ਪੰਜਾਬ ਸਰਕਾਰ ਤੋੜ ਰਹੀ ਹੈ ਰਿਕਾਰਡ ਤੇ ਰਿਕਾਰਡ – ਖ਼ਜ਼ਾਨੇ ਦੀਆਂ ਦੇਣਦਾਰੀਆਂ ਹੋਈਆਂ ਖ਼ਤਮ
ਚੰਡੀਗੜ੍ਹ, 2ਅਪ੍ਰੈਲ(ਵਿਸ਼ਵ ਵਾਰਤਾ)-ਪੰਜਾਬ ਸਰਕਾਰ ਦੇ ਖਜ਼ਾਨਾ ਵਿਭਾਗ ਦੀ ਰਿਪੋਰਟ ਅਨੁਸਾਰ ਇਸ ਸਾਲ 15 ਸਾਲ ਬਾਅਦ ਅਜਿਹਾ ਹੋਇਆ ਹੈ ਕਿ ਵਿੱਤੀ ਸਾਲ ਦੇ ਖ਼ਤਮ ਹੋਣ ਤੇ 31ਮਾਰਚ 2021 ਤੱਕ ਜਿਨ੍ਹੇ ਵੀ ਪੰਜਾਬ ਦੇ ਖਜ਼ਾਨੇ ਵਿੱਚ ਦੇਣਦਾਰੀਆਂ ਦੇ ਬਿਲ ਆਏ ਉਹ ਸਾਰੇ ਪਾਸ ਹੋ ਗਏ। ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ 3556ਕਰੋੜ ਦੇ ਬਿਲ ਇਕ ਦਿਨ ਪਹਿਲਾਂ ਲੰਘੇ ਵਿੱਤੀ ਸਾਲ 2020-21ਦੇ ਆਖਰੀ ਦੇ ਦਿਨਾਂ ਵਿੱਚ ਭੁਗਤਾਏ ਗਏ।ਵਿਭਾਗ ਵੱਲੋਂ ਦੱਸਿਆ ਗਿਆ ਹੈ ਕਿ 10,295 ਬਿਲ, 30 ਮਾਰਚ ਨੂੰ ਕਲੀਅਰ ਕੀਤੇ ਗਏ,ਜਿਹਨਾਂ ਦੀ ਕੁੱਲ ਰਕਮ 1417.6ਕਰੋੜ ਹੈ।ਇਹ ਰਕਮ 45,176ਵੱਖ-ਵੱਖ ਵਿਭਾਗਾਂ ਵੱਲੋਂ ਵਸੂਲ ਕਰਨ ਵਾਲਿਆਂ ਵਿੱਚ ਵੰਡੀ ਗਈ ਹੈ। 31ਮਾਰਚ ਨੂੰ 12,484 ਬਿਲਾਂ ਦਾ ਭੁਗਤਾਨ ਹੋਇਆ ਜੋ ਕਿ 2138.5 ਕਰੋੜ ਦੀ ਰਕਮ 3,01,356 ਵਸੂਲ ਕਰਨ ਵਾਲਿਆਂ ਨੂੰ ਭੁਗਤਾਈ ਗਈ।
ਇਹ ਗੱਲ ਵਰਨਣਯੋਗ ਹੈ ਕਿ ਅਜਿਹਾ 15ਵਰਿਆਂ ਦੇ ਲੰਬੇ ਅੰਤਰਾਲ ਤੋਂ ਬਾਅਦ ਹੋਇਆ ਹੈ ਕਿ ਪੰਜਾਬ ਦੇ ਖਜ਼ਾਨਾ ਵਿਭਾਗ ਦੀ ਵਿੱਤੀ ਸਾਲ ਦੀ ਅਖੀਰਲੇ ਦਿਨ ਦੇਣਦਾਰੀ ‘0’ ਹੋ ਗਈ। ਇਸ ਉਪਲੱਬਧੀ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖੁਸ਼ੀ ਪ੍ਰਗਟ ਕੀਤੀ ਅਤੇ ਵੱਖ-ਵੱਖ ਵਿਭਾਗਾਂ ਨੂੰ ਨਿਰਦੇਸ਼ ਦਿੱਤੇ ਗਏ ਕਿ ਸਮੇਂ ਸਮੇਂ ਤੇ ਦੇਣਦਾਰੀਆਂ ਅਤੇ ਲੈਣਦਾਰੀਆਂ ਦਾ ਰੀਵਿਊ ਕਰ ਕੇ ਚੱਲਿਆ ਜਾਵੇ ਤਾਂ ਜੋ ਖਜ਼ਾਨੇ ਦੀ ‘ਜ਼ੀਰੋ ਪੈਡੈਂਸੀ’ ਨੂੰ ਬਰਕਰਾਰ ਰੱਖਿਆ ਜਾ ਸਕੇ।