ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸਾਲ 2021–22 ਦੀਆਂ ਪ੍ਰੀਖਿਆਵਾਂ ਦੇ ਮੁਲਾਂਕਣ ਸਬੰਧੀ ਹਦਾਇਤਾਂ ਜਾਰੀ
ਮੋਹਾਲੀ, 24ਸਤੰਬਰ(ਵਿਸ਼ਵ ਵਾਰਤਾ)2020 ਮਾਰਚ ਮਹੀਨੇ ਤੋਂ ਸਾਰੀ ਦੁਨੀਆ ਕੋਰੋਨਾ ਮਹਾਮਾਰੀ ਨਾਲ ਜੂਝ ਰਹੀ ਹੈ। ਹੋਰ ਸੁਵਿਧਾਵਾਂ ਦੇ ਨਾਲ-ਨਾਲ ਸਕੂਲ ਅਤੇ ਕਾਲਜ ਵੀ ਉਦੋਂ ਤੋਂ ਹੀ ਬੰਦ ਪਏ ਹਨ। ਹੁਣ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅਕਾਦਮਿਕ ਸਾਲ 2021-22 ਦੌਰਾਨ ਰੈਗੂਲਰ ਪਰੀਖਿਆਰਥੀਆਂ ਲਈ ਪਰੀਖਿਆਵਾਂ ਦੀ ਨੀਤੀ ਨੂੰ ਤਰਕਸੰਗਤ ਬਣਾਏ ਜਾਣ ਅਤੇ ਪਰੀਖਿਆ ਮੁਲਾਂਕਣ ਨੀਤੀ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।
ਸਿੱਖਿਆ ਬੋਰਡ ਵੱਲੋਂ ਜਾਰੀ ਕੀਤੀ ਜਾਣਕਾਰੀ ਅਨੁਸਾਰ ਅਕਾਦਮਿਕ ਸਾਲ 2020-21 ਦੌਰਾਨ ਸੂਬੇ ਵਿੱਚ ਕੋਵਿਡ-19 ਮਹਾਂਮਾਰੀ ਦੇ ਪ੍ਰਕੋਪ ਕਾਰਨ ਬਣੇ ਹਾਲਾਤਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਦਸਵੀਂ ਅਤੇ ਬਾਰ੍ਹਵੀਂ ਸ਼੍ਰੇਣੀਆਂ ਦੀਆਂ ਪਰੀਖਿਆਵਾਂ ਰੱਦ ਕਰਨੀਆਂ ਪਈਆਂ ਅਤੇ ਪਰੀਖਿਆਰਥੀਆਂ ਦੇ ਭਵਿੱਖ ਨੂੰ ਮੁੱਖ ਰੱਖਦਿਆਂ ਇਨ੍ਹਾਂ ਸ਼੍ਰੇਣੀਆਂ ਦਾ ਨਤੀਜਾ ਆਂਤਰਿਕ ਮੁਲਾਂਕਣ ਅਤੇ ਹੋਰ ਪੈਰਾਮੀਟਰਜ਼ ਦੇ ਅਧਾਰ ਤੇ ਐਲਾਨਿਆਂ ਗਿਆ। ਮੌਜੂਦਾ ਸਮੇਂ ਵੀ ਕੋਵਿਡ-19 ਦੀ ਤੀਜੀ ਲਹਿਰ ਦੀ ਆਮਦ ਦਾ ਖ਼ਦਸ਼ਾ ਬਣਿਆਂ ਹੋਇਆ ਹੈ। ਸੂਬੇ ਦੇ ਹਾਲਾਤਾਂ ਨੂੰ ਧਿਆਨ ਵਿੱਚ ਰੱਖਦਿਆਂ ਅਤੇ ਵਿਦਿਆਰਥੀ ਕੇਂਦਰਿਤ ਨੀਤੀਆਂ ਨੂੰ ਪਹਿਲ ਦਿੰਦੇ ਹੋਏ ਸਿੱਖਿਆ ਬੋਰਡ ਵੱਲੋਂ ਪਰੀਖਿਆ ਮੁਲਾਂਕਣ ਸਬੰਧੀ ਨੀਤੀ ਵਿੱਚ ਬਦਲਾਅ ਕੀਤੇ ਗਏ ਹਨ।
