ਪੰਜਾਬ ਵਿੱਚ ਪੰਚਾਇਤੀ ਜ਼ਮੀਨਾਂ ਤੇ ਜੰਗਲ ਅਤੇ ਬਾਗ ਲਗਾਉਣ ਦੀ ਉਠੀ ਮੰਗ
ਚੰਡੀਗੜ੍ਹ,26 ਮਾਰਚ(ਵਿਸ਼ਵ ਵਾਰਤਾ)-ਪੰਚਾਇਤੀ ਜ਼ਮੀਨਾਂ ਤੇ ਜੰਗਲ ਅਤੇ ਬਾਗ ਲਗਾਉਣ ਦੀ ਮੰਗ ਉਠੀ ਹੈ ਪੰਚਾਇਤ ਯੂਨੀਅਨ ਪੰਜਾਬ ਦੇ ਸਾਬਕਾ ਸੂਬਾ ਮੀਤ ਪ੍ਰਧਾਨ ਅਤੇ ਉੱਘੇ ਵਾਤਾਵਰਣ ਪ੍ਰੇਮੀ ਮਾਸਟਰ ਲਛਮਨ ਸਿੰਘ ਚੱਠਾ ਨੇ ਗ੍ਰਾਮ ਪੰਚਾਇਤ ਰੁੱਖ ਨੀਤੀ 2017 ਨੂੰ ਲਾਗੂ ਕਰਨ ਦਾ ਮਾਮਲਾ ਚੁੱਕਿਆਂ ਹੈ । ਇਸ ਰੁੱਖ ਨੀਤੀ ਸੰਬੰਧੀ ਜਾਣਕਾਰੀ ਦਿੰਦਿਆਂ ਮਾਸਟਰ ਲਛਮਨ ਸਿੰਘ ਚੱਠਾ ਨੇ ਦੱਸਿਆ ਕਿ ਖ਼ਰਾਬ ਹੋ ਰਹੇ ਵਾਤਾਵਰਣ ਅਤੇ ਜੰਗਲ਼ਾ ਹੇਠ ਘੱਟ ਰਹੇ ਰਕਬੇ ਨੂੰ ਦੇਖਦਿਆਂ ਪੰਜਾਬ ਅੰਦਰ ਸਾਲ 2017 ਵਿੱਚ ਗ੍ਰਾਮ ਪੰਚਾਇਤ ਰੁੱਖ ਪਾਲਿਸੀ ਬਣੀ ਸੀ ਜਿਸ ਤਹਿਤ ਪੰਜਾਬ ਵਿੱਚ ਪੰਚਾਇਤੀ ਜ਼ਮੀਨਾਂ ਦੇ ਇੱਕ ਤਿਹਾਈ ਹਿੱਸੇ ਤੇ ਜੰਗਲ ਲਗਾਉਣ ਲਈ ਨੋਟੀਫਿਕੇਸਨ ਜਾਰੀ ਹੋਇਆਂ ਸੀ । ਜਿਸ ਵਿੱਚ ਕਿਹਾ ਗਿਆ ਸੀ ਕਿ ਗ੍ਰਾਮ ਪੰਚਾਇਤ ਨਿਯਮਾਂ ਦੇ ਨਿਯਮ 6 ( 1 ) ( ਏ ) ਦੇ ਅਧੀਨ ਅਨੁਸੂਚਿਤ ਜਾਤੀਆਂ ਦੇ ਮੈਂਬਰਾਂ ਨੂੰ ਲੀਜ਼ ਤੇ ਦੇਣ ਲਈ ਰਾਖਵੀਂ ਜ਼ਮੀਨ ਛੱਡਣ ਤੋਂ ਬਾਅਦ ਪੰਚਾਇਤ ਆਪਣੀ ਕਾਸ਼ਤ ਯੋਗ ਜ਼ਮੀਨਾਂ ਦਾ ਇੱਕ ਤਿਹਾਈ ਹਿੱਸਾ ਰੁੱਖ ਲਗਾਉਣ ਲਈ ਵਰਤੇਗੀ । ਪਰ ਇਹ ਪਾਲਿਸੀ ਲਾਗੂ ਨਹੀਂ ਹੋਈ ।ਚੱਠਾ ਨੇ ਕਿਹਾ ਕਿ ਇਹ ਮਾਮਲਾ ਕਿਸੇ ਇੱਕ ਵਰਗ ਜਾ ਵਿਅਕਤੀ ਨਾਲ ਜੁੜਿਆ ਹੋਇਆਂ ਨਹੀਂ ਇਹ ਮਾਮਲਾ ਸਮੁੱਚੀ ਮਨੁੱਖਤਾ, ਜੀਵ ਜੰਤੂਆਂ ਭਾਵ ਕੁਦਰਤ ਵੱਲੋਂ ਸਾਜੀ ਕੁਲ ਕਾਇਨਾਤ ਨਾਲ ਜੁੜਿਆ ਹੋਇਆਂ ਹੈ । ਪੰਚਾਇਤੀ ਜ਼ਮੀਨਾਂ ਤੇ ਰੁੱਖ ਲਗਾਉਣ ਦਾ ਸਰਕਾਰ ਦਾ ਇਹ ਫੈਸਲਾ ਸਰਬੱਤ ਦੇ ਭਲੇ ਵਿੱਚ ਹੈ ਜੋ ਲਾਗੂ ਹੋਣਾ ਚਾਹੀਦਾ ਹੈ । ਕਿਉਂਕਿ ਪਿਛਲੇ 20 -25 ਸਾਲਾ ਵਿੱਚ ਮਨੁੱਖ ਨੇ ਕੁਦਰਤ ਨਾਲ ਬਹੁਤ ਖਿਲਵਾੜ ਕੀਤਾ ਹੈ ਪੰਜਾਬ ਵਿੱਚ ਲੱਖਾਂ ਦੀ ਗਿਣਤੀ ਵਿੱਚ ਹਰੇ ਭਰੇ ਰੁੱਖ ਕੱਟ ਦਿੱਤੇ ਗਏ ਵਿਰਾਸਤੀ ਰੁੱਖ ਨਹੀਂ ਰਹੇ । ਇਹੋ ਕਾਰਨ ਹੈ ਕਿ ਜੀਵ ਜੰਤੂਆਂ ਦੀਆ ਵੱਡੀ ਗਿਣਤੀ ਵਿੱਚ ਪ੍ਰਜਾਤੀਆ ਅਲੋਪ ਹੋ ਗਈਆਂ ਹਨ ।ਅਸੀ ਜਿਸ ਤਰਾ ਦੀਆ ਕੁਦਰਤ ਦੇ ਨਿਯਮਾਂ ਦੇ ਉਲਟ ਜਾ ਕਿ ਕਿਰਿਆਵਾਂ ਕਰ ਰਹੇ ਹਾਂ ਇਹ ਅਸੀਂ ਬਰਬਾਦੀ ਵੱਲ ਵੱਧ ਰਹੇ ਹਾਂ ।ਚੱਠਾ ਨੇ ਕਿਹਾ ਕਿ ਧਰਤੀ ਤੇ ਜੀਵ ਜੰਤੂਆਂ ਦੀਆ ਲੱਖਾਂ ਪ੍ਰਜਾਤੀਆ ਜਿਉਂਦੀਆਂ ਹਨ ਪਰ ਮਨੁੱਖ ਤੋਂ ਬਿਨਾ ਹੋਰ ਕੋਈ ਵੀ ਪ੍ਰਜਾਤੀ ਵਾਤਾਵਰਣ ਨੂੰ ਖ਼ਰਾਬ ਨਹੀਂ ਕਰਦੀ ।ਇਸ ਲਈ ਜੀਵ ਜੰਤੂਆਂ ਨੂੰ ਕੁਦਰਤੀ ਰਹਿਣ ਬਸੇਰੇ ਦੇਣ ਅਤੇ ਵਾਤਾਵਰਣ ਨੂੰ ਬਚਾਉਣ ਲਈ ਰੁੱਖ ਮਨੁੱਖ ਨੂੰ ਹੀ ਲਗਾਉਣੇ ਪੈਣਗੇ ।ਮਾਸਟਰ ਲਛਮਨ ਸਿੰਘ ਚੱਠਾ ਨੇ ਕਿਹਾ ਕਿ ਸਰਕਾਰ ਦੀ ਰੁੱਖ ਪਾਲਿਸੀ ਮੁਤਾਬਕ ਜੇਕਰ ਪੰਚਾਇਤੀ ਜ਼ਮੀਨਾਂ ਦੇ 33 ਪ੍ਰਤਿਸ਼ਤ ਰਕਬੇ ਤੇ ਰੁੱਖ ਲੱਗ ਜਾਣ ਤਾਂ ਜਿੱਥੇ ਖ਼ਰਾਬ ਹੋ ਰਿਹਾ ਵਾਤਾਵਰਣ ਸਾਫ਼ ਹੋ ਜਾਵੇਗਾ ਉੱਥੇ ਹੀ ਪੰਜਾਬ ਅੰਦਰ ਰੁੱਖਾ ਹੇਠ ਰਕਬਾ ਵੀ ਨੇਚਰ ਦੇ ਅਨੁਕੂਲ ਆ ਜਾਵੇਗਾ । ਚੱਠਾ ਨੇ ਕਿਹਾ ਕਿ ਰੁੱਖ ਲੱਗਣ ਨਾਲ ਹੋਰ ਵੀ ਅਨੇਕਾਂ ਫਾਇਦੇ ਹੋਣਗੇ ਪਿੰਡਾ ਵਿੱਚ ਮੱਝਾਂ ,ਗਾਵਾਂ ,ਬੱਕਰੀਆਂ ,ਭੇਡਾਂ ਪਾਲਕਾਂ ਲਈ ਫਿਰ ਤੋਂ ਚਰਾਂਦਾਂ ਮੁੜ ਆਉਣਗੀਆਂ ।ਗਰੀਬ ਲੋਕਾਂ ਨੂੰ ਲੱਕੜ ਬਾਲਣ ਮਿਲਣ ਲੱਗ ਜਾਵੇਗਾ ਬਰਸਾਤਾਂ ਵੱਧਣਗੀਆ ਅਤੇ ਜੀਵ ਜੰਤੂਆਂ ਨੂੰ ਕੁਦਰਤੀ ਰਹਿਣ ਬਸੇਰੇ ਮਿਲਣਗੇ । ਉਂਨਾਂ ਕਿਹਾ ਕਿ ਰੁੱਖ ਕਿਵੇਂ ਲੱਗਣਗੇ ਪੈਸਾ ਕਿੱਥੋਂ ਆਵੇਗਾ ਇਹ ਵੀ ਪਾਲਿਸੀ ਵਿੱਚ ਦੱਸਿਆ ਗਿਆ ਹੈ ਇਹ ਕੰਮ ਮਨਰੇਗਾ ਸਕੀਮ ਤਹਿਤ ਹੋਵੇਗਾ । ਚੱਠਾ ਨੇ ਕਿਹਾ ਕਿ ਮਨਰੇਗਾ ਸਕੀਮ ਵਿੱਚ ਕਾਫ਼ੀ ਬਜਟ ਹੈ ਪੰਚਾਇਤਾਂ ਚਾਹੁਣ ਤਾਂ ਇਹ ਕੰਮ ਬਹੁਤ ਵਧੀਆਂ ਢੰਗ ਨਾਲ ਹੋ ਸਕਦਾ ਹੈ । ਚੱਠਾ ਨੇ ਕਿਹਾ ਕਿ ਪੰਚਾਇਤੀ ਜ਼ਮੀਨਾਂ ਤੇ ਜੰਗਲ਼ਾ ਦੇ ਨਾਲ -ਨਾਲ ਬਾਗਬਾਨੀ ਵੀ ਹੋ ਸਕਦੀ ਹੈ ।ਬਾਗ ਲੱਗਣ ਨਾਲ ਜਿੱਥੇ ਪੰਚਾਇਤਾਂ ਦੀ ਆਮਦਨ ਵਧੇਗੀ ਉੱਥੇ ਹੀ ਪੰਜਾਬ ਵਿੱਚ ਹਰਿਆਲੀ ਵੀ ਆਵੇਗੀ ਅਤੇ ਜੀਵ ਜੰਤੂਆਂ ਦਾ ਵੀ ਭਲਾ ਹੋਵੇਗਾ ਉਨਾ ਨੂੰ ਰਹਿਣ ਲਈ ਥਾਂਵਾਂ ਤੇ ਖਾਣ ਲਈ ਫਲ ਮਿਲਣਗੇ । ਉਂਨਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਪੰਚਾਇਤ ਮੰਤਰੀ ਸ੍ਰ. ਕੁਲਦੀਪ ਸਿੰਘ ਧਾਲੀਵਾਲ ਤੋਂ ਸਰਬੱਤ ਦੇ ਭਲੇ ਲਈ ਗ੍ਰਾਮ ਪੰਚਾਇਤ ਰੁੱਖ ਨੀਤੀ 2017 ਲਾਗੂ ਕਰਨ ਦੀ ਮੰਗ ਕੀਤੀ ਹੈ ।