ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ -2019 ਦੌਰਾਨ 5 ਦਸੰਬਰ ਨੂੰ ਮੁੱਖ ਮੰਤਰੀ ਵਲੋਂ ਦਿੱਤੇ ਜਾਣਗੇ ਪੁਰਸਕਾਰ
ਸੂਬਾ ਸਰਕਾਰ ਵਲੋਂ ਛੋਟੇ/ਲਘੂ ਅਤੇ ਦਰਮਿਆਨੇ ਉਦਯੋਗਾਂ ਨੂੰ 1 ਲੱਖ ਰੁਪਏ ਦਾ ਪੁਰਸਕਾਰ ਅਤੇ ਇੱਕ ਸਰਟੀਫਿਕੇਟ ਦਿੱਤਾ ਜਾਵੇਗਾ
ਚੰਡੀਗੜ, 4 ਦਸੰਬਰ: ਪੰਜਾਬ ਸਰਕਾਰ ਨੇ ਵਿੱਤੀ ਸਾਲ 2016 -17 ਤੋਂ 2018-19 ਦੌਰਾਨ ਨਿਵੇਸ਼, ਰੁਜ਼ਗਾਰ ਉੱਤਪਤੀ, ਟਰਨਓਵਰ/ਵਿਕਰੀ, ਊਰਜਾ ਸਮੱਰਥਾ, ਨਿਰਯਾਤ, ਕਰਮਚਾਰੀਆਂ ਦੀ ਭਲਾਈ ਆਦਿ ਵਿੱਚ ਬੇਮਿਸਾਲ ਕਾਰੋਬਾਰੀ ਵਾਧਾ ਦਰਜ ਕਰਨ ਅਤੇ ਅਤੇ ਉਤਪਾਦ ਦੀ ਗੁਣਵੱਤਾ ਵਿੱਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਸ਼ਾਨਦਾਰ ਐਮ.ਐਸ.ਐਮ.ਈਜ਼. ਨੂੰ ਪੰਜਾਬ ਰਾਜ ਐਮ.ਐਸ.ਐਮ.ਈ. ਪੁਰਸਕਾਰ 2019 ਦੇਣ ਦਾ ਫੈਸਲਾ ਕੀਤਾ ਹੈ। ਇਨਾਂ ਐਮ.ਐਸ.ਐਮਜ਼. ਨੂੰ ਮੋਹਾਲੀ ਦੇ ਇੰਡੀਅਨ ਸਕੂਲ ਆਫ਼ ਬਿਜ਼ਨਸ (ਆਈ.ਐਸ.ਬੀ.) ਵਿਖੇ ਹੋਣ ਵਾਲੇ ਪ੍ਰੋਗਰੈਸਿਵ ਪੰਜਾਬ ਇਨਵੈਸਟਰਸ ਸਮਿਟ -2019 ਸੰਮੇਲਨ ਦੇ ਪਹਿਲੇ ਦਿਨ 5 ਦਸੰਬਰ ਨੂੰ ਪੰਜਾਬ ਦੇ ਮੁੱਖ ਮੰਤਰੀ ਨਗਦ ਪੁਰਸਕਾਰ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕਰਨਗੇ।
ਇਸ ਬਾਰੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਦਯੋਗ ਮੰਤਰੀ ਸ੍ਰੀ ਸ਼ਾਮ ਸੁੰਦਰ ਅਰੋੜਾ ਨੇ ਕਿਹਾ ਕਿ ਰਾਜ ਸਰਕਾਰ ਉਦਯੋਗ ਦੇ ਵਿਕਾਸ ਲਈ ਐਮ.ਐਸ.ਐਮ.