ਬੰਬੀਹਾ ਗੈਂਗ ਨੇ ਰਚੀ ਲਾਰੈਂਸ ਅਤੇ ਜੱਗੂ ਨੂੰ ਪੁਲਿਸ ਕਸਟਡੀ ਵਿੱਚ ਹੀ ਮਾਰਨ ਦੀ ਸਾਜਿਸ਼
ਪੰਜਾਬ ਵਿੱਚ ਪੈਦਾ ਹੋਇਆ ਵੱਡੀ ਗੈਂਗਵਾਰ ਦਾ ਖਤਰਾ; ਕੇਂਦਰੀ ਏਜੰਸੀਆਂ ਨੇ ਡੀਜੀਪੀ ਨੂੰ ਕੀਤਾ ਅਲਰਟ
ਚੰਡੀਗੜ੍ਹ,24 ਅਗਸਤ(ਵਿਸ਼ਵ ਵਾਰਤਾ)- ਬੰਬੀਹਾ ਗੈਂਗ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਜੱਗੂ ਭਗਵਾਨਪੁਰੀਆ ‘ਤੇ ਅਦਾਲਤ ‘ਚ ਪੇਸ਼ੀ ਦੌਰਾਨ ਹਮਲਾ ਕਰ ਸਕਦਾ ਹੈ।ਜਿਸ ਨੂੰ ਲੈ ਕੇ ਕੇਂਦਰ ਸਰਕਾਰ ਦੀਆਂ ਖੁਫੀਆ ਏਜੰਸੀਆਂ ਨੇ ਇਹ ਗੁਪਤ ਇਨਪੁਟ ਪੰਜਾਬ ਸਰਕਾਰ ਨੂੰ ਭੇਜ ਦਿੱਤਾ ਹੈ। ਜਿਸ ਤੋਂ ਬਾਅਦ ਪੰਜਾਬ ‘ਚ ਵੱਡੀ ਗੈਂਗ ਵਾਰ ਦਾ ਖਤਰਾ ਪੈਦਾ ਹੋ ਗਿਆ ਹੈ। ਜਿਕਰਯੋਗ ਹੈ ਕਿ ਲਾਰੈਂਸ ਅਤੇ ਜੱਗੂ ਭਗਵਾਨਪੁਰੀਆ ਇਸ ਸਮੇਂ ਪੰਜਾਬ ਪੁਲਿਸ ਦੀ ਹਿਰਾਸਤ ਵਿੱਚ ਹਨ। ਉਹਨਾਂ ਤੋਂ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਗੁਪਤ ਸੂਚਨਾ ਤੋਂ ਬਾਅਦ ਪੰਜਾਬ ਪੁਲਿਸ ਦੋਵਾਂ ਗੈਂਗਸਟਰਾਂ ਦੀ ਸੁਰੱਖਿਆ ਨੂੰ ਲੈ ਕੇ ਚੌਕਸ ਹੋ ਗਈ ਹੈ। ਇਸ ਤੋਂ ਪਹਿਲਾਂ ਗੈਂਗਸਟਰ ਸੁੱਖਾ ਕਾਹਲਵਾਂ ਦਾ ਵੀ ਪ੍ਰੋਡਕਸ਼ਨ ਦੌਰਾਨ ਕਤਲ ਹੋ ਚੁੱਕਾ ਹੈ।
ਕੇਂਦਰੀ ਖੁਫੀਆ ਏਜੰਸੀਆਂ ਦੇ ਇਨਪੁਟਸ ਮੁਤਾਬਕ ਬੰਬੀਹਾ ਗਿਰੋਹ ਅਦਾਲਤੀ ਸਟਾਫ ਜਾਂ ਵਕੀਲਾਂ ਦੇ ਭੇਜ ਵਿਚ ਇਸ ਹਮਲੇ ਨੂੰ ਅੰਜਾਮ ਦੇ ਸਕਦਾ ਹੈ। ਬੰਬੀਹਾ ਗੈਂਗ ਦੇ ਸ਼ੂਟਰ ਸਟਾਫ ਮੈਂਬਰ ਜਾਂ ਵਕੀਲ ਬਣ ਕੇ ਲਾਰੇਂਸ ਅਤੇ ਜੱਗੂ ਭਗਵਾਨਪੁਰੀਆ ਨੂੰ ਗੋਲੀ ਮਾਰ ਸਕਦੇ ਹਨ। ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੂੰ ਇਸ ਸਬੰਧੀ ਢੁਕਵੇਂ ਕਦਮ ਚੁੱਕਣ ਲਈ ਕਿਹਾ ਗਿਆ ਹੈ।
ਇਸ ਦੇ ਨਾਲ ਹੀ ਦੱਸ ਦਈਏ ਕਿ ਪਿਛਲੇ ਦਿਨੀਂ ਹੀ ਬੰਬੀਹਾ ਗੈਂਗ ਨੇ ਫੇਸਬੁੱਕ ਤੇ ਪੋਸਟ ਪਾ ਕੇ ਸਿੱਧੂ ਮੂਸੇਵਾਲਾ ਦੀ ਮੌਤ ਦਾ ਬਦਲਾ ਲੈਣ ਲਈ ਲਾਰੈਂਸ਼ ਬਿਸ਼ਨੋਈ ਅਤੇ ਜੱਗੂ ਭਗਵਾਨਪੁਰੀਆ ਤੋਂ ਇਲਾਵਾ ਪੰਜਾਬੀ ਗਾਇਕ ਮਨਕੀਰਤ ਔਲਖ ਨੂੰ ਵੀ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ।
![](https://punjabi.wishavwarta.in/wp-content/uploads/2022/08/841b5b2e-b22d-4b22-b815-c02a9eaafabe.jpg)