ਪੰਜਾਬ ਸਰਕਾਰ ਦਾ ਵੱਡਾ ਫੈਸਲਾ
ਮਹਿਲਾ ਸਰਪੰਚਾਂ ਅਤੇ ਪੰਚਾਂ ਦੀ ਥਾਂ ਤੇ ਪਤੀ, ਪੁੱਤਰ ਜਾਂ ਭਰਾ ਦੇ ਬੈਠਕਾਂ ਵਿੱਚ ਹਿੱਸਾ ਲੈਣ ਤੇ ਲਾਈ ਰੋਕ
ਚੰਡੀਗੜ੍ਹ,31ਅਗਸਤ(ਵਿਸ਼ਵ ਵਾਰਤਾ)- ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਪੰਜਾਬ ਵੱਲੋਂ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਇਹ ਹੁਕਮ ਜਾਰੀ ਕੀਤੇ ਗਏ ਹਨ ਕਿ ਉਹ ਯਕੀਨੀ ਬਣਾਉਣ ਕਿ ਪਿੰਡਾਂ ਦੀਆਂ ਮਹਿਲ ਸਰਪੰਚਾਂ ਦੀ ਥਾਂ ਉਹਨਾਂ ਦੇ ਪਤੀ, ਭਰਾ ਜਾਂ ਪੁੱਤਰ ਅਧਿਕਾਰਕ ਬੈਠਕਾਂ ਵਿੱਚ ਹਿੱਸਾ ਨਾ ਲੈਣ। ਇਸ ਗੱਲ ਤੇ ਜੋਰ ਦੇਣ ਲਈ ਕਿਹਾ ਗਿਆ ਹੈ ਕਿ ਮਹਿਲਾ ਸਰਪੰਚ ਖੁਦ ਬੈਠਕਾਂ ਵਿੱਚ ਹਿੱਸਾ ਲੈਣ। ਉਸ ਦੀ ਜਗ੍ਹਾ ਉਸ ਦੇ ਪਤੀ, ਬੇਟੇ ਤੇ ਭਰਾ ਜਾਂ ਕੋਈ ਹੋਰ ਰਿਸ਼ਤੇਦਾਰ ਦੀ ਮੌਜੂਦਗੀ ਗ਼ੈਰ ਕਾਨੂੰਨੀ ਹੋਵੇਗੀ ਤੇ ਜੇਕਰ ਅਜਿਹਾ ਹੋਇਆ ਤਾਂ ਸੰਬੰਧਿਤ ਅਧਿਕਾਰੀਆਂ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਪੰਚਾਇਤੀ ਰਾਜ ’ਚ ਔਰਤਾਂ ਨੂੰ 33 ਫ਼ੀਸਦੀ ਰਾਖਵਾਂਕਰਨ ਦਿੱਤਾ ਹੋਇਆ ਹੈ। ਦੋ ਦਹਾਕੇ ਤੋਂ ਵੀ ਵੱਧ ਸਮਾਂ ਪਹਿਲਾਂ ਦਿੱਤੀ ਗਈ ਇਸ ਸਹੂਲਤ ਦੇ ਬਾਵਜੂਦ ਅੱਜ ਵੀ ਜ਼ਿਆਦਾਤਰ ਅਧਿਕਾਰਕ ਬੈਠਕਾਂ ’ਚ ਮਹਿਲਾ ਸਰਪੰਚ ਨਹੀਂ ਆਉਂਦੀਆਂ ਬਲਕਿ ਉਨ੍ਹਾਂ ਵੱਲੋਂ ਉਨ੍ਹਾਂ ਦੇ ਪੁੱਤਰ, ਪਤੀ ਤੇ ਭਰਾ ਹੀ ਬੈਠਕਾਂ ’ਚ ਆਉਂਦੇ ਹਨ। ਇਹੀ ਨਹੀਂ, ਗ੍ਰਾਮ ਪੰਚਾਇੰਤਾਂ ਆਦਿ ਦੇ ਕੰਮ ਵੀ ਉਹ ਹੀ ਕਰਦੇ ਹਨ।