ਪੰਜਾਬ ਵਿੱਚ ਕਾਂਗਰਸ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੀ- 7 ਸੀਟਾਂ ਜਿੱਤੀਆਂ
‘ਆਪ’ ਦੇ 4 ਮੰਤਰੀ ਹਾਰੇ, ਸਿਰਫ਼ ਮੀਤ ਹੇਅਰ ਜਿੱਤੇ
ਆਜ਼ਾਦ ਉਮੀਦਵਾਰ ਅੰਮ੍ਰਿਤਪਾਲ ਦੀ ਵੱਡੀ ਜਿੱਤ
ਪੜ੍ਹੋ, ਕਿਸਨੇ ਕਿਸਨੂੰ ਕਿੱਥੋਂ ਹਰਾਇਆ
ਚੰਡੀਗੜ੍ਹ, 5ਜੂਨ(ਵਿਸ਼ਵ ਵਾਰਤਾ)- ਲੋਕ ਸਭਾ ਚੋਣਾਂ ਦੇ ਨਤੀਜਿਆਂ ਵਿਚ ਕਾਂਗਰਸ ਪਾਰਟੀ ਪੰਜਾਬ ਵਿਚ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੀ ਹੈ। ਇੱਥੇ ਕਾਂਗਰਸ ਨੇ 7 ਸੀਟਾਂ ਜਿੱਤੀਆਂ ਹਨ। ਲੁਧਿਆਣਾ ਸੀਟ ਤੋਂ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਗੁਰਦਾਸਪੁਰ ਸੀਟ ਤੋਂ ਸੁਖਜਿੰਦਰ ਸਿੰਘ ਰੰਧਾਵਾ,ਫਤਿਹਗੜ੍ਹ ਸਾਹਿਬ ਸੀਟ ਤੋਂ ਡਾ.ਅਮਰ ਸਿੰਘ ਅਤੇ ਅੰਮ੍ਰਿਤਸਰ ਤੋਂ ਗੁਰਜੀਤ ਸਿੰਘ ਔਜਲਾ ਨੇ ਜਿੱਤ ਦਰਜ ਕੀਤੀ ਹੈ। ਇਹਨਾਂ ਸੀਟਾਂ ਤੋਂ ਇਲਾਵਾ ਤਿੰਨ ਹੋਰ ਸੀਟਾਂ ਤੇ ਰੋਮਾਂਚਕ ਮੁਕਾਬਲਾ ਦੇਖਣ ਨੂੰ ਮਿਲਿਆ। ਜਿਸ ਵਿੱਚ ਪਟਿਆਲਾ ਸੀਟ, ਜਲੰਧਰ ਤੇ ਫਿਰੋਜ਼ਪੁਰ ਸੀਟ ਸ਼ਾਮਲ ਹਨ। ਇਹਨਾਂ ਸੀਟਾਂ ਤੇ ਕਾਂਗਰਸ ਨੇ ਸ਼ਾਨਦਾਰ ਜਿੱਤ ਦਰਜ ਕੀਤੀ ਹੈ। ਜਲੰਧਰ ਸੀਟ ਤੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੱਡੀ ਜਿੱਤ ਹਾਸਲ ਕੀਤੀ। ਪਟਿਆਲਾ ਤੋਂ ਡਾ.ਧਰਮਵੀਰ ਗਾਂਧੀ ਜਿੱਤੇ, ਉਹਨਾਂ ਨੇ ਬੀਜੇਪੀ ਉਮੀਦਵਾਰ ਪ੍ਰਨੀਤ ਕੌਰ ਤੇ ਆਪ ਉਮੀਦਵਾਰ ਡਾ.ਬਲਵੀਰ ਸਿੰਘ ਨੂੰ ਹਰਾਇਆ। ਗੱਲ ਕਰੀਏ ਫਿਰੋਜ਼ਪੁਰ ਸੀਟ ਦੀ ਤਾਂ ਇੱਥੋਂ ਕਾਂਗਰਸੀ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਨੇ ਸ਼ਾਨਦਾਰ ਜਿੱਤ ਦਰਜ ਕੀਤੀ, ਉਹਨਾਂ ਨੇ ਆਪ ਉਮੀਦਵਾਰ ਜਗਦੀਪ ਸਿੰਘ ਕਾਕਾ ਬਰਾੜ ਨੂੰ ਹਰਾਇਆ।
