ਪੰਜਾਬ ਵਿੱਚ ਰਾਜ ਸਭਾ ਚੋਣਾਂ ਲਈ ਅੱਜ ਨਾਮਜ਼ਦਗੀਆਂ ਦਾ ਆਖਿਰੀ ਦਿਨ
ਆਮ ਆਦਮੀ ਪਾਰਟੀ ਨੇ ਉਮੀਦਵਾਰਾਂ ਨੂੰ ਲੈ ਕੇ ਨਹੀਂ ਖੋਲ੍ਹੇ ਪੱਤੇ
ਦੂਜੇ ਰਾਜਾਂ ਦੇ ਉਮੀਦਵਾਰਾਂ ਨੂੰ ਪੰਜਾਬ ਦੇ ਕੋਟੇ ਵਿੱਚੋਂ ਰਾਜ ਸਭਾ ਭੇਜਣ ਦੀਆਂ ਚਰਚਾਵਾਂ ਵਿਚਾਲੇ ਵਿਰੋਧੀ ਪਾਰਟੀਆਂ ਨੇ ਚੁੱਕੇ ਸਵਾਲ
ਪੜ੍ਹੋ,ਕਿਹੜੇ ਨਾਮ ਚਰਚਾ ‘ਚ ਤੇ ਕਿਵੇਂ ਹੁੰਦੀ ਹੈ ਰਾਜ ਸਭਾ ਮੈਂਬਰਾਂ ਦੀ ਚੋਣ
ਚੰਡੀਗੜ੍ਹ,21 ਮਾਰਚ(ਵਿਸ਼ਵ ਵਾਰਤਾ)- ਪੰਜਾਬ ਵਿੱਚ ਖਾਲੀ ਹੋ ਰਹੀਆਂ 5 ਰਾਜ ਸਭਾ ਸੀਟਾਂ ਲਈ ਅੱਜ ਨਾਮਜ਼ਦਗੀਆਂ ਦਾ ਆਖਿਰੀ ਦਿਨ ਹੈ। 117 ‘ਚੋਂ 92 ਸੀਟਾਂ ਜਿੱਤਣ ਵਾਲੀ ਆਮ ਆਦਮੀ ਪਾਰਟੀ (ਆਪ) ਦੇ ਸਾਰੀਆਂ 5 ਸੀਟਾਂ ‘ਤੇ ਸੰਸਦ ਮੈਂਬਰ ਬਣਨਾ ਤੈਅ ਹਨ।
ਪਰ ਆਮ ਆਦਮੀ ਪਾਰਟੀ ਵੱਲੋਂ ਅਜੇ ਤੱਕ ਆਪਣੇ ਉਮੀਦਵਾਰਾਂ ਦੇ ਨਾਵਾਂ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ। ਪਰ,ਖਬਰਾਂ ਅਨੁਸਾਰ ਕ੍ਰਿਕਟਰ ਹਰਭਜਨ ਸਿੰਘ, ਪਾਰਟੀ ਦੇ ਪੰਜਾਬ ਸਹਿ-ਇੰਚਾਰਜ ਰਾਘਵ ਚੱਢਾ, ਦਿੱਲੀ ਆਈਆਈਟੀ ਦੇ ਪ੍ਰੋਫੈਸਰ ਡਾਕਟਰ ਸੰਦੀਪ ਪਾਠਕ, ਗੁਜਰਾਤ ਦੇ ਪਾਟੀਦਾਰ ਨੇਤਾ ਨਰੇਸ਼ ਪਟੇਲ ਅਤੇ ਰੈੱਡਫੋਰਟ ਫਿਲਮ ਨਿਰਮਾਤਾ ਕਿਸ਼ਲੇ ਸ਼ਰਮਾ ਦੇ ਨਾਂ ਚਰਚਾ ‘ਚ ਹਨ। ਹਾਲਾਂਕਿ ‘ਆਪ’ ਵੱਲੋਂ ਅਜੇ ਤੱਕ ਕੋਈ ਰਸਮੀ ਐਲਾਨ ਨਹੀਂ ਕੀਤਾ ਗਿਆ ਹੈ। ਇਹਨਾਂ ਤੋਂ ਇਲਾਵਾ ਕਾਂਗਰਸ ਛੱਡ ਆਮ ਆਦਮੀ ਪਾਰਟੀ ਵਿੱਚ ਆਉਣ ਵਾਲੇ ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਦੇ ਨਾਮ ਦੀ ਵੀ ਚਰਚਾ ਚੱਲ ਰਹੀ ਹੈ।
