ਪੰਜਾਬ ਵਿੱਚ ਬਿਜਲੀ ਸੰਕਟ ਹੋਰ ਗਹਿਰਾ ਹੋਣ ਦਾ ਡਰ
ਮਾਨਸਾ 4 ਜੁਲਾਈ (ਵਿਸ਼ਵ ਵਾਰਤਾ):-ਬਿਜਲੀ ਸੰਕਟ ਨਾਲ ਪਹਿਲਾਂ ਤੋਂ ਹੀ ਜੂਝ ਰਹੇ ਪੰਜਾਬ ਨੂੰ ਹੁਣ ਗੰਭੀਰ ਪ੍ਰਸਥਿਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਕਿਉਂਕਿ ਬਣਾਂਵਾਲਾ ਤਾਪ ਘਰ ਦਾ ਦੂਸਰਾ ਯੂਨਿਟ ਬੀਤੀ ਅੱਧੀ ਰਾਤ ਨੂੰ ਟਰਿੱਪ ਕਰ ਗਿਆ ਹੈ।ਇਸ ਤੋਂ ਪਹਿਲਾਂ ਇਸ ਤਾਪ ਘਰ ਦਾ ਇੱਕ ਯੂਨਿਟ ਪਹਿਲਾਂ ਹੀ ਕੋਈ ਵੱਡਾ ਨੁਕਸ ਪੈਣ ਕਾਰਨ ਝੋਨੇ ਦੀ ਲਵਾਈ ਦਾ ਸੀਜ਼ਨ ਸ਼ੁਰੂ ਹੋਣ ਵੇਲੇ ਤੋਂ ਹੀ ਬੰਦ ਚਲਿਆ ਆ ਰਿਹਾ ਹੈ।
ਪ੍ਰਾਈਵੇਟ ਭਾਈਵਾਲੀ ਤਹਿਤ ਵੇਦਾਂਤਾ ਕੰਪਨੀ ਵਲੋਂ ਮਾਨਸਾ ਨੇੜੇ ਪਿੰਡ ਬਣਾਂਵਾਲਾ ਵਿਖੇ ਲਾਇਆ ਉਤਰੀ ਭਾਰਤ ਦਾ ਇਹ ਸਭ ਤੋਂ ਵੱਡਾ ਤਾਪਘਰ ਹੈ,ਜਿਸ ਦੇ ਤਿੰਨੇ ਯੂਨਿਟਾਂ ਦੀ ਕੁੱਲ ਸਮਰੱਥਾ 1980 ਮੈਗਾਵਾਟ ਦੀ ਹੈ ਅਤੇ ਇਸ ਦੇ 680 ਮੈਗਾਵਾਟ ਦੇ ਤਿੰਨ ਯੂਨਿਟ ਹਨ।
ਇਸ ਵੇਲੇ ਇਹ ਤਾਪ ਘਰ ਤਲਵੰਡੀ ਸਾਬੋ ਪਾਵਰ ਲਿਮਟਿਡ ( ਟੀ ਐਸ ਪੀ ਐਲ) ਉਤਰੀ ਗਰਿੱਡ ਨੂੰ ਸਭ ਤੋਂ ਜ਼ਿਆਦਾ ਲਗਭਗ 1178 ਮੈਗਾਵਾਟ ਬਿਜਲੀ ਸਪਲਾਈ ਕਰ ਰਿਹਾ ਸੀ।
ਵੇਰਵਿਆ ਅਨੁਸਾਰ ਇਸ ਤਾਪ ਘਰ ਦਾ ਯੂਨਿਟ ਨੰਬਰ-1 ਅੱਧੀ ਰਾਤ ਨੂੰ ਅਚਾਨਕ ਟਰਿੱਪ ਕਰ ਗਿਆ, ਜਿਸ ਦੀ ਜਾਣਕਾਰੀ ਜਿਉਂ ਹੀ ਉਚ ਪ੍ਰਬੰਧਕਾਂ ਨੂੰ ਮਿਲੀ ਤਾਂ ਉਨ੍ਹਾਂ ਨੇ ਇਸ ਦੀ ਦਰੁਸਤੀ ਲਈ ਤੁਰੰਤ ਉਪਰਾਲੇ ਆਰੰਭ ਕਰ ਦਿੱਤੇ ਹਨ। ਤਾਪ ਘਰ ਦੇ ਇੱਕ ਉੱਚ ਅਧਿਕਾਰੀ ਦਾ ਕਹਿਣਾ ਹੈ ਕਿ ਇੱਕ ਨੰਬਰ ਯੂਨਿਟ ਵਿਚ ਕੋਈ ਤਕਨੀਕੀ ਨੁਕਸ ਪੈ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਦੇ ਛੇਤੀ ਹੀ ਠੀਕ ਹੋਕੇ ਬਿਜਲੀ ਉਤਪਾਦਨ ਪੈਦਾ ਕਰਨ ਦੀ ਵੱਡੀ ਉਮੀਦ ਹੈ।
ਅਧਿਕਾਰੀ ਦਾ ਇਹ ਵੀ ਕਹਿਣਾ ਹੈ ਕਿ ਤੀਸਰਾ ਯੂਨਿਟ ਵੀ ਛੇਤੀ ਠੀਕ ਹੋ ਜਾਵੇਗਾ, ਜਿਸ ਨੂੰ ਕਾਇਮ ਕਰਨ ਲਈ ਕੰਮ ਹੋ ਰਿਹਾ ਹੈ।