ਪੰਜਾਬ ਵਿਧਾਨ ਸਭਾ ਬਜਟ ਇਜਲਾਸ
ਪੰਜਵੇਂ ਦਿਨ ਦਿੱਲੀ ਏਅਰਪੋਰਟ ਤੱਕ ਸ਼ੁਰੂ ਕੀਤੀ ਬੱਸ ਸੇਵਾ ਦਾ ਮੁੱਦਾ ਸਦਨ ਵਿੱਚ ਗੂੰਜਿਆ
ਮੌਜੂਦਾ ਅਤੇ ਸਾਬਕਾ ਟਰਾਂਸਪੋਰਟ ਮੰਤਰੀ ਹੋਏ ਆਹਮੋ ਸਾਹਮਣੇ
ਦੇਖੋ ਵਿਧਾਨ ਸਭਾ ਦੀ ਲਾਈਵ ਵੀਡੀਓ
ਚੰਡੀਗੜ,29 ਜੂਨ(ਵਿਸ਼ਵ ਵਾਰਤਾ)-ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੇ ਪੰਜਵੇਂ ਦਿਨ ਦੀ ਸ਼ੁਰੂ ਹੋ ਗਈ ਹੈ। ਪ੍ਰਸ਼ਨ ਕਾਲ ਦੌਰਾਨ ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਨੇ ਕਿਹਾ ਕਿ ਅਸੀਂ ਪੰਜਾਬ ਤੋਂ ਦਿੱਲੀ ਏਅਰਪੋਰਟ ਲਈ ਬੱਸਾਂ ਸ਼ੁਰੂ ਕੀਤੀਆਂ ਹਨ। ਇਸ ‘ਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾ ਨੇ ਕਿਹਾ ਕਿ ਪਹਿਲਾਂ ਉਨ੍ਹਾਂ ਦੀ ਆਪਣੀ ਦਿੱਲੀ ਸਰਕਾਰ ਨੇ ਹੀ ਬੱਸਾਂ ਨਹੀਂ ਚੱਲਣ ਦਿੱਤੀਆਂ। ਇਸ ਕਾਰਨ ਪੰਜਾਬ ਨੂੰ 25 ਕਰੋੜ ਦਾ ਨੁਕਸਾਨ ਹੋਇਆ ਹੈ। ਇਸ ਦੇ ਨਾਲ ਹੀ ਪੰਜਾਬੀਆਂ ਨੂੰ ਮਹਿੰਗਾ ਕਿਰਾਇਆ ਦੇਣ ਕਾਰਨ 75 ਤੋਂ 80 ਕਰੋੜ ਦਾ ਨੁਕਸਾਨ ਹੋਇਆ ਹੈ। ਜਿਸ ਤੋਂ ਬਾਅਦ ਸਾਬਕਾ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ‘ਚ ਦਿੱਲੀ ਨੂੰ 13 ਚਿੱਠੀਆਂ ਲਿਖੀਆਂ ਗਈਆਂ ਸਨ। ਏਅਰਪੋਰਟ ਅਥਾਰਟੀ ਨੂੰ ਪੱਤਰ ਵੀ ਲਿਖਿਆ ਗਿਆ ਸੀ। ਕੇਂਦਰੀ ਹਵਾਬਾਜ਼ੀ ਮੰਤਰੀ ਜੋਤੀਰਾਦਿੱਤਿਆ ਸਿੰਧੀਆ ਨੇ ਕਿਹਾ ਕਿ ਜੇਕਰ ਦਿੱਲੀ ਸਰਕਾਰ ਚਾਹੇ ਤਾਂ ਬੱਸਾਂ ਚਲਾਈਆਂ ਜਾ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਮੰਤਰੀ ਸੁਪਰੀਮ ਕੋਰਟ ਦੇ ਹੁਕਮਾਂ ਜਾਂ ਹੋਰ ਪਾਬੰਦੀਆਂ ਦਾ ਰਿਕਾਰਡ ਦੇ ਸਕਦੇ ਹਨ ਜਿਸ ਦੀ ਉਹ ਗੱਲ ਕਰ ਰਹੇ ਹਨ।
ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਨੇ ਕਿਹਾ ਕਿ ਪਿਛਲੀ ਸਰਕਾਰ ਨੇ ਨਾ ਤਾਂ ਦਿੱਲੀ ਸਰਕਾਰ ਤੋਂ ਪਰਮਿਟ ਲਏ ਸਨ। ਨਾ ਹੀ ਰੂਟ ਵਧਾਉਣ ਦੀ ਮਨਜ਼ੂਰੀ ਲਈ ਗਈ। ਉਨ੍ਹਾਂ ਉਲਟਾ ਸਵਾਲ ਕੀਤਾ ਕਿ ਉਹ ਪ੍ਰਾਈਵੇਟ ਬੱਸਾਂ ਕਿੱਥੇ ਹਨ ਜਿਨ੍ਹਾਂ ਨੂੰ ਰਾਜਾ ਵੜਿੰਗ ਨੇ ਪੱਕੇ ਤੌਰ ‘ਤੇ ਬੰਦ ਕਰਨ ਲਈ ਕਿਹਾ ਸੀ? ਇਸ ਨੂੰ ਲੈ ਕੇ ਸਦਨ ਵਿੱਚ ਕਾਫੀ ਹੰਗਾਮਾ ਹੋਇਆ।