ਪੰਜਾਬ ਸਰਕਾਰ ਅਤੇ ਰਾਜਪਾਲ ਹੁਣ ਮੁੱਖ ਮੰਤਰੀ ਦੀਆਂ ਚਿੱਠੀਆਂ ਨੂੰ ਲੈ ਕੇ ਆਹਮੋ-ਸਾਹਮਣੇ
ਮੁੱਖ ਮੰਤਰੀ ਨੇ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀ ਪੰਜਾਬੀ ਵਾਲੀ ਚਿੱਠੀ, ਰਾਜਪਾਲ ਨੂੰ ਭੇਜਿਆ ਅੰਗ੍ਰੇਜ਼ੀ ‘ਚ ਲਿਖਿਆ ਪੱਤਰ
ਰਾਜਪਾਲ ਨੇ ਪੁੱਛਿਆ ਅਸਲੀ ਕਿਹੜਾ ?
ਚੰਡੀਗੜ੍ਹ 21 ਅਕਤੂਬਰ(ਵਿਸ਼ਵ ਵਾਰਤਾ)- ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵੀਸੀ ਦੀ ਨਿਯੁਕਤੀ ਨੂੰ ਲੈ ਕੇ ਚੱਲ ਰਹੇ ਵਿਵਾਦਾਂ ਵਿਚਾਲੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਰਾਜਪਾਲ ਨੂੰ ਭੇਜੇ ਗਏ ਪੱਤਰਾਂ ਨੂੰ ਲੈ ਕੇ ਹੁਣ ਵਿਵਾਦ ਖੜ੍ਹਾ ਹੋ ਗਿਆ ਹੈ। ਦਰਅਸਲ ਮੁੱਖ ਮੰਤਰੀ ਨੇ ਆਪਣੇ ਸੋਸ਼ਲ ਮੀਡੀਆ ਤੇ ਰਾਜਪਾਲ ਨੂੰ ਲਿਖਿਆ ਪੱਤਰ ਸਾਂਝਾ ਕੀਤਾ ਸੀ। ਜਿਸ ਦੀ ਸ਼ਬਦਾਵਲੀ ਕਾਫੀ ਚਿਤਾਵਨੀ ਭਰਪੂਰ ਹੈ। ਇਸ ਦੇ ਨਾਲ ਹੀ ਰਾਜਪਾਲ ਨੂੰ ਆਪਣੇ ਦਫਤਰ ਵਿੱਚ ਜੋ ਪੱਤਰ ਪ੍ਰਾਪਤ ਹੋਇਆ ਹੈ ਉਸ ਅੰਗ੍ਰੇਜ਼ੀ ਭਾਸ਼ਾ ਵਿੱਚ ਹੈ ਜਿਸ ਵਿੱਚ ਸੀਐਮ ਭਗਵੰਤ ਮਾਨ ਨੇ ਕਾਫੀ ਨਰਮੀ ਭਰਪੂਰ ਸ਼ਬਦਾਂ ਦੀ ਵਰਤੋਂ ਕੀਤੀ ਹੈ। ਇਸ ‘ਚ ਭਗਵੰਤ ਮਾਨ ਨੇ ਸਿਰਫ ਰਾਜਪਾਲ ਨੂੰ ਆਪਣੇ ਫੈਸਲੇ ‘ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ ਹੈ।
ਰਾਜਪਾਲ ਨੇ ਮੁੱਖ ਮੰਤਰੀ ਤੋਂ ਸਪੱਸ਼ਟੀਕਰਨ ਮੰਗਿਆ ਹੈ ਕਿ ਉਨ੍ਹਾਂ ਦੀਆਂ 2 ਚਿੱਠੀਆਂ ਵਿੱਚੋਂ ਕਿਹੜੀ ਚਿੱਠੀ ਪ੍ਰਮਾਣਿਕ ਹੈ ਅਤੇ ਪੰਜਾਬੀ ਵਿੱਚ ਲਿਖੀ ਚਿੱਠੀ ਨੂੰ ਪਹਿਲਾਂ ਮੀਡੀਆ ਵਿੱਚ ਕਿਉਂ ਪ੍ਰਸਾਰਿਤ ਕੀਤਾ ਗਿਆ ਹੈ?
ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਰਾਜਪਾਲ ਨੂੰ ਲਿਖਿਆ ਪੰਜਾਬੀ ਭਾਸ਼ਾ ਦਾ ਪੱਤਰ ਸਿਰਫ਼ ਇੱਕ ਪੰਨੇ ਦਾ ਹੈ। ਜਦੋਂ ਕਿ ਪੰਜਾਬ ਦੇ ਰਾਜਪਾਲ ਨੂੰ ਮਿਲਿਆ ਅੰਗਰੇਜ਼ੀ ਬੇਨਤੀ ਪੱਤਰ ਪੰਜ ਪੰਨਿਆਂ ਦਾ ਹੈ। ਇਸ ਦੁਚਿੱਤੀ ਕਾਰਨ ਰਾਜਪਾਲ ਨੇ ਮੁੱਖ ਮੰਤਰੀ ਪੰਜਾਬ ਨੂੰ ਪੁੱਛਿਆ ਹੈ ਕਿ ਕਿਹੜਾ ਪੱਤਰ ਸਹੀ ਹੈ।