ਈਜ਼. ਖੇਤਰ ਦੇ ਵਿਕਾਸ ਸਮੇਤ ਹਰ ਸੰਭਵ ਕਦਮ ਚੁੱਕ ਰਹੀ ਹੈ। ਇਸ ਉਦੇਸ਼ ਲਈ, ਸੂਬਾ ਸਰਕਾਰ ਨੇ ਪੰਜਾਬ ਉਦਯੋਗਿਕ ਅਤੇ ਵਪਾਰ ਵਿਕਾਸ ਨੀਤੀ, 2017 ਦੀ ਸ਼ੁਰੂਆਤ ਕੀਤੀ ਸੀ, ਜਿਸ ਤਹਿਤ ਉਦਯੋਗ ਦੇ ਸਾਰੇ ਖੇਤਰਾਂ ਲਈ ਵੱਖ ਵੱਖ ਰਿਆਇਤਾਂ ਦਿੱਤੀ ਜਾਂਦੀਆਂ ਹਨ। ਉਨਾਂ ਕਿਹਾ ਕਿ ਪੰਜਾਬ ਨੂੰ ਉਦਯੋਗਿਕ ਨਿਵੇਸ਼ਾਂ ਲਈ ਇਕ ਆਕਰਸ਼ਕ ਤੇ ਪ੍ਰਤੀਯੋਗੀ ਮਾਪਦੰਡਾਂ ਵਜੋਂ ਅੱਗੇ ਵਧਾਉਣ ਅਤੇ ਪ੍ਰਦਰਸ਼ਿਤ ਕਰਨ ਲਈ ਸੂਬਾ ਸਰਕਾਰ ਵਲੋਂ ਇੰਡੀਅਨ ਸਕੂਲ ਆਫ਼ ਬਿਜ਼ਨਸ (ਆਈ.ਐੱਸ.ਬੀ.), ਮੁਹਾਲੀ ਵਿਖੇ 5-6 ਦਸੰਬਰ, 2019 ਨੂੰ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ -2019 ਕਰਵਾਇਆ ਜਾ ਰਿਹਾ ਹੈ।
ਉਦਯੋਗ ਮੰਤਰੀ ਨੇ ਕਿਹਾ ਕਿ ਸੰਮੇਲਨ ਦੌਰਾਨ, ਸੂਬਾ ਸਰਕਾਰ ਵੱਖ ਵੱਖ ਖੇਤਰਾਂ ਦੇ ਸ਼ਾਨਦਾਰ ਐਮ.ਐਸ.ਐਮ.ਈਜ਼. ਉਦਮੀਆਂ ਜਿਵੇਂ ਐਗਰੋ ਐਂਡ ਫੂਡ ਪ੍ਰੋਸੈਸਿੰਗ, ਆਟੋਮੋਬਾਈਲਜ਼ ਅਤੇ ਆਟੋ ਪਾਰਟਸ, ਟੈਕਸਟਾਈਲ, ਇੰਜੀਨੀਅਰਿੰਗ, ਫਾਰਮਾਸਿਊਟੀਕਲ, ਆਈ.ਟੀ. ਅਤੇ ਇਲੈਕਟ੍ਰਾਨਿਕਸ, ਖੇਡਾਂ, ਹੱਥੀ ਸੰਦ ਅਤੇ ਚਮੜਾ ਉਦਯੋਗ ਦਾ ਸਨਮਾਨ ਕਰਨਗੇ। ਇਸ ਦੇ ਨਾਲ ਹੀ ਸਬੰਧਿਤ ਉਦਯੋਗਾਂ ਦੀਆਂ ਪ੍ਰਾਪਤੀਆਂ ਨੂੰ ਪਛਾਣਨਗੇ ਅਤੇ ਉਹਨਾਂ ਨੂੰ ਗੁਣਵੱਤਾ ਉਤਪਾਦ ਤਿਆਰ ਕਰਨ ਲਈ ਉਤਸ਼ਾਹਿਤ ਕਰਨਗੇ ਜਿਸ ਲਈ ਪ੍ਰੈਸ ਦੁਆਰਾ ਆਨਲਾਈਨ ਅਰਜ਼ੀਆਂ ਲਈਆਂ ਗਈਆਂ ਹਨ। ਉਪਰੋਕਤ ਸੈਕਟਰਾਂ ਵਿੱਚ ਚੱਲ ਰਹੇ ਛੋਟੇ/ਲਘੂ ਅਤੇ ਦਰਮਿਆਨੇ ਉਦਯੋਗਾਂ ਨੂੰ 1 ਲੱਖ ਰੁਪਏ ਦਾ ਰਾਜ ਪੁਰਸਕਾਰ ਅਤੇ ਇੱਕ ਸਰਟੀਫਿਕੇਟ ਦਿੱਤਾ ਜਾਵੇਗਾ।
