ਪੰਜਾਬ ਸਕੂਲ ਸਿੱਖਿਆ ਬੋਰਡ ਨੇ 8ਵੀਂ ਤੇ 12ਵੀਂ ਦੇ ਨਤੀਜੇ ਐਲਾਨੇ
12ਵੀਂ ਜਮਾਤ ਵਿੱਚ ਮੁੰਡਿਆਂ ਨੇ ਮਾਰੀ ਬਾਜ਼ੀ
ਚੰਡੀਗੜ੍ਹ, 30ਅਪ੍ਰੈਲ(ਵਿਸ਼ਵ ਵਾਰਤਾ)- ਪੰਜਾਬ ਸਕੂਲ ਸਿੱਖਿਆ ਬੋਰਡ (ਪੀਐਸਈਬੀ) ਨੇ ਅੱਜ ਮੰਗਲਵਾਰ ਨੂੰ 8ਵੀਂ ਅਤੇ 12ਵੀਂ ਜਮਾਤ ਦੇ ਨਤੀਜਾ ਐਲਾਨਿਆ ਹੈ। 12ਵੀਂ ਜਮਾਤ ਵਿੱਚ ਮੰਡਿਆਂ ਨੇ ਚੋਟੀ ਦੀਆਂ ਤਿੰਨ ਪੁਜ਼ੀਸ਼ਨਾਂ ਹਾਸਲ ਕੀਤੀਆਂ ਹਨ, ਉੱਥੇ ਹੀ 8ਵੀਂ ਜਮਾਤ ਵਿੱਚ ਲੜਕੀਆਂ ਨੇ ਜਿੱਤ ਹਾਸਲ ਕੀਤੀ ਹੈ। ਹਾਲਾਂਕਿ ਲੜਕੀਆਂ ਮੈਰਿਟ ਵਿੱਚ ਅੱਗੇ ਹਨ। 12ਵੀਂ ਜਮਾਤ ਵਿੱਚ ਬੀਸੀਐਮ ਸੀਨੀਅਰ ਸੈਕੰਡਰੀ ਸਕੂਲ ਲੁਧਿਆਣਾ ਦੇ ਏਕਮਪ੍ਰੀਤ ਸਿੰਘ ਨੇ 500/500 ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਹਾਸਲ ਕੀਤਾ ਹੈ। ਜਦਕਿ ਰਵੀ ਉਦੈ ਸਿੰਘ ਨੇ ਵੀ 500/500 ਅੰਕ ਪ੍ਰਾਪਤ ਕਰਕੇ ਦੂਜਾ ਸਥਾਨ ਹਾਸਲ ਕੀਤਾ ਹੈ। ਉਹ ਮੁਕਤਸਰ ਜ਼ਿਲ੍ਹੇ ਦੇ ਸਰਕਾਰੀ ਸੀਨੀਅਰ ਸੈਕੰਡਰੀ ਗੁਲਾਬੇਵਾਲਾ ਦਾ ਵਿਦਿਆਰਥੀ ਹੈ। ਇਸ ਦੇ ਨਾਲ ਹੀ ਬਠਿੰਡਾ ਜ਼ਿਲ੍ਹੇ ਦਾ ਸੀਨੀਅਰ ਸੈਕੰਡਰੀ ਰਿਹਾਇਸ਼ੀ ਸਕੂਲ ਫਾਰ ਮੈਰੀਟੋਰੀਅਸ ਸਕੂਲ ਅਸ਼ਵਨੀ ਤੀਜੇ ਸਥਾਨ ’ਤੇ ਰਿਹਾ ਹੈ। ਉਸ ਨੇ 499/500 ਹਾਸਲ ਕੀਤੇ ਹਨ।
ਇਸ ਦੇ ਨਾਲ ਹੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਭਾਈ ਰੂਪਾ ਜ਼ਿਲ੍ਹਾ ਬਠਿੰਡਾ ਦੀ ਹਰਨੂਰਪ੍ਰੀਤ ਕੌਰ ਅੱਠਵੀਂ ਜਮਾਤ ਦੇ ਨਤੀਜਿਆਂ ਵਿੱਚ ਪੂਰੇ ਪੰਜਾਬ ਵਿੱਚੋਂ ਪਹਿਲੇ ਸਥਾਨ ’ਤੇ ਰਹੀ ਹੈ। ਉਸ ਨੇ 600/600 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ ਹਨ। ਜਦੋਂ ਕਿ ਨਿਊ ਫਲਾਵਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਨਿਊ ਅੰਤਰਿਆਮੀ ਕਲੋਨੀ, ਅੰਮ੍ਰਿਤਸਰ ਦੀ ਗੁਰਲੀਨ ਕੌਰ 598/600 (99.67) ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਦੂਜੇ ਅਤੇ ਸਰਕਾਰੀ ਐਲੀਮੈਂਟਰੀ ਸਕੂਲ ਰੱਤੋਕੇ, ਸੰਗਰੂਰ ਦਾ ਅਰਮਾਨਦੀਪ ਸਿੰਘ 597/600 (99.50) ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਤੀਜੇ ਸਥਾਨ ‘ਤੇ ਰਿਹਾ।
ਵਿਦਿਆਰਥੀ ਬੁੱਧਵਾਰ ਸਵੇਰੇ 7 ਵਜੇ ਤੋਂ ਬੋਰਡ ਦੀ ਵੈੱਬਸਾਈਟ ‘ਤੇ ਨਤੀਜਾ ਦੇਖ ਸਕਣਗੇ। ਬੋਰਡ ਵੱਲੋਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਵਿਦਿਆਰਥੀ ਬੋਰਡ ਦੀ ਵੈੱਬਸਾਈਟ ‘ਤੇ ਨਤੀਜਾ ਦੇਖ ਸਕਣਗੇ। ਬੋਰਡ ਦੀ ਵੈੱਬਸਾਈਟ ‘ਤੇ ਨਤੀਜਾ ਦੇਖਣ ਲਈ ਵਿਦਿਆਰਥੀਆਂ ਨੂੰ https://www.pseb.ac.in/ ‘ਤੇ ਕਲਿੱਕ ਕਰਨਾ ਹੋਵੇਗਾ। ਇਸ ਤੋਂ ਬਾਅਦ ਵੈੱਬਸਾਈਟ ਦਾ ਹੋਮ ਪੇਜ ਖੁੱਲ੍ਹੇਗਾ। ਜਿੱਥੇ ਰੋਲ ਨੰਬਰ ਭਰ ਕੇ ਪੂਰਾ ਨਤੀਜਾ ਸਾਹਮਣੇ ਆ ਜਾਵੇਗਾ।