ਗੈਂਗਸਟਰਾਂ ਦੇ ਅੱਤਵਾਦੀਆਂ ਨਾਲ ਸੰਬੰਧਾਂ ਨੂੰ ਲੈ ਕੇ ਐਨਆਈਏ ਦੀ ਵੱਡੀ ਕਾਰਵਾਈ
ਪੰਜਾਬ ਸਮੇਤ ਦੇਸ਼ ਭਰ ਵਿੱਚ ਗੈਂਗਸਟਰਾਂ ਦੇ ਠਿਕਾਣਿਆਂ ਤੇ ਐਨਆਈਏ ਵੱਲੋਂ ਛਾਪੇਮਾਰੀ
ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਸਮੇਤ ਕਈ ਵੱਡੇ ਗੈਂਗਸਟਰ ਰਾਡਾਰ ‘ਤੇ!
ਚੰਡੀਗੜ੍ਹ,12 ਸਤੰਬਰ(ਵਿਸ਼ਵ ਵਾਰਤਾ)-ਭਾਰਤ ਵਿੱਚ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਕਈ ਗੈਂਗਸਟਰ ਅਤੇ ਅੱਤਵਾਦੀ ਪਿਛਲੇ ਸਮੇਂ ਵਿੱਚ ਵੱਖ-ਵੱਖ ਰਾਜਾਂ ਤੋਂ ਫੜੇ ਗਏ ਸਨ। ਗੈਂਗਸਟਰਾਂ ਦੇ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਅਤੇ ਖਾਲਿਸਤਾਨੀ ਅੱਤਵਾਦੀਆਂ ਨਾਲ ਜੁੜੇ ਹੋਣ ਦੀ ਵੀ ਚਰਚਾ ਸੀ।ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਵੀ ਇਹਨਾਂ ਲੋਕਾਂ ਦੇ ਸ਼ਾਮਲ ਹੋਣ ਦੀ ਗੱਲ ਸਾਹਮਣੇ ਆਈ ਸੀ।ਇਸ ਸਮੇਂ ਦੀ ਵੱਡੀ ਖਬਰ ਇਹ ਸਾਹਮਣੇ ਆ ਰਹੀ ਹੈ ਕਿ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨਆਈਏ) ਨੇ ਅਜਿਹੇ ਗੈਂਗਸਟਰਾਂ ਦੇ ‘ਅੱਤਵਾਦੀ ਕਨੈਕਸ਼ਨਾਂ’ ਦਾ ਪਤਾ ਲਗਾਉਣ ਲਈ ਕਮਰ ਕੱਸ ਲਈ ਹੈ । ਏਜੰਸੀ ਨੇ ਅੱਜ ਕ੍ਰਾਈਮ ਸਿੰਡੀਕੇਟ ‘ਤੇ ਸ਼ਿਕੰਜਾ ਕੱਸਣ ਲਈ ਦੇਸ਼ ਭਰ ਵਿੱਚ ਘੱਟੋ-ਘੱਟ 60 ਥਾਵਾਂ ‘ਤੇ ਛਾਪੇਮਾਰੀ ਕੀਤੀ। ਇਨ੍ਹਾਂ 60 ਟਿਕਾਣਿਆਂ ਵਿੱਚ ਦਿੱਲੀ, ਐਨਸੀਆਰ, ਪੰਜਾਬ ਅਤੇ ਹਰਿਆਣਾ ਦੇ ਇਲਾਕੇ ਸ਼ਾਮਲ ਹਨ। ਇਹਨਾਂ ਵਿੱਚ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਠਿਕਾਣਿਆਂ ਫਾਜ਼ਿਲਕਾ, ਕੋਟਕਪੂਰਾ ਦੇ ਨਾਲ ਹੀ ਅੰਮ੍ਰਿਤਸਰ ਦੇ ਗੈਂਗਸਟਰ ਸ਼ੁਭਮ ਦੇ ਘਰ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਖੰਨਾ ਦੇ ਪਿੰਡ ਰਾਜਗੜ੍ਹ ਵਿੱਚ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ।