ਇਸ ਤੋਂ ਇਲਾਵਾ ਆਮ ਆਦਮੀ ਪਾਰਟੀ (ਆਪ) ਨੇ 3, ਸ਼੍ਰੋਮਣੀ ਅਕਾਲੀ ਦਲ ਨੇ 1 ਅਤੇ ਆਜ਼ਾਦ ਉਮੀਦਵਾਰ 2 ਸੀਟਾਂ ਤੋਂ ਜਿੱਤੇ ਹਨ। ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਦੀ ਤਾਂ ਅਕਾਲੀ ਦਲ ਨੇ ਬਠਿੰਡਾ ਸੀਟ ਤੇ ਜਿੱਤ ਦਰਜ ਕੀਤੀ ਹੈ। ਜਿੱਥੇ ਅਕਾਲੀ ਦਲ ਉਮੀਦਵਾਰ ਹਰਸਿਮਰਤ ਕੌਰ ਬਾਦਲ ਨੇ ਆਪ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਨੂੰ ਹਰਾਇਆ।
‘ਆਪ¹ ਨੇ ਪੰਜ ਮੰਤਰੀ ਚੋਣ ਮੈਦਾਨ ਵਿੱਚ ਉਤਾਰੇ ਸਨ ਜਿਨ੍ਹਾਂ ਵਿੱਚੋਂ 4 ਮੰਤਰੀ ਚੋਣ ਹਾਰ ਗਏ ਅਤੇ ਸੰਗਰੂਰ ਸੀਟ ਤੋਂ ਸਿਰਫ਼ ‘ਆਪ’ ਉਮੀਦਵਾਰ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਹੀ ਚੋਣ ਜਿੱਤ ਸਕੇ । ਉਹਨਾਂ ਕਾਂਗਰਸੀ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਨੂੰ ਹਰਾਇਆ। ਉਹਨਾਂ ਤੋਂ ਇਲਾਵਾ ਆਪ ਉਮੀਦਵਾਰ ਮਾਲਵਿੰਦਰ ਸਿੰਘ ਕੰਗ ਅਨੰਦਪੁਰ ਸੀਟ ਤੋਂ ਜਿੱਤੇ ਹਨ। ਹੁਸ਼ਿਆਰਪੁਰ ਸੀਟ ਤੋਂ ਰਾਜਕੁਮਾਰ ਚੱਬੇਵਾਲ ਨੇ ਜਿੱਤ ਦਰਜ ਕੀਤੀ।
ਇਸ ਤੋਂ ਇਲਾਵਾ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਖਾਲਿਸਤਾਨ ਸਮਰਥਕ ਅੰਮ੍ਰਿਤਪਾਲ ਸਿੰਘ ਨੇ ਖਡੂਰ ਸਾਹਿਬ ਸੀਟ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਕੇ ਪੰਜਾਬ ਵਿੱਚ ਸਭ ਤੋਂ ਵੱਡੀ ਜਿੱਤ ਦਰਜ ਕੀਤੀ ਹੈ। ਅੰਮ੍ਰਿਤਪਾਲ ਤੋਂ ਇਲਾਵਾ ਫਰੀਦਕੋਟ ਸੀਟ ਤੇ ਆਜ਼ਾਦ ਉਮੀਦਵਾਰ ਸਰਬਜੀਤ ਸਿੰਘ ਖਾਲਸਾ ਨੇ ਜਿੱਤ ਦਰਜ ਕੀਤੀ, ਉਹਨਾਂ ਨੇ ਪੰਜਾਬੀ ਅਦਾਕਾਰ ਕਰਮਜੀਤ ਅਨਮੋਲ ਨੂੰ ਹਰਾਇਆ।