ਇਸ ਵਿਚਾਲੇ ਇਹਨਾਂ ਸਭ ਨੂੰ ਲੈ ਕੇ ਵਿਰੋਧੀ ਪਾਰਟੀਆਂ ਨੇ ਪਹਿਲਾਂ ਹੀ ਸਵਾਲ ਉਠਾਉਣੇ ਸ਼ੁਰੂ ਕਰ ਦਿੱਤੇ ਹਨ ਕਿ ਉਮੀਦਵਾਰ ਪੰਜਾਬੀ ਹੋਣਾ ਚਾਹੀਦਾ ਹੈ। ਵਿਰੋਧੀ ਪਾਰਟੀਆਂ ਲਗਾਤਾਰ ਇਹ ਕਹਿ ਰਹੀਆਂ ਹਨ ਕਿ ਪੰਜਾਬ ਦੇ ਕੋਟੇ ਵਿੱਚੋਂ ਦੂਜੇ ਰਾਜਾਂ ਦੇ ਆਗੂ ਰਾਜ ਸਭਾ ਵਿੱਚ ਨਾ ਭੇਜੇ ਜਾਣ। ਦੱਸ ਦਈਏ ਕਿ ਇਹਨਾਂ ਸਭ ਵਿੱਚੋਂ ਸਿਰਫ ਕ੍ਰਿਕਟਰ ਹਰਭਜਨ ਸਿੰਘ ਹੀ ਪੰਜਾਬ ਨਾਲ ਸੰਬੰਧਿਤ ਹਨ ਬਾਕੀ ਚਾਰ ਨਾਮ ਬਾਹਰੀ ਹਨ।
If this list of probable Rajya Sabha candidates by @AamAadmiParty is true its most saddening news for Punjab n will be the first discrimination for our state.We’ll oppose tooth n nail any non punjabi being nominated.This is also a joke with Aap workers who have worked fr d party pic.twitter.com/w7svk6H0iS
— Sukhpal Singh Khaira (@SukhpalKhaira) March 21, 2022
ਜਿਕਰਯੋਗ ਹੈ ਕਿ ਪੰਜਾਬ ਵਿੱਚ ਕਾਂਗਰਸ ਦੇ ਪ੍ਰਤਾਪ ਸਿੰਘ ਬਾਜਵਾ ਤੇ ਸ਼ਮਸ਼ੇਰ ਸਿੰਘ ਦੂਲੋਂ, ਅਕਾਲੀ ਦਲ ਦੇ ਸੁਖਦੇਵ ਸਿੰਘ ਢੀਂਡਸਾ ਤੇ ਨਰੇਸ਼ ਗੁਜਰਾਲ ਤੋਂ ਇਲਾਵਾ ਭਾਜਪਾ ਦੇ ਸ਼ਵੇਤ ਮਲਿਕ ਦਾ ਕਾਰਜਕਾਲ ਖਤਮ ਹੋ ਰਿਹਾ ਹੈ।
ਰਾਜ ਸਭਾ ਮੈਂਬਰਾਂ ਦੀ ਚੋਣ ਵਿਧੀ –
