ਪੰਜਾਬ ਵਿੱਚ ਕਾਂਗਰਸ ਨੂੰ ਇੱਕ ਹੋਰ ਵੱਡਾ ਝਟਕਾ
ਸਾਬਕਾ ਖ਼ਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੇ ਫੜ੍ਹਿਆ ਭਾਜਪਾ ਦਾ ਪੱਲਾ
ਚੰਡੀਗੜ੍ਹ 18 ਜਨਵਰੀ(ਵਿਸ਼ਵ ਵਾਰਤਾ)-2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਵਿੱਚ ਕਾਂਗਰਸ ਪਾਰਟੀ ਨੂੰ ਇੱਕ ਵੱਡਾ ਝਟਕਾ ਲੱਗਾ ਹੈ।ਪੰਜਾਬ ਦੇ ਸਾਬਕਾ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਾਂਗਰਸ ਤੋਂ ਅਸਤੀਫਾ ਦੇ ਦਿੱਤਾ ਅਤੇ ਇਸਤੋਂ ਬਾਅਦ ਦਿੱਲੀ ਵਿਖੇ ਭਾਰਤੀ ਜਨਤਾ ਪਾਰਟੀ ਹੈੱਡਕੁਆਰਟਰ ਵਿੱਚ ਭਾਜਪਾ ਦਾ ਪੱਲਾ ਫੜ ਲਿਆ। ਦੱਸ ਦਈਏ ਕਿ ਮਨਪ੍ਰੀਤ ਬਾਦਲ ਦਾ ਸਿਆਸੀ ਸਫਰ 1995 ਵਿੱਚ ਸ਼ੁਰੂ ਹੋਇਆ ਜਦੋਂ ਮਨਪ੍ਰੀਤ ਨੇ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਤੋਂ ਗਿੱਦੜਬਾਹਾ ਤੋਂ ਪੰਜਾਬ ਵਿਧਾਨ ਸਭਾ ਦੀ ਚੋਣ ਲੜੀ, ਜਿਸ ਵਿੱਚ ਉਹ ਕਾਮਯਾਬ ਰਹੇ। 1997, 2002 ਅਤੇ 2007 ਵਿੱਚ ਉਹ ਫੇਰ ਜੇਤੂ ਰਹੇ। 2007 ਵਿੱਚ ਪ੍ਰਕਾਸ਼ ਸਿੰਘ ਬਾਦਲ ਨੇ ਮਨਪ੍ਰੀਤ ਨੂੰ ਖ਼ਜ਼ਾਨਾ ਮੰਤਰੀ ਦਾ ਅਹੁਦਾ ਦਿੱਤਾ, ਪਰ ਅਕਤੂਬਰ 2010 ਵਿੱਚ ਆਪਸੀ ਮਤਭੇਦ ਦੇ ਕਾਰਨ ਮਨਪ੍ਰੀਤ ਨੂੰ ਵਜ਼ਾਰਤ ਤੋਂ ਖ਼ਾਰਜ ਕਰ ਦਿੱਤਾ ਗਿਆ ਸੀ। ਇਸ ਦੇ ਨਾਲ ਹੀ ਦੱਸ ਦਈਏ ਇਸ ਤੋਂ ਬਾਅਦ ਉਹਨਾਂ ਨੇ ਆਪਣੀ ਪਾਰਟੀ ਪੀਪਲਜ਼ ਪਾਰਟੀ ਆਫ਼ ਪੰਜਾਬ (ਪੀ.ਪੀ.ਪੀ.) ਦਾ ਗਠਨ ਵੀ ਕੀਤਾ ਸੀ। 2016 ਵਿੱਚ ਉਹਨਾਂ ਨੇ ਆਪਣੀ ਪਾਰਟੀ ਨੂੰ ਕਾਂਗਰਸ ਵਿੱਚ ਸ਼ਾਮਿਲ ਕਰ ਲਿਆ ਸੀ। ਜਿਸ ਤੋਂ ਬਾਅਦ ਕੈਪਟਨ ਸਰਕਾਰ ਵਿੱਚ ਉਹਨਾਂ ਨੂੰ ਇੱਕ ਵਾਰ ਫਿਰ ਤੋਂ ਖ਼ਜ਼ਾਨਾ ਮੰਤਰੀ ਬਣਾਇਆ ਗਿਆ ਸੀ।