ਸੂਬਾ ਪੁਰਸਕਾਰ ਲਈ ਚੁਣੇ ਗਏ ਐਮ.ਐਸ.ਐਮ.ਈ. ਦੇ ਨਾਂ ਦੱਸਦਿਆਂ ਸ੍ਰੀ ਸ਼ਾਮ ਸੁੰਦਰ ਅਰੋੜਾ ਨੇ ਦੱਸਿਆ ਕਿ ਐਗਰੋ ਐਂਡ ਫੂਡ ਪ੍ਰੋਸੈਸਿੰਗ ਸੈਕਟਰ ਅਧੀਨ ਛੋਟੇ ਅਤੇ ਲਘੂ ਉਦਯੋਗ ਮੈਸਰਜ਼ ਧੀਮਾਨ ਫੂਡਜ਼ ਪ੍ਰਾਈਵੇਟ ਲਿਮ., ਜ਼ਿਲਾ ਜਲੰਧਰ ਦੀ ਚੋਣ ਕੀਤੀ ਗਈ ਹੈ ਜਦਕਿ ਦਰਮਿਆਨੇ ਉਦਯੋਗ ਦੀ ਸ਼੍ਰੇਣੀ ਅਧੀਨ ਇਹ ਪੁਰਸਕਾਰ ਮੈਸਰਜ਼ ਕੈਪੀਟਲ ਫੀਡਜ਼ ਪ੍ਰਾਈਵੇਟ ਲਿਮਟਡ, ਜ਼ਿਲਾ ਪਟਿਆਲਾ ਨੂੰ ਦਿੱਤਾ ਜਾਵੇਗਾ। ਇਸੇ ਤਰਾਂ ਆਟੋਮੋਬਾਈਲਜ਼ ਅਤੇ ਆਟੋ ਪਾਰਟਸ ਸੈਕਟਰ ਅਧੀਨ ਛੋਟੇ ਅਤੇ ਲਘੂ ਉਦਯੋਗ ਮੈਸਰਜ਼ ਸਿਟੀਜ਼ਨ ਪ੍ਰੈਸ ਕੰਪੋਨੈਂਟਸ, ਲੁਧਿਆਣਾ ਦੀ ਚੋਣ ਕੀਤੀ ਗਈ ਹੈ ਜਦਕਿ ਦਰਮਿਆਨੇ ਉਦਯੋਗ ਸ਼੍ਰੇਣੀ ਅਧੀਨ ਇਹ ਪੁਰਸਕਾਰ ਮੈਸਰਜ਼ ਗਿਲਾਰਡ ਇਲੈਕਟ੍ਰਾਨਿਕਸ ਪ੍ਰਾਈਵੇਟ ਲਿਮ., ਐੱਸ.ਏ.ਐੱਸ. ਨਗਰ ਨੂੰ ਦਿੱਤਾ ਜਾਵੇਗਾ। ਇਸੇ ਤਰਾਂ ਟੈਕਸਟਾਈਲ ਸੈਕਟਰ ਦੇ ਅਧੀਨ ਛੋਟੇ ਅਤੇ ਲਘੂ ਉਦਯੋਗ ਲਈ ਮੈਸਰਜ਼ ਕੁਡੂ ਨੀਟ ਪ੍ਰੋਸੈਸ ਪ੍ਰਾਈਵੇਟ ਲਿ., ਲੁਧਿਆਣਾ ਦੀ ਚੋਣ ਕੀਤੀ ਗਈ ਹੈ, ਜਦੋਂ ਕਿ ਦਰਮਿਆਨੇ ਉਦਯੋਗ ਸ਼੍ਰੇਣੀ ਅਧੀਨ ਇਹ ਪੁਰਸਕਾਰ ਮੈਸਰਜ਼ ਡਿਊਕ ਫੈਸ਼ਨ (ਇੰਡੀਆ) ਲਿਮਟਿਡ ਨੂੰ ਦਿੱਤਾ ਜਾਵੇਗਾ। ਉਨਾਂ ਕਿਹਾ ਕਿ ਇੰਜੀਨੀਅਰਿੰਗ ਸੈਕਟਰ ਅਧੀਨ ਛੋਟੇ ਅਤੇ ਲਘੂ ਉਦਯੋਗ ਲਈ ਮੈਸਰਜ਼ ਕਿ੍ਰਸਟਲ ਇਲੈਕਟਿ੍ਰਕ ਕੰਪਨੀ ਪ੍ਰਾਈਵੇਟ ਲਿਮ., ਲੁਧਿਆਣਾ ਦੀ ਚੋਣ ਕੀਤੀ ਗਈ ਹੈ, ਜਦੋਂ ਕਿ ਦਰਮਿਆਨੇ ਉਦਯੋਗ ਸ਼੍ਰੇਣੀ ਅਧੀਨ ਇਹ ਪੁਰਸਕਾਰ ਮੈਸਰਜ਼ ਬਿਹਾਰੀ ਲਾਲ ਇਸਪਤ ਪ੍ਰਾਈਵੇਟ ਲਿਮ., ਪਿੰਡ ਸਲਾਨੀ, ਜ਼ਿਲਾ ਫਤਿਹਗੜ ਸਾਹਿਬ ਨੂੰ ਦਿੱਤਾ ਜਾਵੇਗਾ। ਫਾਰਮਾਸਿਊਟੀਕਲ ਸੈਕਟਰ ਅਧੀਨ ਛੋਟੇ ਅਤੇ ਲਘੂ ਉਦਯੋਗ ਲਈ ਮੈਸਰਜ਼ ਕਨਸਰਨ ਫਾਰਮਾ ਲਿਮਟਿਡ, ਲੁਧਿਆਣਾ ਨੂੰ ਚੁਣਿਆ ਗਿਆ ਹੈ ਜਦੋਂ ਕਿ ਦਰਮਿਆਨੇ ਉਦਯੋਗ ਸ਼੍ਰੇਣੀ ਅਧੀਨ ਪੁਰਸਕਾਰ ਲਈ ਕੋਈ ਅਰਜ਼ੀ ਪ੍ਰਾਪਤ ਨਹੀਂ ਹੋਈ। ਖੇਡਾਂ ਦੇ ਖੇਤਰ ਵਿਚ ਛੋਟੇ ਅਤੇ ਲਘੂ ਉਦਯੋਗ ਪੁਰਸਕਾਰ ਮੈਸਰਜ਼ ਰਤਨ ਬ੍ਰਦਰਜ਼, ਜਲੰਧਰ ਅਤੇ ਦਰਮਿਆਨੇ ਉਦਯੋਗ ਸ਼੍ਰੇਣੀ ਅਧੀਨ ਇਹ ਪੁਰਸਕਾਰ ਮੈਸਰਜ਼ ਨਿਵੀਆ ਸਿੰਥੇਟਿਕਸ ਪ੍ਰਾਈਵੇਟ ਲਿਮਟਿਡ, ਯੂਨਿਟ ਨੰਬਰ 3, ਜਲੰਧਰ ਨੂੰ ਦਿੱਤਾ ਗਿਆ ਹੈ। ਹੈਂਡ ਟੂਲਜ਼ ਸੈਕਟਰ ਵਿਚ ਛੋਟੇ ਅਤੇ ਲਘੂ ਉਦਯੋਗ ਪੁਰਸਕਾਰ ਮੈਸਰਜ਼ ਫਾਲਕਨ ਗਾਰਡਨ ਟੂਲਜ਼ ਪ੍ਰਾਈਵੇਟ ਲਿਮਟਿਡ, ਲੁਧਿਆਣਾ ਅਤੇ ਦਰਮਿਆਨੇ ਉਦਯੋਗ ਸ਼੍ਰੇਣੀ ਅਧੀਨ ਇਹ ਪੁਰਸਕਾਰ ਮੈਸਰਜ਼ ਅਜੈ ਇੰਡਸਟਰੀਜ਼, ਜਲੰਧਰ ਨੂੰ ਦਿੱਤਾ ਗਿਆ ਹੈ। ਚਮੜਾ ਉਦਯੋਗ ਖੇਤਰ ਵਿਚ ਛੋਟੇ ਅਤੇ ਲਘੂ ਉਦਯੋਗ ਪੁਰਸਕਾਰ ਮੈਸਰਜ਼ ਸਕੈ ਓਵਰਸੀਜ਼, ਲੈਦਰ ਕੰਪਲੈਕਸ, ਜਲੰਧਰ ਨੂੰ ਦਿੱਤਾ ਗਿਆ ਹੈ ਅਤੇ ਦਰਮਿਆਨੇ ਉਦਯੋਗ ਸ਼੍ਰੇਣੀ ਅਧੀਨ ਇਸ ਪੁਰਸਕਾਰ ਲਈ ਕੋਈ ਬਿਨੈ ਪੱਤਰ ਪ੍ਰਾਪਤ ਨਹੀਂ ਹੋਇਆ।
ਉਦਯੋਗ ਮੰਤਰੀ ਨੇ ਕਿਹਾ ਕਿ ਸਰਕਾਰ ਨੂੰ ਉਮੀਦ ਹੈ ਕਿ ਇਹ ਐਮ.ਐਸ.ਐਮ.ਈ. ਪੁਰਸਕਾਰ ਹੋਰਨਾਂ ਐਮ.ਐਸ.ਐਮ.ਈਜ਼. ਨੂੰ ਗੁਣੱਵਤਾ ਉਤਪਾਦਾਂ ਦੇ ਉਤਪਾਦਨ ਲਈ ਨਿਵੇਸ਼ ਕਰਨ ਅਤੇ ਨਵੀਨਤਮ ਟੈਕਨਾਲੋਜੀ ਅਪਣਾਉਣ ਲਈ ਉਤਸ਼ਾਹ ਅਤੇ ਪ੍ਰੇਰਿਤ ਕਰਨਗੇ ਜੋ ਆਮਦਨ ਅਤੇ ਰੁਜ਼ਗਾਰ ਪੈਦਾਵਾਰ ਵਿੱਚ ਵਾਧਾ ਕਰਨ ਲਈ ਸਹਾਈ ਹੋਣਗੇ ਜੋ ਸਮੇਂ ਦੀ ਵਿਸ਼ੇਸ਼ ਲੋੜ ਹੈ।