰਜੀਹੀ ਤੌਰ ‘ਤੇ ਪੰਜਾਬੀ ਸਾਹਿਤ, ਪੰਜਾਬੀ ਭਾਸ਼ਾ, ਪੰਜਾਬੀ ਸੱਭਿਆਚਾਰ ਅਤੇ ਪੰਜਾਬੀਅਤ ਦੇ ਪ੍ਰਚਾਰ-ਪ੍ਰਸਾਰ ਅਤੇ ਪ੍ਰਫੁੱਲਤਾ ਲਈ ਤਨਦੇਹੀ ਨਾਲ ਕੰਮ ਕਰਨਾ ਅਤੇ ਪੰਜਾਬ ਸਾਹਿਤ ਅਕਾਦਮੀ ਨੂੰ ਸਾਹਿਤ ਅਕਾਦਮੀ, ਦਿੱਲੀ ਦੇ ਪੱਧਰ ਤੱਕ ਪਹੁੰਚਾਉਣਾ ਹੀ ਮੇਰੇ ਨਵੇਂ ਕਾਰਜ ਦਾ ਮੁੱਖ ਮਕਸਦ ਹੋਵੇਗਾ।
ਡਾ. ਸੋਹਲ ਨੇ ਦੱਸਿਆ ਕਿ ਪੰਜਾਬੀ ਸਾਹਿਤ ਦੀਆਂ ਸਾਰੀਆਂ ਵਿਧਾਵਾਂ ਦੀ ਪ੍ਰਫੁੱਲਤਾ ਲਈ ਕੇਵਲ ਚੰਡੀਗੜ੍ਹ ‘ਚ ਹੀ ਨਹੀਂ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿਚ ਇਹ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ। ਬਾਲਾਂ ਵਿਚ ਸਾਹਿਤ ਪੜ੍ਹਨ ਦੀ ਰੁੱਚੀ ਪ੍ਰਫੁੱਲਤ ਕਰਨ ਲਈ ਪਹਿਲਾਂ ਵੀ ਅਸੀਂ ਬੱਚਿਆਂ ਲਈ ਕਵਿਤਾ ਉਚਾਰਨ, ਕਵਿਤਾ ਲੇਖਣ, ਕਹਾਣੀ ਲੇਖਣ, ਵਾਰਤਕ ਅਤੇ ਨਾਟਕ ਲੇਖਨ ਆਦਿ ਲਈ ਵਰਕਸ਼ਾਪਾਂ ਆਯੋਜਿਤ ਕੀਤੀਆਂ ਸਨ ਜਿਨਾਂ ਲਈ ਭਰਵਾਂ ਹੁੰਗਾਰਾ ਮਿਲਿਆ ਸੀ । ਸਕੂਲ ਪੱਧਰ ‘ਤੇ ਹੁਣ ਵੀ ਇਹ ਕਾਰਜ ਜਾਰੀ ਰਖਿਆ ਜਾਏਗਾ ।