ਦੱਸ ਦਈਏ ਕਿ ਪਿਛਲੀਆਂ ਕੁਝ ਜਾਂਚਾਂ ਵਿੱਚ ਆਈਐਸਆਈ ਅਤੇ ਖਾਲਿਸਤਾਨੀ ਦਹਿਸ਼ਤਗਰਦਾਂ ਨਾਲ ਗੈਂਗਸਟਰਾਂ ਦੇ ਗਠਜੋੜ ਦਾ ਮਾਮਲਾ ਸਾਹਮਣੇ ਆਇਆ ਹੈ। ਖਾਸ ਕਰਕੇ ਪੰਜਾਬ ਦੇ ਗੈਂਗਸਟਰ। ਦੇਸ਼ ਵਿੱਚ ਦਹਿਸ਼ਤ ਦੀ ਸਾਜ਼ਿਸ਼ ਵਿੱਚ ਦਹਿਸ਼ਤਗਰਦਾਂ ਦਾ ਸਾਥ ਦੇਣ ਵਾਲੇ ਇਨ੍ਹਾਂ ਗੈਂਗਸਟਰਾਂ ਖ਼ਿਲਾਫ਼ ਐਨਆਈਏ ਦੇਸ਼ ਦੇ ਹਰ ਕੋਨੇ ਵਿੱਚ ਕਾਰਵਾਈ ਕਰ ਰਹੀ ਹੈ। ਇਸ ਸਮੇਂ ਕਈ ਗੈਂਗਸਟਰਾਂ ਦੇ ਟਿਕਾਣੇ ਜਾਂਚ ਏਜੰਸੀ ਦੇ ਨਿਸ਼ਾਨੇ ‘ਤੇ ਹਨ। ਮੋਹਾਲੀ ਰਾਕੇਟ ਲਾਂਚਰ ਹਮਲੇ ਅਤੇ ਲੁਧਿਆਣਾ ਕੋਰਟ ਬਲਾਸਟ ਕੇਸ ਦੀ ਜਾਂਚ ਵਿੱਚ ਵੀ ਆਈਐਸਆਈ-ਖਾਲਿਸਤਾਨੀ-ਗੈਂਗਸਟਰਾਂ ਦਾ ਗਠਜੋੜ ਸਾਹਮਣੇ ਆਇਆ ਸੀ। NIA ਸਿੱਧੂ ਮੂਸੇਵਾਲਾ ਦੇ ਕਤਲ ਨਾਲ ਜੁੜੇ ਸ਼ੱਕੀ ਅੱਤਵਾਦੀ ਗਿਰੋਹ ਦੇ ਸਬੰਧ ‘ਚ ਪੰਜਾਬ ਸਮੇਤ ਦਿੱਲੀ, ਹਰਿਆਣਾ, ਰਾਜਸਥਾਨ, ਹਿਮਾਚਲ ਪ੍ਰਦੇਸ਼ ‘ਚ ਛਾਪੇਮਾਰੀ ਕਰ ਰਹੀ ਹੈ। ਹਾਲ ਹੀ ਵਿੱਚ ਪੰਜਾਬ ਵਿੱਚੋਂ ਦਹਿਸ਼ਤ ਦਾ ਇੱਕ ਵੱਡਾ ਗਠਜੋੜ ਫੜਿਆ ਗਿਆ ਸੀ, ਜੋ ਖਾਲਿਸਤਾਨੀ ਦਹਿਸ਼ਤਗਰਦਾਂ ਦੇ ਸੰਪਰਕ ਵਿੱਚ ਸੀ। ਇਸ ਸਬੰਧੀ ਵੀ ਜਾਂਚ ਕੀਤੀ ਜਾ ਰਹੀ ਹੈ। ਐਨਆਈਏ ਨੇ ਦਿੱਲੀ ਦੇ ਅਲੀਪੁਰ ਵਿੱਚ ਗੈਂਗਸਟਰ ਟਿੱਲੂ ਤਾਜਪੁਰੀਆ ਦੇ ਘਰ ਵੀ ਛਾਪਾ ਮਾਰਿਆ ਹੈ। ਟਿੱਲੂ ਤਾਜਪੁਰੀਆ ਇਸ ਸਮੇਂ ਦਿੱਲੀ ਜੇਲ੍ਹ ਵਿੱਚ ਬੰਦ ਹੈ ਅਤੇ ਜੇਲ੍ਹ ਤੋਂ ਹੀ ਆਪਣੀ ਸਾਰੀ ਸਿੰਡੀਕੇਟ ਚਲਾ ਰਿਹਾ ਸੀ। ਉਸ ਨੇ ਜੇਲ ਵਿਚ ਰਹਿੰਦਿਆਂ ਹੀ ਜਤਿੰਦਰ ਗੋਗੀ ਦਾ ਕਤਲ ਰੋਹਿਣੀ ਅਦਾਲਤ ਵਿਚ ਕਰਵਾਇਆ। ਟਿੱਲੂ ‘ਤੇ ਵੀ ਯੂ.ਏ.ਪੀ.ਏ. ਦੱਸ ਦੇਈਏ ਕਿ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਲਾਰੇਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਸਮੇਤ ਕਈ ਵੱਡੇ ਗੈਂਗਸਟਰਾਂ ਦੇ ਖਿਲਾਫ ਯੂਏਪੀਏ ਦੇ ਤਹਿਤ ਐਫਆਈਆਰ ਦਰਜ ਕੀਤੀ ਸੀ। ਇਸ ਦੀ ਜਾਂਚ ਐਨਆਈਏ ਕੋਲ ਹੈ। ਗ੍ਰਹਿ ਮੰਤਰਾਲੇ ਦੇ ਹੁਕਮਾਂ ‘ਤੇ ਸਪੈਸ਼ਲ ਸੈੱਲ ਨੇ ਵੱਡੇ ਪੱਧਰ ‘ਤੇ ਦਿੱਲੀ, ਪੰਜਾਬ ਅਤੇ ਹਰਿਆਣਾ ਦੇ ਨਾਮੀ ਗੈਂਗਸਟਰਾਂ ‘ਤੇ ਸ਼ਿਕੰਜਾ ਕੱਸਣ ਲਈ ਯੂਏਪੀਏ ਤਹਿਤ ਐਫਆਈਆਰ ਦਰਜ ਕੀਤੀ ਸੀ। ਸੇਲ ਨੇ ਯੂਏਪੀਏ ਦੇ ਤਹਿਤ 2 ਵੱਖ-ਵੱਖ ਐਫਆਈਆਰ ਦਰਜ ਕੀਤੀਆਂ ਹਨ, ਜਿਸ ਵਿੱਚ ਲਾਰੈਂਸ ਬਿਸ਼ਨੋਈ ਗੈਂਗ ਅਤੇ ਬੰਬੀਹਾ ਗੈਂਗ ਦੇ ਕਈ ਗੈਂਗਸਟਰਾਂ ਦੇ ਨਾਮ ਸ਼ਾਮਲ ਹਨ। ਇਸ ਦੀ ਜਾਂਚ ਵੀ ਐਨਆਈਏ ਕੋਲ ਹੈ।