ਸਿੱਖਿਆ ਬੋਰਡ ਵੱਲੋਂ ਪਰੀਖਿਆ ਮੁਲਾਂਕਣ ਦੀ ਨਵੀਂ ਨੀਤੀ ਮੁਤਾਬਿਕ ਅਕਾਦਮਿਕ ਸੈਸ਼ਨ ਨੂੰ ਦੋ ਟਰਮਜ਼ ਵਿੱਚ ਵੰਡ ਦਿੱਤਾ ਗਿਆ ਹੈ। ਬੋਰਡ ਵੱਲੋਂ ਨਿਰਧਾਰਤ ਪਾਠਕ੍ਰਮ ਦੇ ਅਧਾਰ ਤੇ ਪਹਿਲੀ ਟਰਮ ਦੀ ਪਰੀਖਿਆ ਨਵੰਬਰ-ਦਸੰਬਰ ਮਹੀਨਿਆਂ ਵਿੱਚ ਅਤੇ ਦੂਸਰੀ ਟਰਮ ਦੀ ਪਰੀਖਿਆ ਫ਼ਰਵਰੀ-ਮਾਰਚ ਦੇ ਮਹੀਨਿਆਂ ਵਿੱਚ ਕਰਵਾਈ ਜਾਵੇਗੀ। ਪਹਿਲੀ ਟਰਮ ਵਿੱਚ ਸਿਰਫ਼ ਮੁੱਖ ਵਿਸ਼ਿਆਂ ਦੀ ਪਰੀਖਿਆ ਹੀ ਲਈ ਜਾਵੇਗੀ ਭਾਵ ਗ੍ਰੇਡਿੰਗ ਵਾਲੇ ਵਿਸ਼ਿਆਂ ਦੀ ਅਤੇ ਪ੍ਰਯੋਗੀ ਪਰੀਖਿਆ ਨਹੀਂ ਕਰਵਾਈ ਜਾਵੇਗੀ। ਪਹਿਲੀ ਟਰਮ ਦੀ ਲਿਖਤੀ ਪਰੀਖਿਆ ਬਹੁਵਿਕਲਪੀ ਪ੍ਰਸ਼ਨਾਂ ਤੇ ਅਧਾਰਿਤ ਹੋਵੇਗੀ ਅਤੇ ਦੂਜੀ ਟਰਮ ਦੀ ਲਿਖਤੀ ਪਰੀਖਿਆ ਛੋਟੇ ਅਤੇ ਵੱਡੇ ਉੱਤਰਾਂ ਵਾਲੇ ਪ੍ਰਸ਼ਨਾਂ ਤੇ ਅਧਾਰਿਤ ਹੋਵੇਗੀ। ਦੋਵਾਂ ਟਰਮਾਂ ਦੀ ਪਰੀਖਿਆ ਲਈ ਪ੍ਰਸ਼ਨ ਪੱਤਰ ਬੋਰਡ ਵੱਲੋਂ ਮੁਹੱਈਆ ਕਰਵਾਏ ਜਾਣਗੇ ਜਿਨ੍ਹਾਂ ਨੂੰ ਓ.ਐੱਮ.ਆਰ. ਸ਼ੀਟਾਂ ਤੇ ਹੱਲ ਕਰਨਾ ਹੋਵੇਗਾ। ਸਿੱਖਿਆ ਬੋਰਡ ਵੱਲੋਂ ਪਹਿਲੀ ਅਤੇ ਦੂਸਰੀ ਟਰਮ ਦੀ ਪਰੀਖਿਆ ਨੂੰ ਵੇਟੇਜ ਦਿੰਦੇ ਹੋਏ ਪਰੀਖਿਆਰਥੀਆਂ ਦਾ ਫ਼ਾਇਨਲ ਨਤੀਜਾ ਐਲਾਨਿਆਂ ਜਾਵੇਗਾ।ਸਿੱਖਿਆ ਬੋਰਡ ਵੱਲੋਂ ਇਹ ਜਾਣਕਾਰੀ ਵੀ ਦਿੱਤੀ ਗਈ ਕਿ ਦਸਵੀਂ ਅਤੇ ਬਾਰ੍ਹਵੀਂ ਸ਼੍ਰੇਣੀਆਂ ਦੇ ਵਿਲੱਖਣ ਸਮਰੱਥਾ ਵਾਲੇ ਪਰੀਖਿਆਰਥੀਆਂ ਦੀ ਪਹਿਲੀ ਟਰਮ ਦੀ ਪਰੀਖਿਆ ਸੰਸਥਾ ਪੱਧਰ ਤੇ ਹੀ ਲਈ ਜਾਵੇਗੀ। ਸੰਸਥਾਵਾਂ ਇਨ੍ਹਾਂ ਪਰੀਖਿਆਰਥੀਆਂ ਲਈ ਪ੍ਰਸ਼ਨ ਪੱਤਰ ਦੀ ਬਣਤਰ ਤਾਂ ਰੈਗੂਲਰ ਪਰੀਖਿਆਰਥੀਆਂ ਲਈ ਨਿਰਧਾਰਿਤ ਪ੍ਰਸ਼ਨ ਪੱਤਰ ਵਾਂਗ ਹੀ ਰੱਖਣਗੀਆਂ ਪ੍ਰੰਤੂ ਪ੍ਰਸ਼ਨ ਕੇਵਲ ਬੋਰਡ ਦੀ ਵੈੱਬ-ਸਾਈਟ ਤੇ ਉਪਲਬਧ ਕਰਵਾਏ ਪ੍ਰਸ਼ਨ ਬੈਂਕ ਵਿੱਚੋਂ ਹੀ ਚੁਣੇ ਜਾਣਗੇ। ਹਰ ਟਰਮ ਦੀ ਪਰੀਖਿਆ ਸਮੇਂ ਹਾਲਾਤਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਪਰੀਖਿਆ ਦੀ ਵਿਧੀ ਸਬੰਧੀ ਬੋਰਡ ਵੱਲੋਂ ਲਿਆ ਗਿਆ ਨਿਰਣਾ ਅੰਤਿਮ ਹੋਵੇਗਾ। ਟਰਮ ਵਾਈਜ਼ ਪਾਠਕ੍ਰਮ ਦੀ ਵੰਡ, ਪ੍ਰਸ਼ਨ ਪੱਤਰ ਦੀ ਰੂਪ ਰੇਖਾ ਅਨੁਸਾਰ ਮਾਡਲ ਪ੍ਰਸ਼ਨ ਪੱਤਰ ਅਤੇ ਪਰੀਖਿਆ ਸਬੰਧੀ ਹਦਾਇਤਾਂ ਬੋਰਡ ਦੀ ਵੈੱਬ-ਸਾਈਟ www.pseb.ac.in ਤੇ ਛੇਤੀ ਹੀ ਉਪਲਬਧ ਕਰਵਾ ਦਿੱਤੀਆਂ ਜਾਣਗੀਆਂ।