ਇੱਥੇ ਦੱਸਣਾ ਬਣਦਾ ਹੈ ਕਿ ਰਾਜ ਸਭਾ ਮੈਂਬਰ ਦੀ ਚੋਣ ਲਈ ਸਿਰਫ਼ ਵਿਧਾਇਕ ਹੀ ਵੋਟ ਪਾ ਸਕਦੇ ਹਨ। ਇਸ ਦੇ ਲਈ, ਰਾਜ ਸਭਾ ਦੀਆਂ ਖਾਲੀ ਸੀਟਾਂ ਵਿੱਚ 1 ਜੋੜ ਕੇ ਵਿਧਾਇਕਾਂ ਦੀ ਕੁੱਲ ਸੰਖਿਆ ਨੂੰ ਵੰਡਿਆ ਜਾਂਦਾ ਹੈ। ਉਸ ਤੋਂ ਬਾਅਦ, ਆਉਣ ਵਾਲੇ ਉੱਤਰ ਵਿੱਚ ਇੱਕ ਜੋੜਿਆ ਜਾਂਦਾ ਹੈ। ਜਿਸ ਨੂੰ ਉਸ ਦੇ ਬਰਾਬਰ ਵਿਧਾਇਕਾਂ ਦੀ ਗਿਣਤੀ ਦਾ ਸਮਰਥਨ ਮਿਲੇਗਾ, ਉਹ ਮੈਂਬਰ ਬਣ ਜਾਵੇਗਾ।
ਪੰਜਾਬ ਦੀ ਗੱਲ ਕਰੀਏ ਤਾਂ ਪਹਿਲਾਂ ਦੋ ਸੀਟਾਂ ਲਈ ਚੋਣਾਂ ਹੋਣੀਆਂ ਹਨ। ਅਜਿਹੇ ‘ਚ 2 ਸੀਟਾਂ ‘ਚ 1 ਜੋੜ ਕੇ ਵਿਧਾਇਕਾਂ ਦੀ ਗਿਣਤੀ 117 ਨੂੰ 3 ਨਾਲ ਵੰਡ ਦਿੱਤੀ ਜਾਵੇਗੀ। ਜਿਸ ਤੋਂ ਬਾਅਦ 39 ਦਾ ਅੰਕੜਾ ਆਵੇਗਾ ਅਤੇ ਇਸ ਵਿੱਚ 1 ਜੋੜਨ ਤੋਂ ਬਾਅਦ ਇਹ 40 ਹੋ ਜਾਵੇਗਾ। ਇਸ ਸੰਬੰਧ ਵਿੱਚ ਇੱਕ ਮੈਂਬਰ ਲਈ 40 ਵਿਧਾਇਕਾਂ ਦਾ ਸਮਰਥਨ ਜ਼ਰੂਰੀ ਹੈ।
ਇਸੇ ਤਰ੍ਹਾਂ ਬਾਅਦ ਵਿੱਚ ਜਦੋਂ 3 ਮੈਂਬਰਾਂ ਦੀ ਚੋਣ ਹੋਵੇਗੀ ਤਾਂ 30 ਵਿਧਾਇਕਾਂ ਦੀ ਹਮਾਇਤ ਦਾ ਅੰਕੜਾ ਵੀ ਇਸੇ ਤਰ੍ਹਾਂ ਸਾਹਮਣੇ ਆਵੇਗਾ। ਵਿਰੋਧੀ ਪਾਰਟੀਆਂ ਦੀ ਗੱਲ ਕਰੀਏ ਤਾਂ ਕਾਂਗਰਸ ਦੇ ਕੋਲ ਸਿਰਫ਼ 18 ਵਿਧਾਇਕ ਹਨ।
ਇਸ ਵਿੱਚ ਇੱਕ ਹੋਰ ਅਹਿਮ ਗੱਲ ਇਹ ਹੈ ਕਿ ਇੱਕ ਵਿਧਾਇਕ ਸਾਰੀਆਂ ਸੀਟਾਂ ਲਈ ਵੋਟ ਨਹੀਂ ਪਾਉਂਦਾ। ਉਨ੍ਹਾਂ ਨੇ ਆਪਣੀ ਮਰਜ਼ੀ ਅਨੁਸਾਰ ਵੋਟ ਪਾਉਣੀ ਹੈ। ਇਸ ਤਰ੍ਹਾਂ 92 ਵਿਧਾਇਕਾਂ ਵਾਲੀ ਪਾਰਟੀ ‘ਆਪ’ ਲਈ 5 ਰਾਜ ਸਭਾ ਮੈਂਬਰ ਚੁਣਨ ਵਿੱਚ ਕੋਈ ਪਰੇਸ਼ਾਨੀ ਨਹੀਂ ਆਵੇਗੀ।