ਪੰਜਾਬ ਸਮੇਤ ਇਨ੍ਹਾਂ ਰਾਜਾਂ ’ਚ ਗਰਮੀ ਦਾ ਕਹਿਰ ਜਾਰੀ
ਮੌਸਮ ਵਿਭਾਗ ਨੇ ਦਿੱਤੀ ਚਿਤਾਵਨੀ-ਅਜੇ ਨਹੀਂ ਮਿਲੇਗੀ ਗਰਮੀ ਤੋਂ ਰਾਹਤ
ਪੜ੍ਹੋ, ਮੌਸਮ ਦਾ ਹਾਲ
ਚੰਡੀਗੜ੍ਹ, 18ਅਪ੍ਰੈਲ(ਵਿਸ਼ਵ ਵਾਰਤਾ)- ਦਿੱਲੀ ਸਮੇਤ ਦੇਸ਼ ਦੇ ਕਈ ਸੂਬਿਆਂ ਵਿੱਚ ਗਰਮੀ ਦਾ ਕਹਿਰ ਜਾਰੀ ਹੈ ਅਤੇ ਭਾਰਤੀ ਮੌਸਮ ਵਿਭਾਗ ਮੁਤਾਬਕ ਅਗਲੇ 3 ਦਿਨਾਂ ਤੱਕ ਲੂ ਚੱਲਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਅਨੁਸਾਰ ਅੱਜ ਗਰਮੀ ਦਾ ਕਹਿਰ ਆਪਣੇ ਸਿਖਰ ਤੇ ਰਹੇਗਾ, ਜਿਸ ਕਾਰਨ ਦਿੱਲੀ, ਉੱਤਰ ਪ੍ਰਦੇਸ਼, ਹਿਮਾਚਲ ਸਮੇਤ ਕਈ ਹੋਰ ਸੂਬਿਆਂ ਵਿੱਚ ਕੜਾਕੇ ਦੀ ਗਰਮੀ ਤੋਂ ਲੋਕ ਪ੍ਰੇਸ਼ਾਨ ਹੋ ਸਕਦੇ ਹਨ। ਦਿੱਲੀ, ਚੰਡੀਗੜ੍ਹ, ਪੰਜਾਬ ਸਮੇਤ ਰਾਜਸਥਾਨ ਵਿੱਚ ਅੱਜ ਅਤੇ ਕੱਲ੍ਹ ਗਰਮੀ ਦਾ ਕਹਿਰ ਦੇਖਣ ਨੂੰ ਮਿਲੇਗਾ। ਉੱਥੇ ਹੀ ਮੱਧ ਪ੍ਰਦੇਸ਼ ਵਿੱਚ ਗਰਮੀ ਆਪਣੇ ਸਿਖਰਾਂ ਤੇ ਰਹੇਗੀ। ਜੇਕਰ ਉੱਤਰ ਪ੍ਰਦੇਸ਼ ਦੀ ਗੱਲ ਕਰੀਏ ਤਾਂ ਮੌਸਮ ਵਿਭਾਗ ਦੇ ਮੁਤਾਬਕ 18 ਤੋਂ 20 ਅਪ੍ਰੈਲ ਤੱਕ ਹੀਟ ਵੇਵ ਰਹਿਣ ਦੇ ਪੂਰੇ ਅਨੁਮਾਨ ਹਨ। ਇਸ ਦੇ ਨਾਲ ਹੀ ਹਿਮਾਚਲ ਅਤੇ ਜੰਮੂ ਵੀ ਗਰਮੀ ਦੀ ਲਪੇਟ ਵਿੱਚ ਰਹਿਣਗੇ।
ਇਸ ਤੋਂ ਇਲਾਵਾ ਅੱਜ ਰਾਤ ਤੋਂ ਇੱਕ ਤਾਜ਼ਾ ਪੱਛਮੀ ਗੜਬੜੀ ਸਰਗਰਮ ਹੋਵੇਗੀ, ਜਿਸ ਦਾ ਅਸਰ ਉੱਤਰ-ਪੱਛਮੀ ਭਾਰਤ ਦੇ ਮੌਸਮ ਨੂੰ ਪ੍ਰਭਾਵਿਤ ਕਰਨ ਦੀ ਸੰਭਾਵਨਾ ਹੈ। ਇਸ ਦੇ ਪ੍ਰਭਾਵ ਹੇਠ 19 ਅਤੇ 20 ਅਪ੍ਰੈਲ ਨੂੰ ਪੱਛਮੀ ਹਿਮਾਲਿਆ ਖੇਤਰਾਂ ਵਿੱਚ ਅਤੇ 20 ਅਪ੍ਰੈਲ ਨੂੰ ਪੰਜਾਬ ਵਿੱਚ ਵੱਖ-ਵੱਖ ਥਾਵਾਂ ਤੇ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।