ਰਾਸ਼ਟਰੀ ਜਾਂਚ ਏਜੰਸੀ ਐਨਆਈਏ ਦੀ ਵੱਡੀ ਕਾਰਵਾਈ
ਪੰਜਾਬ ਸਮੇਤ 8 ਸੂਬਿਆਂ ‘ਚ 72 ਥਾਵਾਂ ‘ਤੇ ਛਾਪੇਮਾਰੀ ਜਾਰੀ, ਗੈਂਗਸਟਰ-ਟੈਰਰ ਫੰਡਿੰਗ ਮਾਮਲੇ ‘ਚ ਕਾਰਵਾਈ
ਚੰਡੀਗੜ੍ਹ 21 ਫਰਵਰੀ(ਵਿਸ਼ਵ ਵਾਰਤਾ ਬਿਓਰੋ)- ਰਾਸ਼ਟਰੀ ਜਾਂਚ ਏਜੰਸੀ ਯਾਨੀ NIA ਨੇ ਅੱਜ ਸਵੇਰੇ ਪੰਜਾਬ ਸਮੇਤ ਉੱਤਰ ਭਾਰਤ ਦੇ ਅੱਠ ਸੂਬਿਆਂ ‘ਚ 72 ਥਾਵਾਂ ‘ਤੇ ਛਾਪੇਮਾਰੀ ਕੀਤੀ ਹੈ। ਇਹ ਛਾਪੇ ਗੈਂਗਸਟਰ ਲਾਰੈਂਸ ਅਤੇ ਉਸ ਦੇ ਨਜ਼ਦੀਕੀਆਂ ਦੇ ਟਿਕਾਣਿਆਂ ‘ਤੇ ਮਾਰੇ ਗਏ ਹਨ। ਜਾਣਕਾਰੀ ਅਨੁਸਾਰ ਐਨਆਈਏ ਰਾਜਸਥਾਨ, ਪੰਜਾਬ, ਹਰਿਆਣਾ, ਦਿੱਲੀ, ਚੰਡੀਗੜ੍ਹ, ਮੱਧ ਪ੍ਰਦੇਸ਼, ਗੁਜਰਾਤ ਅਤੇ ਉੱਤਰ ਪ੍ਰਦੇਸ਼ ਵਿੱਚ ਇੱਕੋ ਸਮੇਂ ਕਾਰਵਾਈ ਕਰ ਰਹੀ ਹੈ। ਰਾਜਸਥਾਨ ਵਿੱਚ ਛਾਪੇਮਾਰੀ ਦੌਰਾਨ ਗੈਂਗਸਟਰ ਲਾਰੈਂਸ ਦਾ ਪਾਕਿਸਤਾਨ ਕਨੈਕਸ਼ਨ ਵੀ ਪਾਇਆ ਗਿਆ ਹੈ।
ਸੂਤਰਾਂ ਮੁਤਾਬਕ ਜਾਂਚ ਏਜੰਸੀ ਇਹ ਕਾਰਵਾਈ ਅੱਤਵਾਦੀ ਫੰਡਿੰਗ ‘ਚ ਵੱਖ-ਵੱਖ ਸੂਬਿਆਂ ‘ਚ ਫੈਲੇ ਲਾਰੈਂਸ ਅਤੇ ਉਸ ਦੇ ਸਿੰਡੀਕੇਟ ਦੀ ਸ਼ਮੂਲੀਅਤ ਦੇ ਸਬੂਤ ਮਿਲਣ ਤੋਂ ਬਾਅਦ ਕਰ ਰਹੀ ਹੈ। ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਜੇਲ੍ਹ ਵਿੱਚ ਬੰਦ ਲਾਰੈਂਸ ਅਤੇ ਨੀਰਜ ਬਵਾਨਾ ਨੇ ਪੁੱਛਗਿੱਛ ਦੌਰਾਨ ਹਥਿਆਰਾਂ ਦੀ ਸਪਲਾਈ ਕਰਨ ਵਾਲੇ ਗੈਂਗ ਅਤੇ ਟੈਰਰ ਫੰਡਿੰਗ ਦੀ ਗੱਲ ਕਬੂਲੀ ਹੈ। ਖ਼ਬਰ ਇਹ ਵੀ ਹੈ ਕਿ ਛਾਪੇਮਾਰੀ ਦੌਰਾਨ ਐਨਆਈਏ ਨੂੰ ਕਈ ਥਾਵਾਂ ਤੋਂ ਹਥਿਆਰ ਮਿਲੇ ਹਨ।
ਇਸ ਦੇ ਨਾਲ ਹੀ ਮੁਕਤਸਰ ਤੋਂ ਇਹ ਵੀ ਵੱਡੀ ਖਬਰ ਸਾਹਮਣੇ ਆਈ ਹੈ ਕਿ ਲੰਬੀ ਤੋਂ ਇੱਕ ਸਖ਼ਸ਼ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।