ਜੈਤੋ, 19 ਅਪ੍ਰੈਲ (ਰਘੁਨੰਦਨ ਪਰਾਸ਼ਰ) – ਪੰਜਾਬ ਸਰਕਾਰ ਨੇ ਆਉਣ ਵਾਲੇ ਨਵੇਂ ਕਪਾਹ ਸੀਜ਼ਨ ਸਾਲ 2019-20 ਲਈ ਸੂਬੇ ਵਿਚ ਕਪਾਹ ਬਿਜਾਈ ਦਾ ਖੇਤਰ ਬੀਤੇ ਸਾਲ ਨਾਲੋਂ ਵੱਧ ਕਰਨ ਦਾ ਟੀਚਾ ਮਿੱਥਿਆ ਹੈ। ਨਵੇਂ ਸੀਜ਼ਨ ਲਈ ਸੂਬੇ ਵਿਚ 4 ਲੱਖ ਹੈਕਟੇਅਰ ਜ਼ਮੀਨ ਵਿਚ ਕਪਾਹ ਦੀ ਬਿਜਾਈ ਦਾ ਟੀਚਾ ਰੱਖਿਆ ਹੈ, ਜਦਕਿ ਚਾਲੂ ਕਪਾਹ ਸੀਜਨ ਸਾਲ 2018-19 ਦੌਰਾਨ ਸੂਬੇ ਵਿਚ ਕਪਾਹ ਦੀ ਬਿਜਾਈ 2.85 ਲੱਖ ਹੈਕਟੇਅਰ ਹੋਈ ਸੀ।
ਪੰਜਾਬ ਖੇਤੀਬਾੜੀ ਵਿਭਾਗ ਦੇ ਸਕੱਤਰ ਕਾਹਨ ਸਿੰਘ ਪੰਨੂ ਅਨੁਸਾਰ ਉਹ ਜਲਦ ਹੀ ਸੂਬੇ ਦਾ ਦੌਰਾ ਕਰਨ ਜਾ ਰਹੇ ਹਨ ਤਾਂ ਕਿ ਰਾਜ ਸਰਕਾਰ ਵਲੋਂ ਰੱਖਿਆ 4 ਲੱਖ ਹੈਕਟੇਅਰ ਵਿਚ ਕਪਾਹ ਬਿਜਾਈ ਟੀਚਾ ਪੂਰਾ ਹੋ ਸਕੇ। ਪੰਨੂ ਅਨੁਸਾਰ ਸੂਬੇ ਦੇ ਕਿਸਾਨਾਂ ਨੂੰ ਸ਼ੁੱਧ ਬੀਜ ਤੇ ਦਵਾਈਆਂ ਮਿਲਣ ਦਾ ਉੱਚਿਤ ਪ੍ਰਬੰਧ ਕੀਤਾ ਗਿਆ ਹੈ। ਸੂਬੇ ਦੇ ਨਹਿਰਾਂ ਵਿਚ 28 ਅਪ੍ਰੈਲ ਨੂੰ ਪਾਣੀ ਛੱਡ ਦਿੱਤਾ ਜਾਵੇਗਾ ਤਾਂ ਕਿ ਕਿਸਾਨਾਂ ਨੂੰ ਲੋੜ ਅਨੁਸਾਰ ਪਾਣੀ ਮਿਲ ਸਕੇ ਤੇ ਕਪਾਹ ਦੀ ਬਿਜਾਈ ਵਿਚ ਕੋਈ ਵਿਘਨ ਨਾ ਆਏ।